ਦਾਸਤਾਨ-ਏ-ਸਰਹੰਦ ਫਿਲਮ ਨੂੰ ਸਿੱਖੀ ਪਰੰਪਰਾਵਾਂ ਦੀ ਉਲੰਘਣਾ ਕਰਾਰ ਦਿੰਦਿਆਂ ਸਿੱਖ ਸੰਗਤਾਂ ਨੇ ਫੌਰੀ ਤੌਰ ਉਪਰ ਰੋਕਣ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਉੱਤੇ ਮੁਕੰਮਲ ਰੋਕ ਲਾਉਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕਰ ਰਹੀਆਂ ਹਨ।
ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਕੇ ਬਣੀ ਅਤੇ ਵਿਵਾਦਾਂ ਵਿੱਚ ਘਿਰੀ ਫਿਲਮ ਦਾਸਤਾਨ-ਏ-ਸਰਹਿੰਦ ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਐਨੀਮੇਸ਼ਨ ਰਾਹੀ ਫਿਲਮਾਇਆ ਗਿਆ ਹੈ ਦਾ ਸਿੱਖ ਸਮਾਜ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਸਿੱਖ ਵਿਦਿਆਰਥੀਆਂ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਦਾ ਵਿਰੋਧ ਕਰਦਿਆਂ ਫਿਲਮ ਬੈਨ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਖੋਜਾਰਥੀ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ ਤੇ ਸਵਾਂਗ ਰਚਣ ਦੀ ਸਖਤ ਮਨਾਹੀ ਹੈ।