ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਿੱਚ ਸ਼ਾਮਲ ਹੋਏ ਸੀਪੀਆਈ ਐਮਐਲ ਲਿਬਰੇਸ਼ਨ ਦੇ ਆਗੂ ਬੰਤ ਸਿੰਘ ਝੱਬਰ ਨਾਲ ਮੰਗਲਵਾਰ ਮੁਲਾਕਾਤ ਕਰ ਕੇ ਉਨ੍ਹਾਂ ਕੋਲੋਂ ‘ਭੁਲੇਖੇ ਨਾਲ’ ਅਪਰਾਧੀਆਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਮੁਆਫ਼ੀ ਮੰਗੀ ਹੈ। ਕੇਜਰੀਵਾਲ ਨੇ ਅਪਰਾਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਬੰਧੀ ਮਾਨਸਾ ਦੇ ਉਮੀਦਵਾਰ ਨਾਜਰ ਸਿੰਘ ਮਾਨਸ਼ਾਹੀਆ ਦੀ ਵੀ ਜਵਾਬਤਲਬੀ ਕੀਤੀ। ਉਂਜ ਇਹ ਸਾਫ਼ ਹੈ ਕਿ ਜਦੋਂ ਮਾਨਸਾ ਵਿੱਚ ਇੱਕੋ ਸਟੇਜ ’ਤੇ ਝੱਬਰ ਅਤੇ ਉਸ ਉਪਰ ਹਮਲਾ ਕਰਨ ਵਾਲੇ ਦੋ ਅਪਰਾਧੀਆਂ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਤਾਂ ਇਸ ਬਾਰੇ ਝੱਬਰ ਨੂੰ ਪਹਿਲਾਂ ਹੀ ਜਾਣਕਾਰੀ ਸੀ। ਝੱਬਰ ਨੇ ਦੱਸਿਆ ਕਿ ਆਗੂਆਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਉਪਰ ਹਮਲਾ ਕਰਨ ਵਾਲੇ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅਪਰਾਧੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ, ਉਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਕਿ ਇਸ ਦਾ ਐਨਾ ਰੌਲਾ ਪੈ ਜਾਵੇਗਾ।