ਪੰਜਾਬ ਫੋਰਮ ਦੇ ਬੁੱਧੀਜੀਵੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ “ਬਾਦਲ ਪਰਿਵਾਰ ਦੀ ਇਹ ਸਿਆਸੀ ਸਾਜ਼ਿਸ਼ ਸਿੱਖਾਂ ਦੀਆਂ ਮਹਾਨ ਪ੍ਰੰਪਰਾਵਾਂ ਨਾਲ ਇਕ ਹੋਰ ਖਿਲਵਾੜ ਹੈ। ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਹੀ ਸਿੱਖ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਹ ਆਪਣੇ ਸਿਆਸੀ ਕਾਰੋਬਾਰ ਲਈ ਸਿੱਖ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਦੀ ਵਾਰ ਵਾਰ ਉਲੰਘਣਾ ਕਰਦਾ ਰਹਿੰਦਾ ਹੈ। ਇਹ ਕਦਮ ਵੀ ਇਸ ਲੜੀ ਦਾ ਹੀ ਇਕ ਹਿੱਸਾ ਹੈ।
ਬਾਦਲ ਦਲ ਵਲੋਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਲੈਣ ਦਾ ਮੁੱਦਾ ਭਖ ਗਿਆ ਹੈ। ਵੀਰਵਾਰ ਨੂੰ ਕਈ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਬਾਦਲ ਵਲੋਂ ਡੇਰੇ ਤੋਂ ਹਮਾਇਤ ਲੈਣ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਦਲ ਬਾਦਲ ਦਾ ਸਿਆਸੀ ਅਤੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਚੋਣਾਂ ਵਿਚ ਅਕਾਲੀ ਦਲ ਬਾਦਲ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਵੱਖ-ਵੱਖ ਹਲਕਿਆਂ ਵਿਚ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਬਾਦਲ ਦਲ ਦੇ ਉਮੀਦਵਾਰ ਨੂੰ ਹਰਾਉਣ ਦੇ ਸਮਰੱਥ ਜਾਪੇ, ਉਸ ਨੂੰ ਵੋਟਾਂ ਪਾਈਆਂ ਜਾਣ।