ਸਤਾਰਵੀਂ ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਪੜ੍ਹਣ ਤੋਂ ਬਾਅਦ ਸਿੱਧੇ ਅਸਿੱਧੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਜ਼ਲਾਲ ਤੋਂ ਭੈਭੀਤ ਹੋ ਗਿਆ ਸੀ। ਇਸ ਕਰਕੇ ਹੀ ਉਸਨੇ ਗੁਰੂ ਸਾਹਿਬ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਸੀ ਅਤੇ ਆਪਣੇ ਅਹਿਲਕਾਰਾਂ ਨੂੰ ਫੁਰਮਾਣ ਜਾਰੀ ਕੀਤੇ ਸਨ ਕਿ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਮਿਲਣ ਆਣ ਸਮੇਂ ਕਿਤੇ ਵੀ ਰੋਕਿਆ ਨਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਅਜੇ ਰਸਤੇ ਵਿੱਚ ਹੀ ਸਨ ਕਿ ਅੰਰੰਗਜ਼ੇਬ ਦੀ ਮੌਤ ਹੋ ਗਈ ਅਤੇ ਇਤਿਹਾਸ ਗਵਾਹ ਹੈ ਕਿ ਉਸ ਨੇ ਮਰਨ ਤੋਂ ਪਹਿਲਾਂ ਸ਼ਿਕੱਸ਼ਤਨਾਮਾ ਵੀ ਲਿਖਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪੁੱਤਰਾਂ ਵਿਚਕਾਰ ਰਾਜ ਗੱਦੀ ਲਈ ਲੜਾਈ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਵਡੇ ਪੁੱਤਰ ਬਹਾਦਰਸ਼ਾਹ ਦੀ ਬੇਨਤੀ ਮੰਨ ਕੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਰਾਜ ਗੱਦੀ 'ਤੇ ਬਹਾਲਿਆ, ਇਹ ਵੀ ਗੁਰੂ ਗੋਬਿੰਦ ਸਿੰਘ ਦਾ ਪੈਗੰਬਰੀ ਅਮਲ ਸੀ ਕਿਉਂਕਿ ਜਿਸ ਔਰੰਗਜ਼ੇਬ ਦੇ ਪੜਦਾਦੇ ਜਹਾਂਗੀਰ ਨੇ ਗੁਰੂ ਸਾਹਿਬ ਦੇ ਪੜਦਾਦੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ, ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਅਤੇ ਜਿਸ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ 6 ਤੋਂ 8 ਸਾਲ ਦੇ ਸਾਹਿਬਜ਼ਾਦਿਆਂ ਨੂੰ ਬਿਨਾ ਕਿਸੇ ਕਾਰਣ ਇਸ ਕਰਕੇ ਸ਼ਹੀਦ ਕਰਵਾਇਆ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਹਨ ਅਤੇ ਜਿਸ ਔਰੰਗਜ਼ੇਬ ਨੇ ਬੁਤ ਪੂਜ ਪਹਾੜੀਆਂ ਦੀ ਮਦਦ ਕਰਨ ਲਈ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਵਾਇਆ, ਕਸਮਾਂ ਤੋੜ ਕੇ ਦਸ ਲੱਖ ਫੌਜ ਦੀ ਮਦਦ ਨਾਲ ਚਮਕੌਰ ਦੀ ਗੜ੍ਹੀ ਵਿੱਚੋਂ ਗੁਰੂ ਸਾਹਿਬ ਨੂੰ ਜੀਂਊਂਦਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।