ਗੁਰੂ ਸਾਹਿਬ ਦੀ ਬੇਅਦਬੀ ਸਿੱਖ ਲਈ ਅਸਹਿ ਪੀੜ ਹੈ। ਇਸ ਪੀੜ ਨਾਲ ਵਲੂੰਧਰਿਆ ਸਿੱਖ ਮਨ ਲਾਵੇ ਦੇ ਉਝਾਲ ਵਾਙ ਪਰਗਟ ਹੁੰਦਾ ਹੈ। ਇਸ ਸਮੁੱਚੀ ਹਾਲਤ ਨੂੰ ਸਿੱਖਾਂ ਦੀ ਅੰਦਰੂਨੀ ਅਤੇ ਬਾਹਰੀ ਹਾਲਤ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਸਿੱਖ ਸਮਾਜ ਦੇ ਅੰਦਰੂਨੀ ਅਤੇ ਬਾਹਰੀ ਹਾਲਾਤ ਮੁਤਾਬਕ ਮੁੜ ਲੀਹਾਂ-ਤਰਜੀਹਾਂ ਤੇ ਰਣਨੀਤੀ ਵਿਚਾਰਨ ਤੇ ਵਿਓਂਤਣ ਦੀ ਲੋੜ ਹੈ ਤਾਂ ਹੀ ਇਨ੍ਹਾਂ ਮਾਮਲਿਆਂ ਬਾਰੇ ਕੋਈ ਠੋਸ ਤੇ ਕਾਰਗਰ ਕਦਮ ਚੁੱਕੇ ਜਾ ਸਕਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਦੇ ਪ੍ਰਬੰਧ ਹੇਠਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਅਹੁੱਦਾ ਸੰਭਾਲਣ ਮੌਕੇ ਜਿਥੇ ਸਾਲ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇ ਮਾਮਲੇ ਵਿੱਚ ਸੰਗਤੀ ਰੋਹ ਤੇ ਰੋਸ ਦਾ ਸ਼ਿਕਾਰ ਹੋਏ ਗਿਆਨੀ ਗੁਰਬਚਨ ਸਿੰਘ ਹਾਜਰ ਸਨ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੀ ਮੌਜੂਦ ਸਨ।
ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ‘ਨਿੱਜੀ ਸਹਾਇਕ’ (ਪਰਸਨਲ ਅਸਿਸਟੈਂਟ) ਹਿੰਮਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਤੋਂ ਮੁੱਕਰਨ ਦਾ ਐਲਾਨ ਕਰ ਦਿੱਤਾ। ‘ਦਾ ਟ੍ਰਿਿਬਊਨ’ ਅਖਬਾਰ ਨੇ ਹਿੰਮਤ ਸਿੰਘ ਨਾਲ ਗੱਲਬਾਤ ਦਾ ਇਕ ਨਿੱਕਾ ਜਿਹਾ ਟੋਟਾ ਯੂ-ਟਿਊਬ ਨਾਮੀ ਮੱਕੜਤੰਦ (ਵੈਬਸਾਈਟ) ਉੱਤੇ ਪਾਇਆ ਹੈ। ਇਸ ਗੱਲਬਾਤ ਵਿੱਚ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਬਾਰੇ ‘ਅਣਜਾਣਤਾ’ ਪਰਗਟਾਈ ਹੈ ਅਤੇ ਦੋਸ਼ ਲਾਇਆ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ (ਰਿਟਾ.) ਰਣਜੀਤ ਸਿੰਘ ਨੇ ਉਸ ਤੇ ਦਬਾਅ ਪਾ ਕੇ ਉਸ ਕੋਲੋਂ ਕੁਝ ਦਸਤਾਵੇਜ਼ਾਂ ਉੱਤੇ ਦਸਤਖਤ ਕਰਵਾਏ ਸਨ।