ਪੰਜਾਬ ਵਿਧਾਨ ਸਭਾ ਚੋਣਾਂ ਲਈ ਗਿਣਤੀ 11 ਮਾਰਚ, 2017 ਨੂੰ ਮੁਕੰਮਲ ਹੋ ਗਈ। ਕਾਂਗਰਸ ਨੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ 117 ਵਿਚੋਂ 77 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ ਨੇ ਉਮੀਦ ਤੋਂ ਘੱਟ 20 ਸੀਟਾਂ ਹੀ ਜਿੱਤੀਆਂ। 10 ਸਾਲ ਪੰਜਾਬ ਦੀ ਸੱਤਾ 'ਚ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 15 ਸੀਟਾਂ ਜਿੱਤੀਆਂ। ਹਾਲਾਂਕਿ ਸਿਆਸੀ ਮਾਹਰਾਂ ਬਾਦਲ ਦਲ ਨੂੰ 5-7 ਸੀਟਾਂ ਹੀ ਦੇ ਰਹੇ ਸਨ।
ਪੰਜਾਬ ਵਿਧਾਨ ਸਭਾ ਚੋਣਾਂ ਲਈ 4 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 11 ਮਾਰਚ (ਸ਼ਨੀਵਾਰ) ਨੂੰ ਪੂਰੀ ਹੋ ਗਈ। 117 ਵਿਧਾਨ ਸਭਾ ਸੀਟਾਂ ਵਿਚੋਂ 77 ਸੀਟਾਂ ਜਿੱਤ ਕੇ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ-ਲੋਕ ਇਨਸਾਫ ਪਾਰਟੀ ਗਠਜੋੜ 22 ਸੀਟਾਂ ਅਤੇ ਬਾਦਲ-ਭਾਜਪਾ ਗਠਜੋੜ 18 ਸੀਟਾਂ 'ਤੇ ਹੀ ਜਿੱਤ ਪ੍ਰਾਪਤ ਕਰ ਸਕਿਆ।
ਆਮ ਆਦਮੀ ਪਾਰਟੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਜਨਤਾ ਵਲੋਂ ਦਿੱਤੇ ਫਤਵੇ ਦਾ ਸਨਮਾਨ ਕਰਦੀ ਹੈ ਅਤੇ ਕਿਹਾ ਕਿ ਲੋਕਤੰਤਰ ਵਿਚ ਜਨਤਾ ਦਾ ਫੈਸਲਾ ਸਰਵ ਉੱਚ ਹੈ ਅਤੇ ਆਮ ਆਦਮੀ ਪਾਰਟੀ ਇਸਨੂੰ ਖਿੜੇ ਮੱਥੇ ਸਵੀਕਾਰ ਕਰਦੀ ਹੈ।
ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਕੇ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਅਤੇ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ 'ਚ ਕਰਵਾਉਣ ਦਾ ਐਲਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੰਡੋਆ ਨੇ ਰੂਪਨਗਰ (ਰੋਪੜ) ਤੋਂ ਚੋਣ ਜਿੱਤ ਲਈ ਹੈ। ਉਨ੍ਹਾਂ ਆਪਣੇ ਕਰੀਬੀ ਉਮੀਦਵਾਰ ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 23 ਹਜ਼ਾਰ ਵੋਟਾਂ ਤੋਂ ਹਰਾਇਆ। 'ਆਪ' ਦੇ ਅਮਰਜੀਤ ਸਿੰਘ ਸੰਡੋਆ ਨੂੰ 58994 ਵੋਟਾਂ ਮਿਲੀਆਂ, ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 35287, ਬਾਦਲ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੂੰ 31903 ਵੋਟਾਂ ਮਿਲੀਆਂ।
ਕਾਂਗਰਸ ਦੇ ਬਾਗ਼ੀ ਅਤੇ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਉਮੀਦਵਾਰ ਸੁਖਪਾਲ ਖਹਿਰਾ 8202 ਵੋਟਾਂ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਬਾਦਲ ਦਲ ਦੇ ਉਮੀਦਵਾਰ ਯੁਵਰਾਜ ਭੁਪਿੰਦਰ ਸਿੰਘ ਨੂੰ ਹਰਾਇਆ।
ਬਹੁਚਰਚਿਤ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ 24 ਹਜ਼ਾਰ ਵੋਟ ਲੈ ਕੇ ਪਹਿਲੇ ਸਥਾਨ 'ਤੇ ਚੱਲ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 14 ਹਜ਼ਾਰ ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੇ ਰਵਨੀਤ ਬਿੱਟੂ 9 ਹਜ਼ਾਰ ਵੋਟਾਂ ਨਾਲ ਤੀਜੇ ਸਥਾਨ 'ਤੇ ਚੱਲ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਮਜੀਠਾ ਹਲਕੇ ਤੋਂ ਬੁਰੀ ਤਰ੍ਹਾਂ ਪਿੱਛੇ ਚੱਲ ਰਹੇ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਬਿਕਰਮ ਸਿੰਘ ਮਜੀਠੀਆ 24 ਹਜ਼ਾਰ ਵੋਟ ਲੈ ਕੇ ਪਹਿਲੇ ਸਥਾਨ 'ਤੇ, ਸੁਖਵਿੰਦਰ ਰਾਜ ਸਿੰਘ (ਲਾਲੀ) 16 ਹਜ਼ਾਰ ਵੋਟ ਲੈ ਕੇ ਦੂਜੇ ਅਤੇ ਹਿੰਮਤ ਸਿੰਘ ਸ਼ੇਰਗਿੱਲ 2300 ਵੋਟ ਲੈ ਕੇ ਤੀਜੇ ਸਥਾਨ 'ਤੇ ਚੱਲ ਰਹੇ ਹਨ।
ਪੰਜਾਬ ਵਿਧਾਨ ਸਭਾ ਲਈ ਚੱਲ ਰਹੀ ਵੋਟਾਂ ਦੀ ਗਿਣਤੀ ਦੇ ਹੁਣ ਤਕ ਦੇ ਰੁਝਾਨਾਂ ਮੁਤਾਬਕ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਦੀ ਸਰਕਾਰ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਹੁਣ ਤਕ ਦੇ ਰੁਝਾਨਾਂ 'ਚ ਕਾਂਗਰਸ ਨੂੰ 113 ਵਿਚੋਂ 61 ਸੀਟਾਂ 'ਤੇ ਲੀਡ ਮਿਲੀ ਹੋਈ ਹੈ। ਜਦਕਿ ਸਰਕਾਰ ਬਣਾਉਣ ਲਈ 117 ਵਿਚੋਂ 59 ਸੀਟਾਂ ਚਾਹੀਦੀਆਂ ਹਨ। ਗਿਣਤੀ ਹਾਲੇ ਜਾਰੀ ਹੈ।