August 10, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (9 ਅਗਸਤ, 2015): ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਬਾਰੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੰਦੀ ਸਿੱਖਾਂ ਦੇ ਮਾਮਲੇ ਵਿੱਚ ਜੋ ਕਰ ਸਕਦੀ ਸੀ, ਉਸ ਨਾਲੋਂ ਵੱਧ ਕਰ ਚੁੱਕੀ ਹੈ ਪਰ ਕੁਝ ਲੋਕ ਬੰਦੀ ਸਿੱਖਾਂ ਦੇ ਮਾਮਲੇ ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ।

ਸੁਖਬੀਰ ਬਾਦਲ (ਫਾਈਲ ਫੋਟੋ)
ਉਨ੍ਹਾਂ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਨੂੰ ਪੰਜਾਬ ਲਿਆਂਦਾ ਜਾ ਚੁੱਕਾ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਕਾਨੂੰਨੀ ਪੇਚੀਦਗੀਆਂ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਚਣਾਂ ਹਨ। ਜਿਨ੍ਹਾਂ ਬੰਦੀ ਸਿੱਖਾਂ ਦੀ ਸੂਚੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ, ਉਨ੍ਹਾਂ ਵਿੱਚੋਂ 70 ਫੀਸਦੀ ਦੇ ਕੇਸ ਟਰਾਇਲ ’ਤੇ ਹਨ ਅਤੇ ਕੁਝ ਬੰਦੀ ਅਜਿਹੇ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਦੀ ਕੋੲੀ ਵੀ ਮਦਦ ਕਰਨ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਨਹੀਂ ਹੈ। ਅਜਿਹੇ ਹਾਲਾਤ ਨੂੰ ਸਮਝਣ ਦੀ ਬਜਾਏ ਕੁਝ ਲੋਕ ਇਸ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੁਝ ਲੋਕ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਦੇ ਨਾਮ ’ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਕਾਲੀ ਦਲ ਦਾ ਆਪਣਾ ਇਕ ਇਤਿਹਾਸ ਹੈ ਤੇ ਇਸ ਦੇ ਆਗੂਆਂ ਨੇ ਕੁਰਬਾਨੀਆਂ ਕਰਕੇ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮੁੱਠੀ ਭਰ ਲੋਕ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਅਗਵਾਈ ਨਹੀਂ ਕਰਦੇ।
ਸੁਖਬੀਰ ਬਾਦਲ ਦੇ ਬਿਆਨ ‘ਤੇ ਸੰਘਰਸ਼ ਕਮੇਟੀ ਦੀ ਪ੍ਰਤੀਕ੍ਰਿਆ:
ਸੁਖਬੀਰ ਬਾਦਲ ਦੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਿੱਤੇ ਬਿਆਨ ਬਾਰੇ ਪੁੱਛਣ ‘ਤੇ ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਆਖੰਡ ਕੀਰਤਨੀ ਜੱਥੇ ਦੇ ਆਗੂ ਆਰਪੀ ਸਿੰਘ ਨੇ ਕਿਹਾ ਕਿ ” ਪੰਜਾਬ ਦੇ ਉੱਪ ਮੁੱਖ ਮੰਤਰੀ ਬਿਆਨ ਬਦਲਦੇ ਰਹਿੰਦੇ ਹਨ, ਇਸ ਕਰਕੇ ਉਨ੍ਹਾਂ ਦੇ ਬਿਆਨ ਬਾਰੇ ਕੀ ਕਹੀਏ? ਕੁਝ ਦਿਨ ਹੀ ਪਹਿਲਾਂ ਬਿਆਨ ਦਿੱਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਹੋ ਰਹੇ ਹਨ, ਪਰ ਹੁਣ ਇਹ ਬਿਆਨ ਦੇ ਦਿੱਤਾ ਹੈ।
ਆਰਪੀ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ ਅਤੇ ਪੰਜਾਬ ਸਰਕਾਰ ਕੋਲ ਉਨ੍ਹਾਂ ਨੂੰ ਰਿਹਾਅ ਕਰਨ ਦੇ ਕਈ ਰਾਹ ਹਨ।
ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸੰਘਰਸ਼ ਦੀ ੳਗਲੀ ਰਣਨੀਤੀ ਉਲੀਕਣ ਲਈ ਹਸਨਪੁਰ ਵਿੱਚ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ।
Related Topics: Badal Dal, Bandi Singhs Rihai Sangharsh Committee, Sikh Political Prisoners, Sukhbir Badal