November 30, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਅੱਜ ਸਿੱਖ ਨੌਜਵਾਨਾਂ ਨੇ ਮੁਹਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਰੁਕਵਾਉਣ ਅਤੇ ਗੁਰੂ ਸਾਹਿਬ, ਗੁਰੂ ਸਾਹਿਬ ਦੇ ਮਾਤਾ ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਰਚਦੀਆਂ ਫਿਲਮਾਂ ਦੀ ਪੱਕੀ ਮਨਾਹੀ ਬਾਬਤ ਫੈਸਲਾ ਲੈਣ ਦੇ ਫਰਜ਼ਾਂ ਬਾਬਤ ਹਲੂਣਾ ਦਿੱਤਾ।
ਨੌਜਵਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹ ਆਪ ਅਜਿਹੀਆਂ ਸਵਾਂਗ ਰਚਦੀਆਂ ਫਿਲਮਾਂ ਨੂੰ ਠੀਕ ਨਹੀਂ ਮੰਨਦੇ। ਨੌਜਵਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸੰਸਥਾ ਦੇ ਮੁਖੀ ਵਜੋਂ ਮਿਲਣ ਆਏ ਹਾਂ ਇਸ ਲਈ ਤੁਸੀਂ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਗੱਲ ਯਕੀਨੀ ਬਣਾਓ ਕਿ ਸਿੱਖ ਰਿਵਾਇਤਾਂ ਦੀ ਉਲੰਘਣਾ ਕਰਦੀ ਦਾਸਤਾਨ-ਏ-ਸਰਹੰਦ ਫਿਲਮ ਬੰਦ ਹੋਵੇ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਵਾਂਗ ਰਚਣ ਦੇ ਇਸ ਸਿਧਾਂਤਕ ਕੁਰਾਹੇ ਨੂੰ ਬੰਦ ਕਰਨ ਲਈ ਅਜਿਹੀਆਂ ਫਿਲਮਾਂ ਦੀ ਪੱਕੀ ਮਨਾਹੀ ਕਰਦਾ ਮਤਾ ਜਾਰੀ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨੌਜਵਾਨਾਂ ਸਾਹਮਣੇ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਸਥਿਤ ਦਫਤਰ ਵਿਖੇ ਗੱਲ ਕਰਕੇ ਦਾਸਤਾਨ-ਏ-ਸਰਹੰਦ ਉੱਤੇ ਰੋਕ ਲਾਉਣ ਬਾਰੇ ਬਿਆਨ ਕਰਨ ਲਈ ਕਿਹਾ ਅਤੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਅੱਜ ਇਹ ਬਿਆਨ ਜਾਰੀ ਹੋ ਜਾਵੇਗਾ।
ਦੂਜੇ ਪਾਸੇ ਅੱਜ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਪੰਜਾਬ ਵਿਚ ਵੱਖ-ਵੱਖ ਥਾਈਂ ਮੁਜਾਹਰੇ ਹੋ ਰਹੇ ਹਨ ਅਤੇ ਸਿਨੇਮਿਆਂ ਨੂੰ ਇਹ ਫਿਲਮ ਨਾ ਲਾਉਣ ਦੇ ਸੰਗਤ ਵੱਲੋਂ ਜਾਰੀ ਕੀਤੇ ਹੁਕਮ ਲਿਖਤੀ ਰੂਪ ਵਿਚ ਦਿੱਤੇ ਜਾ ਰਹੇ ਹਨ।
ਇਸ ਮੌਕੇ ਸ. ਰਣਜੀਤ ਸਿੰਘ, ਸ. ਜੋਧ ਸਿੰਘ, ਸ. ਕਿਰਪਾਲ ਸਿੰਘ, ਨਿਮਤ ਸਿੰਘ , ਸ. ਮੇਹਰ ਸਿੰਘ ਆਦਿ ਮੌਜੂਦ ਸਨ।
Related Topics: Dal Khalsa, Gyani Harpreet Singh, Harjinder Singh Dhami, SGPC, Stop Cartoon Movies or Films on Sikh Gurus, Stop Dastan E-Sirhind