ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਪੰਜਾਬ ਨੇ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਡੇਰਾ ਸਿਰਸਾ ਤੋਂ ਸਮਰਥਨ ਲੈਣ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਫੈਸਲੇ ਨੂੰ ਸਿੱਖ ਕੌਮ ਨਾਲ ਧ੍ਰੋਹ ਕਰਾਰ ਦਿੱਤਾ ਹੈ। ਸਭਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਿੱਖ ਪੰਥ ਦੇ ਦੋਖੀਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਵੋਟ ਸ਼ਕਤੀ ਨਾਲ ਸਬਕ ਸਿਖਾਉਣ ਦਾ ਸੱਦਾ ਦਿੱਤਾ ਹੈ।
ਭਾਈ ਸਤਨਾਮ ਸਿੰਘ ਅਤੇ ਸਾਥੀ ਸਿੰਘਾਂ ਵਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਵਿਵਾਦਤ ਡੇਰਾ ਸਿਰਸਾ ਨਾਲ ਹੱਥ ਮਿਲਾਉਣ ਦੀ ਸਖਤ ਨਿੰਦਾ ਕੀਤੀ ਗਈ ਹੈ।
ਬਾਦਲ ਦਲ ਵਲੋਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਲੈਣ ਦਾ ਮੁੱਦਾ ਭਖ ਗਿਆ ਹੈ। ਵੀਰਵਾਰ ਨੂੰ ਕਈ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਬਾਦਲ ਵਲੋਂ ਡੇਰੇ ਤੋਂ ਹਮਾਇਤ ਲੈਣ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਦਲ ਬਾਦਲ ਦਾ ਸਿਆਸੀ ਅਤੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਚੋਣਾਂ ਵਿਚ ਅਕਾਲੀ ਦਲ ਬਾਦਲ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਵੱਖ-ਵੱਖ ਹਲਕਿਆਂ ਵਿਚ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਬਾਦਲ ਦਲ ਦੇ ਉਮੀਦਵਾਰ ਨੂੰ ਹਰਾਉਣ ਦੇ ਸਮਰੱਥ ਜਾਪੇ, ਉਸ ਨੂੰ ਵੋਟਾਂ ਪਾਈਆਂ ਜਾਣ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਹਾਸਲ ਕਰਨ ਵਾਲੇ ਬਾਦਲ ਦਲ ਲਈ ਇਹ ਪਾਸਾ ਉਲਟਾ ਵੀ ਪੈ ਸਕਦਾ ਹੈ। ਇਸ ਸਮਰਥਨ ਤੋਂ ਬਾਅਦ ਡੇਰਾ ਵਿਰੋਧੀ ਸਿੱਖ ਵੋਟ ਬਾਦਲ ਦਲ ਤੋਂ ਵੱਖ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਬਾਦਲ ਦਲ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਕਰੀਬ 117 ਨੋਟਿਸ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਸੱਤਾਧਾਰੀ ਬਾਦਲ ਦਲ ਨੂੰ ਸਭ ਤੋਂ ਵੱਧ ਨੋਟਿਸ ਜਾਰੀ ਹੋਏ ਹਨ। ਇਸ ਗੱਲ ਦਾ ਖੁਲਾਸਾ ਕਰਦਿਆਂ ਮੁਹਾਲੀ ਦੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਅਕਾਲੀ ਦਲ ਬਾਦਲ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ 21 ਤੇ ਚੋਣ ਪ੍ਰਚਾਰ ’ਤੇ ਖਰਚਾ ਕਰਨ ਸਬੰਧੀ ਸਮੇਂ ਸਿਰ ਹਿਸਾਬ ਨਾ ਦੇਣ ਦੇ ਦੋਸ਼ ਵਿੱਚ 16 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਡੇਰਾ ਸਿਰਸਾ ਦੀ ਸਭਾ 'ਚ ਜਾ ਕੇ "ਅਕਾਲੀ ਆਗੂਆਂ" ਵਲੋਂ ਪੰਜਾਬ ਅੰਦਰ ਡੇਰਾ ਮੁਖੀ ਦੇ ਸਮਾਗਮ ਸ਼ੁਰੂ ਕਰਵਾਉਣ ਸਬੰਧੀ ਕੀਤੇ ਵਾਅਦੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ 'ਚ ਡੇਰਾ ਸਿਰਸਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਤੇ ਸਮਰਥਨ 'ਤੇ ਅਖੰਡ ਕੀਰਤਨੀ ਜਥੇ ਨੇ ਸਖ਼ਤ ਪ੍ਰਤੀਕਰਮ ਦਿੱਤਾ ਹੈ।
ਚੋਣ ਕਮਿਸ਼ਨ ਨੇ ਉਨ੍ਹਾਂ ਲੋਕਾਂ ਨੂੰ ਅੱਜ ਸ਼ਾਮ ਪੰਜ ਵਜੇ ਤੱਕ ਪੰਜਾਬ ਤੋਂ ਬਾਹਰ ਜਾਣ ਦੇ ਹੁਕਮ ਦੇ ਦਿੱਤੇ ਹਨ ਜਿਨ੍ਹਾਂ ਦੀ ਪੰਜਾਬ ਵਿੱਚ ਵੋਟ ਨਹੀਂ। ਚੋਣ ਕਮਿਸ਼ਨ ਦਾ ਇਹ ਹੁਕਮ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ ਲਾਗੂ ਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਸਵਾਲ ਚੁੱਕਦਿਆਂ ਸਿੱਖਾਂ ਨੂੰ ਬਾਦਲ ਦਲ ਦੇ ਸਮੂਹਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਬੋਪਾਰਾਏ ਵਿਖੇ ਬੀਤੀ ਰਾਤ ਵੋਟਰਾਂ ਨੂੰ ਪੈਸੇ ਵੰਡ ਰਹੇ ਬਾਦਲ ਦਲ ਦੇ ਆਗੂਆਂ ਨੂੰ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਬੋਪਾਰਾਏ ਵੱਲੋਂ ਰੋਕਣ 'ਤੇ ਗੁੱਸੇ 'ਚ ਆਏ ਬਾਦਲ ਦਲ ਦੇ ਆਗੂਆਂ ਨੇ ਅੱਜ ਸਵੇਰੇ ਹਰਜਿੰਦਰ ਸਿੰਘ ਦੇ ਘਰ 'ਤੇ ਹਮਲਾ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਗੁੱਟ ਵੱਢ ਦਿੱਤਾ ਤੇ ਇਕ ਹੋਰ ਸ਼ਖਸ ਦੀਆਂ ਉਂਗਲਾਂ ਵੱਢ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਪੱਟੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰਨਾ ਪਿਆ।
ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਸ਼ਿਆਰ ਕੀਤਾ ਹੈ ਕਿ ਉਹ ਬਾਦਲ ਦਲ ਦੇ ਆਗੂਆਂ ਵਲੋਂ ਆਪਣੇ ਆਪ ਨੂੰ ਆਈ.ਐਸ.ਆਈ. ਏਜੰਟ ਕਹਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ। ਜ਼ਿਕਰਯੋਗ ਹੈ ਕਿ ਬਾਦਲ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਰਵਿੰਦ ਕੇਜਰੀਵਾਲ ਨੂੰ ਸੀ.ਆਈ.ਏ. ਏਜੰਟ ਕਿਹਾ ਹੈ।
« Previous Page — Next Page »