ਭਾਰਤੀ ਫ਼ੌਜ ਨੂੰ ਡੋਕਲਾਮ ’ਚੋਂ ਦੋ ਹਫ਼ਤਿਆਂ ਅੰਦਰ ਕੱਢਣ ਲਈ ਚੀਨ ਛੋਟੇ ਪੱਧਰ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ’ਚ ਪ੍ਰਕਾਸ਼ਤ ਲੇਖ ’ਚ ਦਿੱਤੀ ਗਈ ਹੈ। ਸਿੱਕਮ ਸੈਕਟਰ ’ਚ ਭਾਰਤ ਅਤੇ ਚੀਨ ਦਰਮਿਆਨ 16 ਜੂਨ ਤੋਂ ਅੜਿੱਕਾ ਚਲ ਰਿਹਾ ਹੈ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਚੀਨੀ ਫ਼ੌਜ ਨੇ ਭੂਟਾਨ ਤਿਕੋਣ ਨੇੜੇ ਆਪਣੇ ਇਲਾਕੇ 'ਚ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਸੜਕ ਦੀ ਸਹਾਇਤਾ ਨਾਲ ਚੀਨ, ਭਾਰਤ ਦੇ ਉੱਤਰ ਪੂਰਬੀ ਸੂਬਿਆਂ ਤੱਕ ਪਹੁੰਚ ਨੂੰ ਖ਼ਤਮ ਕਰ ਸਕਦਾ ਹੈ।
ਸਿੱਕਮ ਸੈਕਟਰ 'ਚ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਸਖ਼ਤ ਰੁਖ਼ ਅਪਣਾਇਆ ਹੈ। ਚੀਨ ਨੇ ਕਿਹਾ ਕਿ ਅਜੇ ਤੱਕ ਭਾਰਤ ਦੇ ਨਾਲ ਇਸ ਵਿਵਾਦ 'ਚ ਉਸ ਨੇ ਸਦਭਾਵਨਾ ਵਾਲਾ ਰਵੱਈਆ ਅਪਣਾਇਆ ਹੈ ਪਰ ਉਸ ਦੇ ਸੰਜਮ ਦੀ ਵੀ ਕੋਈ ਸੀਮਾ ਹੈ ਅਤੇ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਭਾਰਤ ਨੂੰ ਇਸ ਮਾਮਲੇ 'ਚ ਆਪਣੇ ਭਰਮ ਨੂੰ ਛੱਡ ਦੇਣਾ ਚਾਹੀਦਾ ਹੈ। ਚੀਨ ਦੇ ਰੱਖਿਆ ਮੰਤਰਾਲੇ ਵੱਲੋਂ ਵੀਰਵਾਰ ਰਾਤ ਇਹ ਪ੍ਰਤੀਕਿਰਿਆ ਆਈ। ਦੋਵੇਂ ਦੇਸ਼ਾਂ ਦਰਮਿਆਨ 16 ਜੂਨ ਨੂੰ ਇਹ ਵਿਵਾਦ ਸ਼ੁਰੂ ਹੋਇਆ ਸੀ ਜਦ ਚੀਨੀ ਫੌਜੀਆਂ ਨੇ ਭੁਟਾਨ ਦੇ ਨੇੜੇ ਚੀਨ ਦੇ ਅੰਦਰ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਇਲਾਕੇ 'ਚ ਸੜਕ ਬਣਾਉਣ ਨਾਲ ਚੀਨ ਉਤਰ ਪੂਰਬ ਦੇ ਰਾਜਾਂ ਨੂੰ ਭਾਰਤ ਤੋਂ ਅਲੱਗ ਕਰਨ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰ ਪੂਰਬ ਦੇ ਸਾਰੇ ਸੂਬਿਆਂ ਵਿਚ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ।
