ਮੁੰਬਈ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਗੁਜਰਾਤ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਡੀ. ਜੀ. ਵਣਜਾਰਾ ਅਤੇ ਰਾਜਸਥਾਨ ਕਾਡਰ ਦੇ ਆਈ. ਪੀ. ਐਸ. ਅਧਿਕਾਰੀ ਦਿਨੇਸ਼ ਐਮ. ਐਨ. ਨੂੰ ਸੋਹਰਾਬੂਦੀਨ ਸ਼ੇਖ ਅਤੇ ਤੁਲਸੀਰਾਮ ਪਰਜਾਪਤੀ ਨਾਲ ਸਬੰਧਿਤ ਫ਼ਰਜ਼ੀ ਮੁਕਾਬਿਲਆਂ ਦੇ ਮਾਮਲਿਆਂ 'ਚ ਮੰਗਲਵਾਰ (1 ਜੁਲਾਈ) ਨੂੰ ਬਰੀ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਇਜ਼ਰਾਇਲ ਵਿਚ ਯਹੂਦੀਆਂ ਨਾਲ ਮੋਦੀ ਦੀ ਹੋ ਰਹੀ ਮੁਲਾਕਾਤ ਉਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ। ਸ. ਮਾਨ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਅਤੇ ਸਿਖਾਂ ਨੂੰ ਫਿਰਕੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਨਾਲ ਨਜਿੱਠਣ ਲਈ ਇਕ ਪਲੇਟਫਾਰਮ 'ਤੇ ਇਕੱਠੇ ਹੋਣਾ ਪਵੇਗਾ।
ਰਾਜਸਥਾਨ ਦੇ ਅਲਵਰ 'ਚ ਗਊ ਰਖਸ਼ਕਾਂ ਨੇ ਕੁੱਝ ਦਿਨ ਪਹਿਲਾ ਹਰਿਆਣਾ ਨਾਲ ਸਬੰਧਤ 15 ਲੋਕਾਂ 'ਤੇ ਹਮਲਾ ਕਰ ਦਿੱਤਾ। ਕਾਨੂੰਨ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਇਨ੍ਹਾਂ ਲੋਕਾਂ ਵਲੋਂ ਗਊਆਂ ਨੂੰ 6 ਗੱਡੀਆਂ ਵਿਚ ਲਿਜਾਅ ਰਹੇ ਲੋਕਾਂ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਪੀਹਲੂ ਖਾਨ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਠਾਨਕੋਟ ਏਅਰਬੇਸ ਕੋਲੋਂ ਏਅਰਬੇਸ ਦੇ ਜਵਾਨਾਂ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਹਿਰਾਸਤ 'ਚ ਲਏ ਗਏ ਨੌਜਵਾਨ ਦਾ ਨਾਮ ਮੋਬੀਨ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
ਇੰਡੀਅਨ ਮੁਜਾਹਦੀਨ (IM) ਦੇ ਮੋਢੀ ਮੈਂਬਰਾਂ ਵਿਚੋਂ ਯਾਸੀਨ ਭਟਕਲ ਅਤੇ ਚਾਰ ਹੋਰਾਂ ਨੂੰ ਸਾਲ 2013 'ਚ ਹੈਦਰਾਬਾਦ ਦੇ ਦਿਲਸੁਖਨਗਰ 'ਚ ਹੋਏ ਦੂਹਰੇ ਬੰਬ ਧਮਾਕੇ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਸਿਮੀ ਦੇ ਅੱਠ ਮੈਂਬਰਾਂ ਦੀ ਕਹੇ ਜਾਂਦੀ ਪੁਲਿਸ ਮੁਕਾਬਲੇ 'ਚ ਮੌਤ 'ਤੇ ਉੱਠ ਰਹੇ ਸਵਾਲਾਂ ਦੇ ਵਿਚ ਉਨ੍ਹਾਂ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਅਤੇ ਇਸ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।
