June 27, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (26 ਮਈ, 2015): ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ।
ਬਾਬਾ ਜੀ ਦੇ ਸ਼ਹੀਦੀ ਅਸਥਾਨ ਮਹਿਰੋਲੀ ਵਿਖੇ ਸ਼ਹੀਦੀ ਜੋੜ ਮੇਲਾ ਸਜਾਉਣ ਉਪਰੰਤ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸ਼ਤਾਬਦੀ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਦੇ ਪ੍ਰਤੀਕ ਵਜੋਂ ਕਰਵਾਏ ਗਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੂਰਬੀਰ ਯੋਧਾ ਦੱਸਦੇ ਹੋਏ ਪਰਉਪਕਾਰੀ ਅਤੇ ਸਿਦਕੀ ਸਿੱਖ ਵੀ ਦੱਸਿਆ।
ਕਵੀਆਂ ਦੀਆਂ ਇਤਿਹਾਸਕ ਰਚਨਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਿੱਖ ਜਰਨੈਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ ਗਈ ਚੋਣ ਦੇ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ। ਸਾਹਿਬਜ਼ਾਂਦਿਆਂ ਦੀ ਸ਼ਹੀਦੀ ਦੇ ਦੋਸ਼ੀਆਂ ਨੂੰ ਸੋਧਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖੁਦਮੁਖਤਿਆਰੀ ਰਾਜ ਕਾਇਮ ਕਰਕੇ ਕਾਸਤਕਾਰਾਂ ਨੂੰ ਜ਼ਮੀਨ ਵਾਹੁਣ ਦਾ ਹੱਕ, ਗੁਰੂ ਸਾਹਿਬ ਦੇ ਨਾਮ ’ਤੇ ਸਿੱਕਾ ਚਲਾਉਣਾ ਆਦਿਕ ਕਾਰਨਾਂ ਕਰਕੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਇਤਿਹਾਸ ਵਿੱਚ ਰੁਤਬਾ ਦਿਵਾਉਣ ਲਈ ਸਮੂਹ ਸਿੱਖਾਂ ਨੂੰ ਆਪਣਾ ਫਰਜ਼ ਨਿਭਾਉਣ ਦੀ ਵੀ ਅਪੀਲ ਕੀਤੀ।
ਰਵਿੰਦਰ ਨਾਥ ਟੈਗੋਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ 740 ਸਿੰਘਾਂ ਦੀ ਸ਼ਹੀਦੀ ਬਾਰੇ ਬੰਗਾਲੀ ਭਾਸ਼ਾ ਵਿੱਚ ਲਿਖੀ ਕਵਿਤਾ ਦਾ ਹਿੰਦੀ ਤਰਜੁਮਾਂ ਵੀ ਸੰਗਤਾਂ ਨਾਲ ਉਨ੍ਹਾਂ ਨੇ ਸਾਂਝਾ ਕੀਤਾ। ਬਾਬਾ ਜੀ ’ਤੇ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਹੋਣ ਦੀ ਗੱਲ ਕਰਦੇ ਹੋਏ ਬਾਬਾ ਜੀ ਦੇ ਨਾਲ ਦੇ ਸਮੂਹ ਸਿੰਘਾਂ ਵੱਲੋਂ ਬਿਨ੍ਹਾਂ ਕਿਸੇ ਝਿਜਕ ਤੇ ਪਿੱਛੇ ਹੱਟਣ ਤੋਂ ਪਾਸਾ ਵੱਟਦੇ ਹੋਏ ਸੂਰਬੀਰਤਾ ਨਾਲ ਪਾਈ ਗਈ ਸ਼ਹੀਦੀ ਨੂੰ ਵੀ ਡਾਕਟਰ ਜਸਪਾਲ ਸਿੰਘ ਨੇ ਇਤਿਹਾਸ ਦਾ ਨਿਵੇਕਲਾ ਅੰਗ ਦੱਸਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਗੈਰ ਜਥੇਬੰਦਕ ਫੋਜ਼ ਹੋਣ ਦੇ ਬਾਵਜ਼ੂਦ ਲਗਾਤਾਰ ਜੰਗਾਂ ਜਿੱਤਕੇ ਜ਼ਾਲਮ ਰਾਜ ਦੀਆਂ ਨੀਹਾਂ ਉਖਾੜਨ ਦਾ ਹਵਾਲਾ ਦਿੰਦੇ ਹੋਏ ਸਮੂਹ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਕੌਮ ਦੇ ਇਸ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਦਾ ਵੀ ਤਰਲਾ ਮਾਰਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਖਾਲਸਾ ਪੰਥ ਦੀ ਸਿਰਜਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਹੋਈ ਬਖਸ਼ਿਸ਼ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਬਾਣੀ ਅਤੇ ਤਖ਼ਤ ਸਾਹਿਬ ਦੇ ਖਿਲਾਫ ਕਿੰਤੂ ਕਰਨ ਵਾਲੇ ਲੋਕਾਂ ਨੂੰ ਪੰਥਦੋਖੀ ਵੀ ਕਰਾਰ ਦਿੱਤਾ।
ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾ ਦੀਆਂ ਸ਼ਹੀਦੀ ਦੇ ਮੁਕਾਬਲੇ ਸਾਰੀਆ ਸ਼ਹੀਦੀਆਂ ਛੋਟੀ ਹੋਣ ਦਾ ਵੀ ਦਾਅਵਾ ਕੀਤਾ। ਦਿੱਲੀ ਦੀ ਧਰਤੀ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦਰ ਅਤੇ 1984 ਵਿੱਚ ਸਿੱਖਾਂ ’ਤੇ ਹੋਏ ਕਤਲੇਆਮ ਨੂੰ ਵੀ ਯਾਦ ਕਰਦੇ ਹੋਏ ਸਿਰਸਾ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੌਮ ਨੂੰ ਇੱਕਜੁੱਟ ਹੋਣ ਦੀ ਵੀ ਅਪੀਲ ਕੀਤੀ।
ਭਾਰਤ ਦੀ ਆਜ਼ਾਦੀ ’ਚ ਮਹਾਤਮਾ ਗਾਂਧੀ ਦੇ ਯੋਗਦਾਨ ਦੇ ਮੁਕਾਬਲੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਦਾ ਵੀ ਸਿਰਸਾ ਨੇ ਦੁੱਖ ਜਤਾਇਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਜਤਿੰਦਰਪਾਲ ਸਿੰਘ ਗੋਲਡੀ, ਰਵੇਲ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਹੋਰ ਮੈਂਬਰ ਵੀ ਮੌਜ਼ੂਦ ਸਨ।
Related Topics: Baba Banda Singh Bahadar 300 Shahidi, DSGMC