ਕਰਨਾਟਕ ਦੀ ਉੱਚ ਅਦਾਲਤ ਨੇ ਰਾਜ ਸਰਕਾਰ ਦੇ ਉਸ ਕਦਮ ਨੂੰ 'ਕਮਲਪੁਣਾ' ਕਿਹਾ ਹੈ ਜਿਸ ਵਿਚ ਉਸ ਨੇ ਤਨਖਾਹ ਵਧਾਉਣ ਲਈ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਪ੍ਰਦਰਸ਼ਨ ਬਦਲੇ 'ਦੇਸ਼ਧ੍ਰੋਹ' ਦਾ ਮਾਮਲਾ ਦਰਜ ਕੀਤਾ ਹੈ।
ਹਿੰਦੂਵਾਦੀ ਜਥੇਬੰਦੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਮੰਗ ਕੀਤੀ ਹੈ ਕਿ ਐਮਨੈਸਟੀ ਇੰਟਰਨੈਸ਼ਨਲ 'ਤੇ ਪਾਬੰਦੀ ਲਾਈ ਜਾਵੇ। ਜ਼ਿਕਰਯੋਗ ਹੈ ਕਿ ਐਮਨਸਟੀ ਇੰਟਰਨੈਸ਼ਨਲ ਨੇ ਕਸ਼ਮੀਰੀ ਪੰਡਤਾਂ ਅਤੇ ਹੋਰ ਕਸ਼ਮੀਰੀ ਪਰਿਵਾਰਾਂ ਨੂੰ ਲੈ ਕੇ ਬੈਂਗਲੁਰੂ ਵਿਚ "ਬ੍ਰੋਕਨ ਫੈਮੀਲੀਜ਼" (ਟੁੱਟੇ ਪਰਿਵਾਰ) ਨਾਂ ਦਾ ਪ੍ਰੋਗਰਾਮ ਕਰਵਾਇਆ ਸੀ।
ਬੰਗਲੌਰ ਪੁਲਿਸ ਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਉਸਦੇ ਸੈਮੀਨਾਰ ਵਿਚ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ABVP) ਦੇ ਕਾਰਜਕਰਤਾਵਾਂ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕੀਤੀ। ਸ਼ਿਕਾਇਤ ਵਿਚ "ਬ੍ਰੋਕਮ ਫੈਮਿਲੀਜ਼" ਨਾਂ ਦੇ ਰੱਖੇ ਗਏ ਸੈਮੀਨਾਰ ਦੇ ਪ੍ਰਬੰਧਕਾਂ ਅਤੇ ਭਾਗ ਲੈਣ ਵਾਲਿਆਂ 'ਤੇ ਦੇਸ਼ਧ੍ਰੋਹ ਦੇ ਨਾਅਰੇ ਲਾਉਣ ਦਾ ਦੋਸ਼ ਲਾਇਆ ਗਿਆ ਹੈ।