26 ਜਨਵਰੀ ਨੂੰ ਵਿਸਾਹਘਾਤ ਦਿਹਾੜੇ ਵਜੋਂ ਮਨਾਉਦਿਆਂ, ਦਲ ਖਾਲਸਾ ਨੇ ਦੋਸ਼ ਲਾਇਆ ਕਿ ਜਿਹੜਾ (ਭਾਰਤ) ਲੋਕਤੰਤਰ ਆਪਣੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਇਨਕਾਰੀ ਹੋਵੇ ਅਤੇ ਲੋਕਾਂ ਦੇ ਵੱਖਰੇ ਵਿਚਾਰਾਂ ਨੂੰ ਕੁਚਲਣ ਲਈ ਬਸਤੀਵਾਦੀ ਕਾਨੂੰਨਾਂ ਦਾ ਸਹਾਰਾ ਲਵੇ, ਉਹ ਫਰਜ਼ੀ ਅਤੇ ਫੇਲ ਲੋਕਤੰਤਰ ਹੈ।
ਭਾਰਤੀ ਗਣਤੰਤਰ ਦਿਵਸ ਨੂੰ ਸੰਵਿਧਾਨਕ ਗ਼ੁਲਾਮੀ ਅਤੇ ਵਿਸ਼ਵਾਸਘਾਤ ਦਿਹਾੜਾ ਵਜੋਂ ਮਨਾਉਣ ਦਾ ਸੱਦਾ ਦੇਦਿੰਆਂ, ਦਲ ਖਾਲਸਾ ਨੇ ਮਾਨਸਾ ਵਿਖੇ 26 ਜਨਵਰੀ ਨੂੰ ਰੋਹ-ਭਰਿਆ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।
26 ਜਨਵਰੀ ਨੂੰ ਵਿਸਾਹਘਾਤ ਦਿਹਾੜਾ ਦਸਦਿਆਂ, ਦਲ ਖਾਲਸਾ ਨੇ ਭਾਰਤ ਦੇ ਹੁਕਮਰਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਵੱਡਾ ਦਿੱਲ ਦਿਖਾਉਣ ਅਤੇ ਭਾਰਤ-ਪਾਕਿ ਵੰਡ ਮੌਕੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਸੰਘਰਸ਼ੀਲ ਕੌਮਾਂ ਨੂੰ 'ਸਵੈ-ਨਿਰਣੇ ਦਾ ਹੱਕ' ਅਤੇ 'ਵੱਖ ਹੋਣ ਦਾ ਹੱਕ' ਦੇਣ। ਜਥੇਬੰਦੀ ਦਾ ਕਹਿਣਾ ਹੈ ਕਿ ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਖਤਮ ਹੋਣੀਆਂ ਚਾਹੀਦੀਆਂ ਹਨ।