ਸਿਆਸੀ ਖਬਰਾਂ

ਬੇਅਦਬੀ ਮਾਮਲਿਆਂ ਚ ਜਸਟਿਸ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀ ਹੈ: ਸੁਖਪਾਲ ਸਿੰਘ ਖਹਿਰਾ

January 12, 2019 | By

ਅੰਮ੍ਰਿਤਸਰ: ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵਾਂ ਸਿਆਸੀ ਦਲ ਬਣਾਉਣ ਵਾਲੇ ਸਿਆਸਤਦਾਨ ਸੁਖਪਾਲ ਸਿੰਘ ਖਹਿਰਾ ਨੇ ਬੇਅਦਬੀ ਮਾਮਲਿਆਂ ਵਿਚ ਆਪ ਉੱਤੇ ਗੁੱਝਾ ਵਾਰ ਕਰਦਿਆਂ ਕਿਹਾ ਹੈ ਕਿ ਸਾਬਕਾ ਜੱਜ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਬਾਦਲ-ਭਾਜਪਾ ਸਰਕਾਰ ਨੇ 2015 ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਜਸਟਿਸ (ਰਿਟਾ.) ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਪਰ ਇਸ ਕਮਿਸ਼ਨ ਦੇ ਲੇਖੇ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ। ਬਾਅਦ ਵਿਚ 2017 ਵਿਚ ਕਾਂਗਰਸ ਦੀ ਸਰਕਾਰ ਬਣਨ ਉੱਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਲੇਖੇ ਨੂੰ ਬੇਸਿੱਟਾ ਦੱਸਦਿਆਂ ਰੱਦ ਕਰ ਦਿੱਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਜਸਟਿਸ ਜੋਰਾ ਸਿੰਘ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ ਤੇ ਉਸ ਵਲੋਂ ਬਾਦਲਾਂ ਉੱਤੇ ਉਸ ਦੇ ਲੇਖੇ ਮੁਤਾਬਕ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

ਬੇਅਦਬੀ ਮਾਮਲਿਆਂ ਚ ਜਸਟਿਸ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀ ਹੈ: ਸੁਖਪਾਲ ਸਿੰਘ ਖਹਿਰਾ

ਬੀਤੇ ਦਿਨ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਉਪਰ ਤਾਂ ਜੂਨ 84 ਦੇ ਫੌਜੀ ਹਮਲੇ ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਕਲੰਕ ਦਾ ਵੱਡਾ ਟਿੱਕਾ ਅੱਜ ਵੀ ਹੈ ਤੇ ਬਾਦਲ ਦਲ ਇਸਨੂੰ ਹਰ ਚੋਣ ਮੌਕੇ ਚੌਰਾਹੇ ਵਿੱਚ ਖਲੋ ਕੇ ਭੰਡਦਾ ਰਿਹਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਨਸਾਫ ਮੰਗ ਰਹੇ ਸਿੱਖਾਂ ਦੇ ਕਤਲ ਅਤੇ ਬੇਅਦਬੀ ਦੀ ਆੜ ਹੇਠ ਸਿੱਖਾਂ ਉੱਤੇ ਤਸ਼ੱਦਦ ਕਰਵਾ ਕੇ ਬਾਦਲਾਂ ਨੇ ਵੀ ਇਤਿਹਾਸ ਦੀ ਕਾਲਖ ਖੱਟ ਲਈ ਹੈ।

ਬੇਅਦਬੀ ਤੇ ਬਹਿਬਲ ਕਲਾਂ ਮਾਮਲਿਆਂ ਦੀ “ਅਧੂਰੀ ਜਾਂਚ” ਲਈ ਸੇਵਾ ਮੁਕਤ ਜਸਟਿਸ ਜੋਰਾ ਸਿੰਘ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੋਰਾ ਸਿੰਘ ਦਾ ਗੁਨਾਹ ਬਾਦਲਾਂ ਨਾਲੋਂ ਘੱਟ ਨਹੀ ਹੈ।

ਉਸਨੇ ਕਿਹਾ ਕਿ ਅਜੇਹੇ ਅਣਗਿਣਤ ਸਿੱਖ ਮੌਜੂਦ ਹਨ ਜੋ ਜੋਰਾ ਸਿੰਘ ਦੀ ਜਾਂਚ ਦਾ ਭਾਂਡਾ ਚੌਰਾਹੇ ਭੰਨਣ ਲਈ ਤਿਆਰ ਬੈਠੇ ਹਨ।

ਨਵੀਂ ਬਣਾਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੋਕੇ ਪੀ.ਈ.ਪੀ. ਦੇ ਆਗੂਆਂ ਵਲੋਂ ਪੰਜਾਬ ਨੂੰ ਨਸ਼ੇ ਤੇ ਵੱਡੀਖੋਰੀ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਬਾਦਲਾਂ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਬੰਦ ਕਮਰਾ ਮੁਲਾਕਾਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,