ਰਾਹੁਲ ਗਾਂਧੀ ਵਲੋਂ ਸਿੱਖ ਨਸਲਕੁਸ਼ੀ 'ਚ ਸ਼ਾਮਲ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੱਖ ਮੰਤਰੀ ਚੁਣੇ ਜਾਣ ਉੱਤੇ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਵਲੋਂ ਰੋਸ ਜਤਾਇਆ ਜਾ ਰਿਹਾ ਹੈ ੳਥੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਮਰੁਤਬਾ ਕਮਲਨਾਥ ਦੇ ਹੱਕ ਵਿਚ ਖੁਲ੍ਹ ਕੇ ਨਿੱਤਰ ਪਏ ਹਨ।
ਪੱਤਰਕਾਰ ਸੰਜੈ ਸੂਰੀ ਵਲੋਂ ਲਿਖੀ ਗਈ ਕਿਤਾਬ "1984 ਸਿੱਖ ਵਿਰੋਧੀ ਦੰਗੇ ਅਤੇ ਉਸ ਤੋਂ ਬਾਅਦ" ਵਿੱਚ ਵੀ ਉਹਨਾਂ ਇਹ ਲਿਖਿਆ ਐ ਕਿ "1 ਨਵੰਬਰ 1984 ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਕਮਲਨਾਥ ਮੌਜੂਦ ਸੀ, ਜਿੱਥੇ ਕਈਂ ਸਿੱਖਾਂ ਨੂੰ ਜਿੳਂਦਿਆਂ ਅੱਗ ਲਾ ਦਿੱਤੀ ਗਈ ਸੀ।"
ਆਮ ਆਦਮੀ ਪਾਰਟੀ ਪੰਜਾਬ ਨੇ 1984 'ਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਸਿਰ ਕਾਂਗਰਸ ਵੱਲੋਂ 'ਮੁੱਖ ਮੰਤਰੀ ਦਾ ਤਾਜ' ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਇਹ ਕਿਹਾ ਹੈ ਕਿ ਕਾਂਗਰਸ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੁੰ ਉੱਚੇ ਅਹੁਦਿਆਂ ਨਾਲ ਨਿਵਾਜ ਕੇ ਪੀੜਿਤ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾ ਰਹੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ 11 ਵਰਕੇ ਦੇ ਪੱਤਰ ਵਿੱਚ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬਗੰਜ ਸਾਹਿਬ 'ਤੇ ਹੋਏ ਹਮਲੇ ਵਿੱਚ ਕਮਲਨਾਥ ਦੀ ਸਮੂਲੀਅਤ ਦਾ ਦਾਅਵਾ ਕਰਦੇ ਹੋਏ ਵਿਸਤਾਰ ਨਾਲ ਤੱਥ ਪੇਸ਼ ਕੀਤੇ ਹਨ। ਆਪਣੀ ਸ਼ਿਕਾਇਤ ਵਿੱਚ ਜੀ. ਕੇ. ਨੇ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਾਂ ਸਬੰਧਿਤ ਪੁਲਿਸ ਥਾਣੇ ਨੂੰ ਕਮਲਨਾਥ ਦੇ ਖਿਲਾਫ ਇਸ ਹਮਲੇ ਦੌਰਾਨ 2 ਸਿੱਖਾਂ ਦੇ ਹੋਏ ਕਤਲ ਦੀ ਨਵੀਂ ਐਫ. ਆਈ. ਆਰ. ਦਰਜ ਕਰਨ ਦੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ।
1984 ਸਿੱਖ ਕਤਲੇਆਮ ਦੇ ਪੀੜਤਾਂ ਦਾ ਕੇਸ ਲੜ ਰਹੇ ਐਚ. ਐਸ. ਫੂਲਕਾ ਨੇ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ 'ਜ਼ਖਮਾਂ 'ਤੇ ਲੂਣ ਛਿੜਕਣ' ਦੀ ਕੋਸ਼ਿਸ਼ ਕੀਤੀ ਹੈ।