December 22, 2019 | By ਸਿੱਖ ਸਿਆਸਤ ਬਿਊਰੋ
ਚਮਕੌਰ ਸਾਹਿਬ: ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਿੱਖ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਨੂੰ ਇੱਕਮੁੱਠ ਕਰਨ ਅਤੇ ਪੰਥ ਅੱਗੇ ਪੇਸ਼ ਹੋਈਆਂ ਦਰਪੇਸ਼ ਚੁਣੌਤੀਆਂ ਨੂੰ ਗੁਰਮਤਿ ਦੇ ਸਿਧਾਂਤ ਅਧੀਨ ਚੱਲਦੇ ਹੋਏ ਨਜਿੱਠਣ ਦੀ ਆਪਣੀ ਵਚਨਬੱਧ ਦੁਹਰਾਈ।
ਇਸ ਮੌਕੇ ਸਿੱਖ ਯੂਥ ਆਫ ਪੰਜਾਬ ਨੇ ਸਿੱਖ ਜਗਤ ਅੰਦਰ ਪ੍ਰਚੱਲਿਤ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਦੀਆਂ ਕਾਲਪਨਿਕ ਤਸਵੀਰਾਂ ਨੂੰ ਗੁਰਮਤਿ ਵਿਰੋਧੀ ਦੱਸਿਆ ਅਤੇ ਇਨ੍ਹਾਂ ਤਸਵੀਰਾਂ ਨੂੰ ਬਾਈਕਾਟ ਕਰਨ ਦਾ ਸੱਦਾ ਦਿੰਦੇ ਹੋਏ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੁੜਨ ਦੀ ਅਪੀਲ ਕੀਤੀ। ਜਥੇਬੰਦੀ ਦੇ ਕਾਰਕੁਨਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਇਨ੍ਹਾਂ ਤਸਵੀਰਾਂ ਦੁਆਰਾ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਉਂਦਿਆਂ ਪਰਚੇ ਵੰਡੇ ਅਤੇ ਜਿਨ੍ਹਾਂ ਨੌਜਵਾਨਾਂ ਨੇ ਆਪਣੇ ਘਰਾਂ ਅੰਦਰੋਂ ਇਹ ਕਾਲਪਨਿਕ ਤਸਵੀਰਾਂ ਉਤਾਰਨ ਦਾ ਸੰਕਲਪ ਕੀਤਾ ਉਨ੍ਹਾਂ ਨੂੰ ਗੁਰਬਾਣੀ ਦੀਆਂ ਪੰਗਤੀਆਂ ਫੋਟੋ ਫਰੇਮ ਵਿੱਚ ਜੜ੍ਹਵਾ ਕੇ ਦਿੱਤੀਆਂ।
ਜਥੇਬੰਦੀ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਜੋ ਕੋਈ ਵੀ ਸਿੱਖ ਪਹਿਲ ਕਰਦੇ ਹੋਏ ਇਹਨਾਂ ਕਾਲਪਨਿਕ ਤਸਵੀਰਾਂ ਨੂੰ ਆਪਣੇ ਘਰੋਂ ਉਤਾਰਨ ਦੀ ਪਹਿਲ ਕਰੇਗਾ ਉਹ ਉਨ੍ਹਾਂ ਨੂੰ ਗੁਰਬਾਣੀ ਅਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਵੱਡੀਆਂ ਕਰਵਾ ਕੇ ਵੰਡਣਗੇ।
ਉਨ੍ਹਾਂ ਤਸਵੀਰਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਅਲੀਪ ਕੀਤੀ ਕਿ ਉਹ ਗੁਰੂਆਂ ਦੀਆਂ ਨਕਲੀ ਤਸਵੀਰਾਂ ਵੇਚਣ ਦੀ ਬਜਾਏ ਸਿੱਖ ਰਾਜ ਸਥਾਪਤ ਅਤੇ ਪ੍ਰਭਾਵਿਤ ਕਰਨ ਵਾਲੇ ਸਿੱਖ ਜਰਨੈਲਾਂ ਜਿਵੇਂ ਹਰੀ ਸਿੰਘ ਨਲੂਆ, ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਜਰਨੈਲ ਜੋਰਾਵਰ ਸਿੰਘ, ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਵਰਗੇ ਸੂਰਬੀਰਾਂ ਅਤੇ ਸਿੱਖ ਸੰਘਰਸ਼ ਦੀ ਗਵਾਹੀ ਦਿੰਦਾ ਹਿੰਦ ਹਕੂਮਤ ਵੱਲੋਂ ਢਹਿ-ਢੇਰੀ ਕੀਤਾ ਅਕਾਲ ਤਖਤ ਜਿਹੀਆਂ ਤਸਵੀਰਾਂ ਜਾਂ ਗੁਰਬਾਣੀ ਦੀਆਂ ਤੁਕਾਂ ਵਾਲੀਆਂ ਤਸਵੀਰਾਂ ਵੇਚਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੇਸ਼ੱਕ ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਇਨ੍ਹਾਂ ਤਸਵੀਰਾਂ ਨੂੰ ਪ੍ਰਚਾਰ ਦਾ ਮਾਧਿਅਮ ਸਮਝਣਾ ਹੈ ਪਰ ਜੇਕਰ ਗੁਰਮਤਿ ਦੀ ਰੌਸ਼ਨੀ ਅਧੀਨ ਇਨ੍ਹਾਂ ਤਸਵੀਰਾਂ ਅਤੇ ਫਿਲਮਾਂ ਨੂੰ ਦੇਖਿਆ ਜਾਵੇ ਤਾਂ ਇਹ ਸਿੱਖ ਧਰਮ ਦੇ ਪ੍ਰਚਾਰ ਹਿੱਤ ਕਿਸੇ ਵੀ ਰੂਪ ’ਚ ਸਹਾਈ ਨਹੀਂ ਹੋ ਰਹੇ ਬਲਕਿ ਇਸ ਦੇ ਬਿਲਕੁਲ ਉਲਟ ਸਿੱਖ ਪੰਥ ਦੇ ਮੂਲ ਧਾਰਮਿਕ ਸਿਧਾਂਤਾਂ ਉੱਤੇ ਡਾਢੀ ਸੱਟ ਮਾਰਨ ਦਾ ਕੰਮ ਕਰ ਰਹੇ ਹਨ। ਇਸ ਗੱਲ ਦੀ ਪੁਸ਼ਟੀ ਤਸਵੀਰਾਂ ਨੂੰ ਵੇਖਕੇ ਹੀ ਹੋ ਜਾਂਦੀ ਹੈ।
