ਹੁਣ ਭਾਰਤੀ ਪੁਰਾਤਤਵ ਵਿਭਾਗ ਸਰਕਾਰ ਦੀ ਇਸ ਗੱਲ ਦਾ ਖੰਡਨ ਕਰਦਿਆਂ ਇਹ ਕਿਹੈ ਕਿ ਇਹ ਹੀਰਾ ਪੰਜਾਬ ਰਾਜ ਵਲੋਂ ਬਰਤਾਨਵੀ ਹਕੂਮਤ ਦੇ ਸਪੁਰਦ ਕੀਤਾ ਗਿਆ ਸੀ। ਇਸ ਜਵਾਬ ਵਿੱਚ ਉਹਨਾਂ ਲਾਹੌਰ ਸੰਧੀ ਦਾ ਕੁਝ ਹਿੱਸਾ ਵੀ ਨਾਲ ਜੋੜ ਕੇ ਭੇਜਿਆ ਕਿ “ਕੋਹੀਨੂਰ ਨਾਂ ਦਾ ਹੀਰਾ ਜਿਹੜਾਂ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ਾਹ ਸ਼ੁਜਾ ਉਲ ਮਲਿਕ ਕੋਲੋਂ ਲਿਆ ਗਿਆ ਸੀ, ਲਾਹੌਰ ਦੇ ਮਹਾਰਾਜਾ ਵਲੋਂ ਇੰਗਲੈਂਡ ਦੀ ਮਹਾਰਾਣੀ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਨਾਲ ਈਸਟ ਇੰਡੀਆ ਕੰਪਨੀ ਵੱਲੋਂ ਖੋਹਿਆ ਦੁਨੀਆ ਦਾ ਵਡਮੁੱਲਾ ਹੀਰਾ 'ਕੋਹੇਨੂਰ' ਭਾਰਤ ਨੂੰ ਦੇਣ ਦਾ ਸਿੱਖ ਫੈਡਰੇਸ਼ਨ ਯੂ. ਕੇ. ਨੇ ਵਿਰੋਧ ਕੀਤਾ ਹੈ। ਫੇਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਧਾਨ ਮੰਤਰੀ ਥਰੀਸਾ ਮੇਅ ਅਤੇ ਵਿਦੇਸ਼ ਮੰਤਰੀ ਲੌਰਿਸ ਜੌਹਨਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਹੇਨੂਰ ਹੀਰਾ ਸਿੱਖਾਂ ਦੀ ਅਮਾਨਤ ਹੈ ਅਤੇ ਭਾਰਤ ਸਰਕਾਰ ਦਾ ਇਸ 'ਤੇ ਕੋਈ ਹੱਕ ਨਹੀਂ ਹੈ।
ਕੋਹਿਨੂਰ ਹੀਰੇ ਅਤੇ ਸਿੱਖ ਰਾਜ ਨਾਲ ਸਬੰਧਿਤ ਹੋਰ ਬੇਸ਼ਕੀਮਤੀ ਚੀਜ਼ਾਂ ਜੋ ਇਸ ਸਮੇਂ ਬਰਤਾਨੀਆ ਦੇ ਮਿਊਜ਼ੀਅਮ ਦਾ ਸ਼ਿੰਗਾਰ ਹਨ, ਦੀ ਸਿਰਫ ਸਿੱਖ ਕੌਮ ਹੀ ਕਾਨੂੰਨੀ ਵਾਰਸ ਹੈ।
ਭਾਰਤੀ ਸੁਪਰੀਮ ਕੋਰਟ ਵਿੱਚ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤੀ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਅਤੇ ਭਾਰਤੀ ਸੱਭਿਆਚਾਰਕ ਮੰਤਰਾਲੇ ਦੀ ਇਤਿਹਾਸ ਪ੍ਰਤੀ ਜਾਣਕਾਰੀ ਦਾ ਉਸ ਸਮੇਂ ਜਲੂਸ ਨਿਕਲਦਾ ਨਜ਼ਰ ਆਇਆ ਜਦੋਂ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਸੱਭਿਆਚਾਰਕ ਮੰਤਰਾਲੇ ਮੁਤਾਬਕ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਭਾਰਤ ਉਸ ’ਤੇ ਦਾਅਵਾ ਨਹੀਂ ਜਤਾ ਸਕਦਾ।