ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿੱ.ਸਿ.ਗੁ.ਪ੍ਰ.ਕ) ਨੇ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਜ਼ਿਲ੍ਹੇ ਵਿਚ ਵਾਪਰੀ ਉਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਜਿਥੇ ਪੀਣ ਅਤੇ ਸਿੰਜਾਈ ਵਾਸਤੇ ਪਾਣੀ ਪ੍ਰਾਪਤ ਕਰਨ ਲਈ ਸਿੱਖਾਂ 'ਤੇ ਨਾ ਪ੍ਰਵਾਨਯੋਗ ਸ਼ਰਤਾਂ ਲਗਾਈਆਂ ਗਈਆਂ ਅਤੇ ਕਮੇਟੀ ਨੇ ਰਾਜ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਸੰਵਿਧਾਨਕ ਵਿਵਸਥਾ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਕੇਸ ਦਰਜ ਕਰ ਕੇ ਉਹਨਾਂ ਨੂੰ ਸ਼ਜਾਵਾਂ ਦਿੱਤੀਆਂ ਜਾਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਸੂਬੇ ਅੰਦਰ ਵੱਸਦੇ ਸਿਕਲੀਗਰ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰ ਤੇ ਉਨ੍ਹਾਂ ਨੂੰ ਧਰਮ ਤਬਦੀਲ ਕਰਨ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਸਿਕਲੀਗਰ ਸਿੱਖ ‘ਸਿੱਖ ਸਮਾਜ’ ਦਾ ਅਹਿਮ ਅੰਗ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਦੀ ਮਦਦ ਲਈ ਵਚਨਬੱਧ ਹੈ।