ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਖਿਲਾਫ ਸੋਸ਼ਲ ਮੀਡੀਏ ਉੱਤੇ ਵੱਡੀ ਪੱਧਰ ਤੇ ਹੋ ਰਿਹਾ ਭੰਡੀ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਲੰਬਾ ਸਮਾਂ ਜੇਲ੍ਹਾਂ ਕੱਟਣ, ਪੁਲਿਸ ਤਸ਼ੱਦਦ ਝੱਲਣ, ਆਪਣੀਆਂ ਜਵਾਨੀਆਂ ਸੰਘਰਸ਼ ਦੇ ਲੇਖੇ ਲਾਉਣ ਵਾਲਿਆਂ ਉੱਤੇ ਵਿਚਾਰਾਂ ਦੀ ਵਿਭਿੰਨਤਾ ਜਾਂ ਈਰਖਾ ਦੀ ਅੱਗ ਕਾਰਨ ਝੂਠੇ ਦੋਸ਼ ਲਾਏ ਜਾ ਰਹੇ ਹਨ ਜਿਸਦਾ ਬਰਤਾਨੀਆਂ ਅਤੇ ਯੂਰਪ ਦੀਆਂ ਸੰਘਰਸ਼ ਪੱਖੀ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ।
ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰੇ ਕਿ ਉਸ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਉਣ ਮਗਰੋਂ ਮਾਰ ਦਿੱਤੇ ਗਏ ਨੌਜਵਾਨ ਕੌਣ ਸਨ। ਕੈਪਟਨ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਹਨਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਖਿਲਾਫ ਮੁਕੱਦਮਾ ਦਰਜ ਕਰਵਉਣਾ ਚਾਹੀਦਾ ਹੈ।
ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕੁੱਝ ਲੋਕਾਂ ਦੁਆਰਾ ਭੁਲੇਖਾ ਪਾਊ ਪ੍ਰਚਾਰ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਗਿਆ ਕਿ ਸਾਊਥਾਲ ਗੁਰਦਵਾਰਾ ਸਾਹਿਬ ਵਿੱਚ ਕਾਂਗਰਸੀ ਆਗੂ ਪ੍ਰਨੀਤ ਕੌਰ ਨੂੰ ਸਨਮਾਨਿਤ ਕਰਨ ਵਿੱਚ ਉਹਨਾਂ ਵਲੋਂ ਕੋਈ ਸਹਿਮਤੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਦੇ ਸਿੱਖ ਵਿਰੋਧੀਆਂ ਦੇ ਹੱਕ ਵਿੱਚ ਉਹ ਕਦੇ ਭੁਗਤ ਸਕਦੇ ਹਨ। ਸਿੱਖ ਸੰਗਤਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਇਸਦਾ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਹ ਕੇਵਲ ਕਮੇਟੀ ਦਾ ਆਪਣਾ ਫੈਸਲਾ ਹੋ ਸਕਦਾ ਹੈ।
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਬੇਅਦਬੀ ਨਿਰੰਤਰ ਜਾਰੀ ਹੈ। ਹੁਣ ਤੱਕ ਗੁਰਬਾਣੀ ਦੀ ਬੇਅਦਬੀ 86 ਥਾਵਾਂ 'ਤੇ ਹੋ ਚੁੱਕੀ ਹੈ ਅਤੇ ਦੋਸ਼ੀ ਬਲਵਿੰਦਰ ਕੌਰ ਸਮੇਤ ਦੋ ਜਨਾਨੀਆਂ ਤੋਂ ਬਗੈਰ ਕਿਸੇ ਹੋਰ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਦੋਸ਼ੀਆਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਜਦਕਿ ਕੁਰਾਨ ਦੀ ਬੇਅਦਬੀ ਕਰਨ ਵਾਲੇ 48 ਘੰਟਿਆਂ ਵਿੱਚ ਫੜੇ ਗਏ। ਪਿਛਲੇ ਸਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਮਗਰੋਂ ਪਤਰਿਆਂ ਨੂੰ ਦੋਖੀਆਂ ਨੇ ਗਲੀਆਂ ਵਿੱਚ ਖਿਲਾਰ ਦਿੱਤਾ, ਰੋਸ ਪ੍ਰਗਟ ਕਰਦੇ ਹੋਏ ਦੋ ਸਿੰਘ ਸ਼ਹੀਦ ਹੋ ਗਏ। ਸਿੱਖਾਂ ਦੀ ਮਾਨਸਿਕ ਪੀੜਾ ਅਤੇ ਕੌਮੀ ਦਰਦ ਦਾ ਵਿਸ਼ਾਲ ਇਕੱਠ "ਸਰਬੱਤ ਖਾਲਸਾ" ਦੇ ਨਾਮ ਹੇਠ ਹੋਇਆ ਜਿਸ ਵਿੱਚ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਜੋ ਕਿ ਸਿੱਖ ਸੰਘਰਸ਼ ਦੇ ਪਾਂਧੀਆਂ ਵਾਸਤੇ ਮਾਣ ਵਾਲੀ ਗੱਲ ਸੀ।