ਭੋਪਾਲ ਦੀ ਕੇਂਦਰੀ ਜੇਲ੍ਹ ਤੋਂ ਫਰਾਰ ਹੋਏ ਸਿਮੀ ਦੇ ਕਾਰਜਕਰਤਾ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪਿੰਡ ਈਂਟਖੇੜਾ 'ਚ ਪੁਲਿਸ ਨੇ ਸਾਰਿਆਂ ਨੂੰ ਘੇਰ ਲਿਆ ਜਿਸਤੋਂ ਬਾਅਦ ਇਨਕਾਉਂਟਰ 'ਚ ਸਾਰੇ ਮਾਰੇ ਗਏ। ਇਹ ਸਾਰੇ ਸਿਮੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਭੋਪਾਲ 'ਚ ਪੁਲਿਸ ਦਾ ਕਹਿਣਾ ਹੈ ਕਿ ਸੈਂਟਰਲ ਜੇਲ੍ਹ ਤੋਂ ਪਾਬੰਦੀਸ਼ੁਦਾ ਜਥੇਬੰਦੀ ਸਿਮੀ ਦੇ ਅੱਠ ਕਾਰਜਕਰਤਾ ਫਰਾਰ ਹੋ ਗਏ ਹਨ।
ਇੱਥੇ ਰੇਲਵੇ ਸਟੇਸ਼ਨ ਕੋਲ ਮੱਝ ਦਾ ਮੀਟ ਲੈ ਕੇ ਜਾ ਰਹੀਆਂ ਦੋ ਮੁਸਲਿਮ ਔਰਤਾਂ ਉਤੇ ਗਊ ਰੱਖਿਅਕਾਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ। ਪੁਲੀਸ ਨੇ ਬਾਅਦ ਵਿੱਚ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੰਦਸੌਰ ਦੇ ਐਸਪੀ ਮਨੋਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਫੋਨ ਆਇਆ ਕਿ ਰੇਲਵੇ ਸਟੇਸ਼ਨ ਕੋਲ ਦੋ ਔਰਤਾਂ ਦੀ ਗਾਂ ਦਾ ਮਾਸ ਲੈ ਕੇ ਜਾਣ ਦੇ ਸ਼ੱਕ ਵਿੱਚ ਕੁੱਟਮਾਰ ਕੀਤੀ ਗਈ। ਔਰਤ ਅਤੇ ਮਰਦ ਸਿਪਾਹੀ ਮੌਕੇ ਉਤੇ ਗਏ ਅਤੇ ਦੋਵਾਂ ਔਰਤਾਂ ਨੂੰ ਥਾਣੇ ਲੈ ਆਏ। ਇਸ ਮਗਰੋਂ ਮੀਟ ਨੂੰ ਪਰਖ ਲਈ ਭੇਜਿਆ ਗਿਆ, ਜੋ ਮੱਝ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਔਰਤ ਵਿਰੁੱਧ ਪਹਿਲਾਂ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਮੀਟ ਲੈ ਕੇ ਜਾਣ ਦੇ ਦੋਸ਼ ਵਿੱਚ ਕੇਸ ਦਰਜ ਹੋ ਚੁੱਕਾ ਹੈ।
ਫਗਵਾੜਾ 'ਚ ਸ਼ਿਵ ਸੈਨਾ (ਬਾਲ ਠਾਕਰੇ) ਵਲੋਂ ਮਸਜਿਦ ਅਤੇ ਮੁਸਲਮਾਨਾਂ 'ਤੇ ਹਮਲੇ ਕਰਨ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਇਕ ਪਾਸੇ ਸ਼ਿਵ ਸੈਨਾ ਤੇ ਦੂਸਰੇ ਪਾਸੇ ਮੁਸਲਿਮ ਭਾਈਚਾਰੇ ਦੇ ਹੱਕ 'ਚ ਸਿੱਖ ਅਤੇ ਦਲਿਤ ਇਕੱਠੇ ਹੋ ਗਏ। ਸਥਾਨਕ ਨਾਈਆਂ ਵਾਲਾ ਚੌਕ 'ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਦੋਵਾਂ ਪਾਸਿਆਂ ਤੋਂ ਪਥਰਾਅ ਅਤੇ ਨਾਅਰੇਬਾਜ਼ੀ ਸ਼ੁਰੂ ਹੋ ਗਈ। ਐਸ.ਪੀ. ਫਗਵਾੜਾ ਅਜਿੰਦਰ ਸਿੰਘ ਤੇ ਡੀ.ਐਸ.ਪੀ ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਫੋਰਸ ਸਮੇਤ ਦੋਵਾਂ ਧਿਰਾਂ ਦੇ ਵਿਚਾਲੇ ਖੜ੍ਹੇ ਰਹੇ। ਮਾਹੌਲ ਤਣਾਅਪੂਰਨ ਹੁੰਦਾ ਦੇਖ ਸ਼ਹਿਰ ਦੇ ਅਹਿਮ ਬਾਜ਼ਾਰ ਫ਼ੌਰਨ ਬੰਦ ਹੋ ਗਏ। ਇਸ ਪੱਥਰਬਾਜ਼ੀ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਚਾਰ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
« Previous Page — Next Page »