ਪੰਥ ਸੇਵਕ ਸਖਸ਼ੀਅਤਾਂ ਵੱਲੋਂ ਆਉਂਦੇ ਮੀਰੀ ਪੀਰੀ ਦਿਵਸ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ‘ਵਿਸ਼ਵ ਸਿੱਖ ਇਕੱਤਰਤਾ’ ਦੇ ਸੱਦੇ ਤਹਿਤ ਸਥਾਨਕ ਗੁਰ-ਸੰਗਤ, ਖਾਲਸਾ ਪੰਥ ਦੇ ਜਥਿਆਂ, ਸੰਪਰਦਾਵਾਂ, ਸਖਸੀਅਤਾਂ ਅਤੇ ਪੰਥ ਸੇਵਕਾਂ ਨਾਲ ਤਾਲਮੇਲ ਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਅੱਜ ਸੰਗਰੂਰ ਵਿਖੇ ਇਕ ਇਕੱਤਰਤਾ ਹੋਈ।
ਅਕਾਲ ਪੁਰਖ ਦੀ ਫੌਜ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂ ਜਸਵਿੰਦਰ ਸਿੰਘ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਸਿੱਖ ਕੌਮ ਅੱਗੇ ਸਾਰਿਆਂ ਨਾਲੋਂ ਵੱਡਾ ਮਸਲਾ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਦਾ ਬਣਿਆ ਹੋਇਆ ਹੈ। ਸਾਡੇ ਵਿਚੋਂ ਅਤੇ ਬਾਹਰੋਂ ਕੁਝ ਲੋਕ ਜਿੱਥੇ ਸਾਡੀ ਪਛਾਣ ਨੂੰ ਧੁੰਦਲਾ ਕਰਨ ਦਾ ਯਤਨ ਕਰ ਰਹੇ ਹਨ ਉਥੇ ਭਾਰਤ ਦਾ ਸੰਵਿਧਾਨ ਵੀ ਧਾਰਾ 25 ਰਾਹੀਂ ਸਾਡੀ ਵੱਖਰੀ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੈ। ਸਾਡੇ ਵਲੋਂ ਕੀਤੇ ਗਏ ਨਿੱਕੇ-ਨਿੱਕੇ ਯਤਨ ਬਾਬਾ ਬੋਤਾ ਸਿੰਘ, ਗਰਜਾ ਸਿੰਘ ਵਾਂਗ ਸਾਡੀ ਵੱਖਰੀ ਪਛਾਣ ਨੂੰ ਸਥਾਪਿਤ ਕਰਨ ਵਿਚ ਸਹਾਈ ਹੁੰਦੇ ਹਨ ਅਤੇ ਇਤਿਹਾਸ ਇਨ੍ਹਾਂ ਘਟਨਾਵਾਂ ਨੂੰ ਆਪਣੇ ਅੰਦਰ ਸੁਨਹਿਰੀ ਅੱਖਰਾਂ ਨਾਲ ਸੁਸ਼ੋਭਿਤ ਕਰ ਲੈਂਦਾ ਹੈ ਅਤੇ ਯਤਨ ਕਰਨ ਵਾਲੇ ਇਨਸਾਨ ਇਤਿਹਾਸ ਵਿਚ ਨਾਇਕ ਵਜੋਂ ਯਾਦ ਕੀਤੇ ਜਾਂਦੇ ਹਨ।