November 3, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਫਾਜ਼ਿਲਕਾ ਦੀ ਇਕ ਅਦਾਲਤ ਵਲੋਂ ਸੁਖਪਾਲ ਖਹਿਰਾ ਨੂੰ ਨਸ਼ਾ ਤਸਕਰੀ ਦੇ ਇਕ ਕੇਸ ਵਿਚ ਦੋਸ਼ੀ ਵਜੋਂ ਸੰਮਨ ਭੇਜੇ ਜਾਣ ਦੇ ਪ੍ਰਤੀਕਰਮ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਨਿੱਡਰ ਬੁਲਾਰਾ ਅਤੇ ਧੜੱਲੇਦਾਰ ਆਗੂ ਕਰਾਰ ਦਿੱਤਾ ਹੈ।
ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਜੁੜੇ ਮਾਮਲੇ ਬਾਰੇ ਪਾਰਟੀ ਨੇ ਕਾਨੂੰਨੀ ਸਲਾਹਕਾਰਾਂ ਕੋਲੋਂ ਸਲਾਹ ਮੰਗੀ ਹੈ। ਮਾਨ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਸ ਪੂਰੇ ਮਾਮਲੇ ਵਿਚੋਂ ਪਾਕ-ਸਾਫ਼ ਨਿਕਲ ਕੇ ਆਉਣਗੇ।
ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਮਾਮਲਾ ਅਦਾਲਤੀ ਦਾਇਰੇ ਨਾਲ ਸੰਬੰਧਿਤ ਹੈ, ਜਿਸ ਕਾਰਨ ਕਾਨੂੰਨੀ ਸਲਾਹ ਆਉਣ ਤੱਕ ਕੁੱਝ ਵੀ ਜ਼ਿਆਦਾ ਬੋਲਣਾ ਉਚਿੱਤ ਨਹੀਂ ਹੈ। ਪਰ ਇਸ ਮਾਮਲੇ ਪਿੱਛੇ ਸਿਆਸੀ ਕਿੜ ਕੱਢਣ ਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਤੀਤ ‘ਚੋਂ ਅਣਗਿਣਤ ਮਿਸਾਲਾਂ ਮਿਲਦੀਆਂ ਹਨ ਜਦੋਂ ਸੱਤਾਧਾਰੀ ਧਿਰਾਂ ਆਪਣੀ ਵਿਰੋਧੀਆਂ ਅਤੇ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਅਨੇਕਾਂ ਪ੍ਰਕਾਰ ਦੇ ਪ੍ਰਤੱਖ-ਅਪ੍ਰਤੱਖ ਹੱਥਕੰਡੇ ਅਪਣਾਉਂਦੀਆਂ ਰਹੀਆਂ ਹਨ। ਅਜਿਹੀ ਸੂਰਤ ਵਿਚ ਆਮ ਆਦਮੀ ਪਾਰਟੀ ਨਾ ਕੇਵਲ ਸੁਖਪਾਲ ਸਿੰਘ ਖਹਿਰਾ ਬਲਕਿ ਆਪਣੇ ਹਰੇਕ ਆਗੂ, ਵਲੰਟੀਅਰ ਅਤੇ ਸਮਰਥਕਾਂ ਨਾਲ ਡਟ ਕੇ ਖੜੀ ਹੈ।
ਸਬੰਧਤ ਖ਼ਬਰ:
ਫਾਜ਼ਿਲਕਾ ਦੀ ਇਕ ਅਦਾਲਤ ਵਲੋਂ ਨਸ਼ਾ ਤਸਕਰੀ ਮਾਮਲੇ ‘ਚ ਸੁਖਪਾਲ ਖਹਿਰਾ ਨੂੰ ਸੰਮਨ ਜਾਰੀ …
Related Topics: Aam Aadmi Party, Bhagwant Maan, Captain Amrinder Singh Government, Congress Government in Punjab 2017-2022, Drugs Abuse and Drugs Trafficking in Punjab, Indian Judicial System, Punjab Politics, Sukhpal SIngh Khaira