ਡੋਕਲਾਮ ਖੇਤਰ ਵਿੱਚ ਚੀਨ ਤੇ ਭਾਰਤ ਵਿਚਲੇ ਫੌਜੀ ਤਣਾਅ ਦਰਮਿਆਨ ਚੀਨ ਨੇ 15 ਪੰਨਿਆਂ ਦਾ ਦਸਤਾਵੇਜ਼ ‘ਸਚਾਈ ਤੇ ਚੀਨ ਦੀ ਸਥਿਤੀ’ ਜਾਰੀ ਕਰਦਿਆਂ ਆਪਣੀਆਂ ਦਲੀਲਾਂ ਰੱਖੀਆਂ ਹਨ। ਚੀਨ ਨੇ ਬੁੱਧਵਾਰ (2 ਅਗਸਤ) ਨੂੰ ਦਾਅਵਾ ਕੀਤਾ ਹੈ ਕਿ ਭਾਰਤ ਨੇ ਸਿੱਕਮ ਖੇਤਰ ਦੇ ਡੋਕਲਾਮ ਖੇਤਰ ਵਿੱਚ ਜੁਲਾਈ ਦੇ ਅੰਤ ਤੱਕ ਆਪਣੇ ਫੌਜੀਆਂ ਦੀ ਗਿਣਤੀ 400 ਤੋਂ ਘਟਾ ਕੇ 40 ਕਰ ਦਿੱਤੀ ਹੈ। ਉਧਰ ਭਾਰਤ ਦਾ ਕਹਿਣਾ ਹੈ ਕਿ ਉਸ ਨੇ ਇਸ ਖੇਤਰ ਵਿਚ ਤਾਇਨਾਤ ਆਪਣੇ ਫੌਜੀਆਂ ਦੀ ਗਿਣਤੀ ਨਹੀਂ ਘਟਾਈ ਹੈ।
ਸਿੱਕਮ ਸੈਕਟਰ ਵਿੱਚ ਡੋਕਲਾਮ ਇਲਾਕੇ ਵਿੱਚ ਭਾਰਤ ਨਾਲ ਤਣਾਅ ਤੋਂ ਬਾਅਦ ਪਹਾੜਾਂ ਵਿੱਚ ਘਿਰੇ ਇਸ ਇਲਾਕੇ 'ਚ ਚੀਨੀ ਫ਼ੌਜ ਵੱਲੋਂ 10 ਹਜ਼ਾਰ ਟਨ ਦੀਆਂ ਫ਼ੌਜੀ ਗੱਡੀਆਂ ਤੇ ਹੋਰ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਚੀਨੀ ਫ਼ੌਜ ਦੇ ਅਧਿਕਾਰਤ ਅਖ਼ਬਾਰ ‘ਪੀਐਲਏ ਡੇਲੀ’ ਦੀ ਰਿਪੋਰਟ ਮੁਤਾਬਕ ਪੱਛਮੀ ਕਮਾਂਡ ਵੱਲੋਂ ਉੱਤਰੀ ਤਿੱਬਤ ਵਿੱਚ ਕੁਨਲੁਨ ਪਹਾੜਾਂ ਦੇ ਦੱਖਣੀ ਖੇਤਰ ਵਿੱਚ ਭਾਰੀ ਫ਼ੌਜੀ ਸਾਜ਼ੋ-ਸਾਮਾਨ ਲਿਜਾਇਆ ਗਿਆ ਹੈ। ਪੱਛਮੀ ਕਮਾਂਡ ਵੱਲੋਂ ਭਾਰਤ ਨਾਲ ਸਰਹੱਦੀ ਮਸਲਿਆਂ ਨਾਲ ਨਜਿੱਠਿਆ ਜਾਂਦਾ ਹੈ। ਇਸ ਰਿਪੋਰਟ ਮੁਤਾਬਕ ਇਹ ਕਦਮ ਪਿਛਲੇ ਮਹੀਨੇ ਚੁੱਕਿਆ ਗਿਆ ਅਤੇ ਇਹ ਸਾਰਾ ਸਾਜ਼ੋ ਸਾਮਾਨ ਸੜਕ ਤੇ ਰੇਲ ਰਾਹੀਂ ਲਿਜਾਇਆ ਗਿਆ।