ਉਨ੍ਹਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦੀ ਸਾਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਸਵੀਰ ਬਣਾਉਣ ਦੇ ਆਏ ਪ੍ਰਸਤਾਵ ਨੂੰ ਮੁੱਢੋਂ-ਸੁੱਢੋਂ ਹੀ ਨਾਮੰਨਜ਼ੂਰ ਕਰ ਦਿੱਤਾ ਸੀ ਅਤੇ ਪੰਥ ਨੂੰ ਗੁਰੂ-ਸ਼ਬਦ ਰਾਹੀਂ ਦੈਵੀ ਸੱਚ ਨਾਲ ਜੁੜਨ ਦਾ ਇਲਾਹੀ ਫੁਰਮਾਨ ਸੁਣਾਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਤਰਾਸਦੀ ਹੈ ਕਿ ਗੁਰੂ ਸਾਹਿਬ ਦੇ ਫੁਰਮਾਨ ਤੋਂ ਉਲਟ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ਅਤੇ ਤੋਂ ਲੈ ਕੇ ਕਰੀਬ ਹਰ ਗੁਰੂਘਰ ਵਿੱਚ ਇਹ ਗੁਰਸਿਧਾਂਤ ਵਿਰੋਧੀ ਤਸਵੀਰਾਂ ਲੱਗੀਆਂ ਹੋਈਆਂ ਹਨ।
ਪਰਮਜੀਤ ਸਿੰਘ ਮੰਡ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਸਵੀਰਾਂ ਅਤੇ ਫਿਲਮਾਂ ਦੇ ਖਿਲਾਫ਼ ਹੁਕਮਰਾਨਾਂ ਜਾਰੀ ਕਰਕੇ ਇਨ੍ਹਾਂ ਤਸਵੀਰਾਂ ਅਤੇ ਫਿਲਮਾਂ ਦੁਆਰਾ ਫੈਲਾਏ ਜਾ ਰਹੇ ਮਿੱਠੇ ਜਹਿਰ ਨੂੰ ਕੌਮ ਅੰਦਰੋਂ ਖਤਮ ਕਰਨ ਲਈ ਕਾਰਜਸ਼ੀਲ ਹੋਣ।
ਜਥੇਬੰਦੀ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਜੇ ਤਸਵੀਰਾਂ ਰਾਹੀਂ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਤਾਂ ਇਹ ਗੁਰੂ-ਸਾਹਿਬ ਦੇ ਵੇਲੇ ਤੋਂ ਹੀ ਸ਼ੁਰੂ ਹੋ ਜਾਣਾ ਸੀ ਅਤੇ ਹਰ ਗੁਰੂ ਜੀ ਦਾ ਚਿੱਤਰ, ਗੁਰੂ ਸਾਹਿਬ ਦੇ ਵਕਤ ਹੀ ਤਿਆਰ ਹੋ ਜਾਣਾ ਸੀ। ਪਰ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਹਰ ਗੁਰੂ-ਪ੍ਰੀਤਮ ਨੇ ਪੰਥ ਦੇ ਅੰਦਰ ਸ਼ਬਦ-ਗੁਰੂ ਦਾ ਹੀ ਪ੍ਰਕਾਸ਼ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨਦੀਪ ਸਿੰਘ ਗੁਰਾਇਆ, ਮਹਿੰਦਰ ਸਿੰਘ ਭਟਨੂਰਾ ਜੱਦੀ, ਜਸਪ੍ਰੀਤ ਸਿੰਘ ਖੁੱਡਾ, ਮਲਕੀਤ ਸਿੰਘ ਭਿੰਡਰ, ਸਤਵੀਰ ਸਿੰਘ, ਦਿਲਾਵਰ ਸਿੰਘ, ਬਲਕਾਰ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਸਨ।
Related Topics: Chamkaur Sahib, Paramjit Singh Mand, Sikh Youth of Punjab, Stop Animation or Cartoon Movies on Sikh Gurus, Stop Cartoon Movies or Films on Sikh Gurus, Stop Dastan-E-Miri-Piri Film, Stop Motherhood Animation/Cartoon Movie