'ਸਹਿਜਧਾਰੀਆਂ' ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਦੇ ਹੱਕ ਤੋਂ ਵਾਂਝਾ ਕਰਨ ਦੇ ਫੈਸਲੇ ਦਾ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਵਾਗਤ ਕੀਤਾ ਗਿਆ ਹੈ ਪਰ ਭਾਰਤੀ ਸੁਪਰੀਮ ਕੋਰਟ ਨੇ ਸਿੱਖ ਵਿਰੋਧੀ ਲਾਬੀ ਨੂੰ ਅਪੀਲ ਦਾ ਹੱਕ ਦੇ ਕੇ ਸਿੱਖ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਲਟਕਾਉਣ ਵਾਲੀ ਭੂਮਿਕਾ ਨਿਭਾਈ ਹੈ, ਜਿਸ ਨਾਲ ਹਿੰਦੂਤਵੀ ਲਾਬੀ ਦਾ ਨਿਆਂਪਾਲਿਕਾ 'ਤੇ ਪ੍ਰਭਾਵ ਪ੍ਰਤੱਖ ਦਿਸ ਰਿਹਾ ਹੈ। ਸਿੱਖ ਫਲਸਫੇ ਵਿੱਚ ਸਹਿਜਧਾਰੀ ਸਿੱਖ ਦਾ ਕੋਈ ਸੰਕਲਪ ਹੀ ਨਹੀਂ ਹੈ, ਪਰ ਕੁੱਝ ਲੋਕ ਜਾਣ ਬੁੱਝ ਆਏ ਦਿਨ ਭੰਬਲਭੂਸਾ ਪੈਦਾ ਕਰ ਰਹੇ ਹਨ।
ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਦੇ ਸਤਿਕਾਰਯੋਗ ਪਿਤਾ ਜਥੇਦਾਰ ਜੋਧ ਸਿੰਘ ਸੰਧੂ, ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਅਕਾਲ ਚਲਾਣਾ ਕਰ ਗਏ, ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ। ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿੱਲੋਂ, ਨਿਰੰਜਨ ਸਿੰਘ ਬਾਸੀ, ਜਤਿੰਦਰ ਸਿੰਘ ਅਠਵਾਲ ਅਤੇ ਬਰਿੰਦਰ ਸਿੰਘ ਬਿੱਟੂ ਵਲੋਂ ਜਥੇਦਾਰ ਸੰਧੂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਵਸਤੇ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
ਸਿੱਖ ਪੰਥ ਵਲੋਂ ਨਕਾਰੇ ਅਤੇ ਖਾਰਜ ਕੀਤੇ ਜਾ ਚੁੱਕੇ ਜਥੇਦਾਰਾਂ ਵਲੋਂ ਸਿੱਖ ਰਵਾਇਤਾਂ ਅਤੇ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਗਿਆਨੀ ਮੱਲ੍ਹ ਸਿੰਘ ਨੂੰ ਲੱਗੀ ਗੰਭੀਰ ਬਿਮਾਰੀ ਦਾ ਕਾਰਨ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਆਫੀ ਨਾਮਾ ਦੇਣਾ ਅਤੇ ਨਿਰਦੋਸ਼ ਗੁਰਸਿੱਖ ਭਾਈ ਜੋਗਾ ਸਿੰਘ ਦੀ ਇਸ ਦੇ ਲੱਠਮਾਰਾਂ ਵਲੋਂ ਕੀਤੀ ਕੁੱਟਮਾਰ ਆਖਿਆ ਗਿਆ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਦਾਦੂ ਪਿੰਡ ਵਿੱਚ ਹੋਏ ਵਿਰੋਧ ਦੀ ਸਲ਼ਾਘਾ ਕਰਦਿਆਂ ਪਿੰਡ ਦੇ ਅਣਖੀ ਸਿੰਘਾਂ ਦਾ ਧੰਨਵਾਦ ਕੀਤਾ ਗਿਆ।
ਜਲੰਧਰ ਵਿੱਚ ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਦੋ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਦੀ ਪੁਲਿਸ ਅਤੇ ਸਿਆਸਤਦਾਨਾਂ ਨੂੰ ਵਖਤ ਪੈ ਗਿਆ। ਪੁਲਿਸ ਵਲੋਂ ਦਸ ਟੀਮਾਂ ਦੋਸ਼ੀਆਂ ਦੀ ਭਾਲ ਵਿੱਚ ਜੁਟ ਗਈਆਂ, ਮੱਹਤਵਪੂਰਨ ਗੱਲ ਕਿ ਇੱਕ ਬੰਦੇ 'ਤੇ ਹਮਲਾ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਅਤੇ ਪੁਲਸ ਵਿੱਚ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।