December 18, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (17 ਦਸੰਬਰ, 2014): ਬਾਦਲ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਦੀ ਵਿਦੇਸ਼ ਡਵੀਜ਼ਨ ਵਲੋਂ ਬਰਕਰਾਰ ਰੱਖੀ ਗਈ, ਭਾਰਤ ਤੋਂ ਬਾਹਰ ਵੱਸਦੇ ਸਿੱਖਾਂ ਦੀ ਕਾਲੀ ਸੂਚੀ ਖ਼ਾਮੀਆਂ ਨਾਲ ਭਰੀ ਹੋਈ ਹੈ ਅਤੇ ਸਿੱਖਾਂ ਲਈ ਪਰੇਸ਼ਾਨੀਆਂ ਪੈਦਾ ਕਰ ਰਹੀ ਹੈ।
ਸੁਖਬੀਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀ ਕਾਲੀ ਸੂਚੀ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਕਿਸੇ ਕੇਸ ਵਿਚ ਸ਼ਮੂਲੀਅਤ ਨਹੀਂ, ਉਨ੍ਹਾਂ ਦੇ ਨਾਮ ਸੂਚੀ ਵਿਚੋਂ ਤੁਰਤ ਹਟਾਏ ਜਾਣ।
ਉਨ੍ਹਾਂ ਕਿਹਾ ਕਿ ਸੂਚੀ ਵਿਚਲੇ ਨਾਵਾਂ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ ਲੋਕਾਂ ਨੂੰ ਹਵਾਈ ਅੱਡਿਆਂ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਗ੍ਰਹਿ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਵਲੋਂ ਸਰਕਾਰ ਨੂੰ ਲਗਾਤਾਰ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਸੂਚੀ ਨੂੰ ਮੁੜ ਪੜਤਾਲ ਕਰ ਕੇ ਨਿਰਦੋਸ਼ ਵਿਅਕਤੀਆਂ ਦੇ ਨਾਮ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਵਿਚਾਰ ਵਟਾਂਦਰੇ ਦੌਰਾਨ ਗ੍ਰਹਿ ਮੰਤਰਾਲੇ ਵਲੋ ਜੋ ਜਾਣਕਾਰੀ ਮੁਹਈਆ ਕਰਵਾਈ ਜਾ ਰਹੀ ਹੈ, ਉਸ ਨਾਲ 63 ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਰੋਕਾਂ ਤਹਿਤ ਸ਼ਾਮਲ ਕੀਤਾ ਗਿਆ ਹੈ ਜਿਸ ਵਿਚੋਂ 31 ਵਿਅਕਤੀਆਂ ਦੀ ਮੁਕੰਮਲ ਦਸਤਾਵੇਜ਼ ਨਾ ਹੋਣ ਕਾਰਨ ਤਸਦੀਕ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਅਜਿਹੇ ਨਾਵਾਂ ਨੂੰ ਤੁਰਤ ਸੂਚੀ ਵਿਚੋਂ ਹਟਾਏ ਜਾਣਾ ਚਾਹੀਦਾ ਹੈ ਜੋ ਕਿਸੇ ਕੇਸ ਵਿਚ ਲੋੜੀਂਦੇ ਨਹੀਂ ਹਨ। ਉਨ੍ਹਾਂ ਗ੍ਰਹਿ ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਇਸ ਵੇਲੇ ਕਾਲੀ ਸੂਚੀ ਦੀ ਸਮੀਖਿਆ ਲਈ ਕੋਈ ਵਿਵਸਥਾ ਨਹੀਂ ਹੈ ਅਤੇ ਅਜਿਹੇ ਵਿਚ ਜਿਹੜੇ ਵਿਅਕਤੀ ਕਿਸੇ ਕੇਸ ਵਿਚ ਲੋੜੀਂਦੇ ਨਹੀਂ ਹਨ, ਉਨ੍ਹਾਂ ਦੇ ਨਾਮ ਸੂਚੀ ਵਿਚ ਬਰਕਰਾਰ ਰੱਖਣ ਦੀ ਕੋਈ ਤੁਕ ਨਹੀਂ ਬਣਦੀ।
Related Topics: Black List Issue, Indian Government, Sikhs Black Listed, sukhbir singh badal