ਹਰਿਆਣਾ ਪੁਲਿਸ ਹੁਣ ਡੇਰਾ ਮੁਖੀ ਦੇ ਕੁੜਮ ਅਤੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਜੱਸੀ ਨੂੰ ਘੇਰਨ ਦੇ ਰੌਂਅ ਵਿੱਚ ਹੈ। ਇਸ ਗੱਲ ਦਾ ਪ੍ਰਗਟਾਵਾ ਖੁਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਕੁੜਮ ਹਰਮਿੰਦਰ ਜੱਸੀ ਨੇ ਮੀਡੀਆ ਸਾਹਮਣੇ ਕੀਤਾ।
ਪਿਛਲੇ 15 ਸਾਲਾਂ ਤੋਂ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਵਿਰੁੱਧ ਕਾਨੂੰਨੀ ਲੜਾਈ ਲੜਦੇ ਆ ਰਹੇ ਪੱਤਰਕਾਰ ਅੰਸ਼ੁਲ ਛਤਰਪਤੀ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਉਨ੍ਹਾਂ ਦੇ ਪਿਤਾ ਦੇ ਕੇਸ ਨੂੰ ਖ਼ਤਮ ਕਰਵਾਉਣ ਲਈ ਸੀਬੀਆਈ ’ਤੇ ਦਬਾਅ ਪੁਆਉਂਦੇ ਰਹੇ ਹਨ।
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਬਾਅਦ ਇਥੇ ਡੇਰਾ ਸਿਰਸਾ ਵਿੱਚ ਬੇਯਕੀਨੀ ਵਾਲਾ ਮਾਹੌਲ ਹੈ ਕਿਉਂਕਿ ਡੇਰੇ ਦੀ ਅਗਵਾਈ ਬਾਰੇ ਭੰਬਲਭੂਸਾ ਪਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਨੀਪ੍ਰੀਤ, ਜੋ ਦੋਸ਼ੀ ਠਹਿਰਾਏ ਜਾਣ ਬਾਅਦ ਰਾਮ ਰਹੀਮ ਨਾਲ ਹੈਲੀਕਾਪਟਰ ਵਿੱਚ ਬੈਠੀ ਸੀ, ਕੁੱਝ ਸਮੇਂ ਤੋਂ ਡੇਰਾ ਮੁਖੀ ਦੇ ਸਭ ਤੋਂ ਨੇੜੇ ਸੀ।