ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਸਾਹਿਤ ਸਨਮਾਨ ਵਾਪਸ ਲੈ ਲਿਆ ਹੈ। ਕੁਲਦੀਪ ਨਈਅਰ ਦੀਆਂ ਲਿਖਤਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ 1980-90 ਦਹਾਕੇ ਦੌਰਾਨ ਸਿੱਖ ਸੰਘਰਸ਼ ਦੀ ਸ਼ਹੀਦਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪਾਇਆ ਗਿਆ।
ਪਿਛਲੇ ਦਿਨੀਂ ਕੁਲਦੀਪ ਨਈਅਰ ਨੇ ਆਪਣੇ ਇਕ ਲੇਖ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਅਸਾਧ ਰਾਮ ਰਹੀਮ ਸਿਰਸੇ ਵਾਲੇ ਨਾਲ ਕੀਤੀ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗੲੇ ਹਨ।
ਮਸ਼ਹੂਰ ਲੇਖਕ ਕੁਲਦੀਪ ਨਈਅਰ ਵਲੋਂ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਰਨ ਦਾ ਸਖਤ ਵਿਰੋਧ ਕਰਦਿਆਂ ਅੱਜ (14 ਸਤੰਬਰ) ਪੰਥਕ ਪਾਰਟੀਆਂ ਨਾਲ ਸਬੰਧਤ ਨੌਜਵਾਨ ਜਥੇਬੰਦੀਆਂ ਵਲੋਂ ਇਕ ਰੋਸ ਮੁਜ਼ਾਹਰਾ ਕੀਤਾ ਗਿਆ।
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਲਦੀਪ ਨਈਅਰ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਹੈਵਾਨੀਅਤ ਦਾ ਨੰਗਾ ਨਾਚ ਨੱਚਣ ਵਾਲੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਸਿਰਸੇ ਵਾਲੇ ਸਾਧ ਨਾਲ ਆਪਣੇ ਲੇਖ ਵਿਚ ਤੁਲਨਾ ਕਰਨ ਦੀ ਸ਼ਰਾਰਤਪੂਰਨ ਕਾਰਵਾਈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਨਈਅਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਭਿੰਡਰਾਂਵਾਲਿਆਂ ਦੀ ਸ਼ਹੀਦੀ ਹੋਣ ਉਪਰੰਤ 33 ਸਾਲ ਬਾਅਦ ਵੀ ਸਿੱਖ ਆਪਣੇ ਮਨ ਵਿਚ ਸਤਿਕਾਰ ਸਹਿਤ ਸਮੋਈ ਬੈਠੀ ਹੈ, ਤਾਂ ਉਨ੍ਹਾਂ ਵਿਚ ਧਰਮੀ, ਸਮਾਜਿਕ, ਇਨਸਾਨੀ ਅਤੇ ਇਖ਼ਲਾਕੀ ਗੁਣਾਂ ਦੀ ਭਰਮਾਰ ਹੋਣ ਦੀ ਹੀ ਬਦੌਲਤ ਹੈ।