ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਸ਼ਵ ਦੇ ਪਹਿਲੇ ਪ੍ਰਮਾਣੂ ਹਮਲੇ ਦੇ ਪ੍ਰਭਾਵਿਤ ਸ਼ਹਿਰ ਦਾ ਦੌਰਾ ਕੀਤਾ ਹੈ। ਓਬਾਮਾ ਨੇ ਅਮਰੀਕੀ ਪ੍ਰਮਾਣੂ ਹਮਲੇ 'ਚ ਮਾਰੇ ਗਏ ਲੋਕਾਂ ਨੂੰ 'ਹੀਰੋਸ਼ੀਮਾ ਪੀਸ ਮੈਮੋਰੀਅਲ' ਪਾਰਕ 'ਚ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰਮਾਣੂ ਹਮਲੇ ਦੇ ਸਮਾਰਕ 'ਤੇ ਰੀਥ ਰੱਖ ਕੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਓਬਾਮਾ ਨੇ ਕਿਹਾ ਕਿ 71 ਸਾਲ ਪਹਿਲਾਂ ਅਸਮਾਨ ਤੋਂ ਮੌਤ ਆਈ ਸੀ, ਜਿਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਸੀ। ਰੀਥ ਭੇਂਟ ਕਰਨ ਮੌਕੇ ਓਬਾਮਾ ਬਹੁਤ ਸ਼ਾਂਤ ਤੇ ਉਦਾਸ ਮੁਦਰਾ 'ਚ ਸਨ ਅਤੇ ਉਨ੍ਹਾਂ ਨੇ ਥੋੜ੍ਹੀ ਦੇਰ ਲਈ ਆਪਣੀਆਂ ਅੱਖਾਂ ਬੰਦ ਰੱਖੀਆਂ।