July 25, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ, ( 24 ਜੁਲਾਈ ,2011) : ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀਂ ਬਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ.ਸੀ. ਅਤੇ ਇਸ ਯੂਨੀਵਰਸਿਟੀ ਦੇ ਨਾਂ ਵਿੱਚੋਂ ਸਿੱਖ ਸ਼ਬਦ ਕੱਢੇ ਜਾਣ ਦੇ ਮੁੱਦੇ ’ਤੇ ਇਹ ‘ਵਰਸਿਟੀ ਇਕ ਵਾਰ ਫਿਰ ਪੰਥਕ ਸਫਾਂ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਇਸਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਪੰਥਕ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ ਕਿ ਪੰਥਕ ਹਿੱਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣੀ ਇਸ ਸੰਸਥਾ ਦਾ ਵਾਈਸ ਚਾਂਸਲਰ ਕਿਸੇ ਬੇਦਾਗ ਅਤੇ ਸਮਰਪਿਤ ਸਿੱਖ ਨੂੰ ਹੀ ਲਗਾਇਆ ਜਾਵੇ ਇਸ ਤੋਂ ਬਿਨਾਂ ‘ਵਰਿਸਟੀ ਦੇ ਨਾਂ ਵਿੱਚੋਂ ਹਟਾਇਆ ਗਿਆ ਸਿੱਖ ਸ਼ਬਦ ਮੁੜ ਤੋਂ ਜੋੜਿਆ ਜਾਵੇ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਮੁਖ ਕੈਂਪਸ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਵਿਦਿਅਰਥੀ ਵੀ ਪਹਿਲੇ ਸੈਸ਼ਨ ਲਈ ਦਾਖ਼ਲੇ ਲੈ ਚੁੱਕੇ ਹਨ ਪਰ ਜਦੋਂ ਤੱਕ ਇਸ ਦਾ ਮੁਖੀ ਡਾ. ਜਸਵੀਰ ਸਿੰਘ ਆਹਲੂਵਾਲੀਆ ਵਰਗਾ ਦਾਗੀ ਵਿਅਕਤੀ ਹੈ ਇਹ ਸੰਸਥਾ ਉਸ ਮਕਸਦ ਵਿੱਚ ਸਫ਼ਲ ਨਹੀਂ ਹੋ ਸਕੇਗੀ ਜਿਸ ਮਕਸਦ ਦਾ ਪ੍ਰਚਾਰ ਕਰਕੇ ਇਸ ਸੰਸਥਾ ਦਾ ਨਿਰਮਾਣ ਕੀਤਾ ਗਿਆ ਹੈ ਕਿਉਂਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਸਿੱਖਿਆ ਤੋਂ ਇਹ ਵਿਅਕਤੀ ਆਪ ਹੀ ਬਹੁਤ ਦੂਰ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਸੰਗੀਨ ਦੋਸ਼ ਆਹਲੂਵਲੀਏ ’ਤੇ ਲੱਗੇ ਹਨ ਉਨ੍ਹਾਂ ਨੂੰ ਸਾਡੇ ਸਮਾਜ ਵਿੱਚ ਬਹੁਤ ਹੀ ਘਟੀਆ ਤੇ ਸੰਗੀਨ ਦੋਸ਼ ਮੀਨਆ ਜਾਂਦਾ ਹੈ ਤੇ ਅਜਿਹੇ ਵਿਅਕਤੀ ਨੂੰ ਲੋਕ ਪੰਚਾਇਤ ਮੈਂਬਰ ਵਜੋਂ ਵੀ ਨਹੀਂ ਚੁਣਦੇ ਪਰ ਅਕਾਲੀ ਸਰਕਾਰ ਤੇ ਸ਼੍ਰੌਮਣੀ ਕਮੇਟੀ ਨੇ ਉਸਨੂੰ ਸ਼ਬਦ ਗੁਰੂ ਦੇ ਨਾ ਵਾਲੀ ਸੰਸਥਾ ਦਾ ਇਕ ਬਹੁਤ ਹੀ ਵਕਾਰੀ ਆਹੁਦਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੂ ਰਾਣਾ ਕੇਸ ਅਜੇ ਵੀ ਆਹਲੂਵਾਲੀਏ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਸੰਸਥਾ ਦੇ ਵੀ.ਸੀ. ਵਜੋਂ ਗੰਭੀਰ ਦੋਸ਼ਾਂ ਅਤੇ ਵਿਵਾਦਾਂ ਵਿਚ ਘਿਰੇ ਡਾ. ਆਹਲੂਵਾਲੀਆਂ ਦੀ ਨਿਯੁਕਤੀ ਸ਼ਬਦ ਗੁਰੂ ਦਾ ਅਪਮਾਨ ਹੈ ਤੇ ਇਹ ਨਿਯੁਕਤੀ ਰੱਦ ਕੀਤੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਹੈਰਾਨੀ ਤਾਂ ਇਹ ਗੱਲ ਦੀ ਹੈ ਕਿ ਇਸ ਅੀਹਮ ਸੰਸਥਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਪੂਰੀ ਸਿੱਖ ਕੌਮ ਵਿੱਚੋਂ ਸ਼੍ਰੋਮਣੀ ਕਮੇਟੀ ਨੂੰ ਕੋਈ ਹੋਰ ਯੋਗ ਸਿੱਖ ਨਹੀਂ ਲੱਭਿਆ। ਜਦਕਿ ਸਿੱਖ ਕੋਮ ਵਿੱਚ ਹੋਰ ਵੀ ਬਹੁਤ ਸਾਰੇ ਯੋਗ ਪੜ੍ਹੇ ਲਿਖੇ ਤੇ ਵਿਦਵਾਨ ਸਖਸ਼ੀਅਤਾਂ ਮੌਜ਼ੂਦ ਹਨ ਜਿਨ੍ਹਾ ਨੇ ਅਕਾਦਮਿਕ ਖੇਤਰ ਵਿੱਚ ਪਹਿਲਾ ਹੀ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਹ ਇਸ ਯੂਨੀਵਰਿਸਟੀ ਦੀ ਵੀ.ਸੀ. ਵਜੋਂ ਪੂਰੀ ਜਿੰਮਵਾਰੀ ਅਤੇ ਸਫ਼ਲਤਾ ਨਾਲ ਅਪਣੀ ਸੇਵਾ ਨਿਭਾ ਸਕਦੇ ਹਨ।ਉਨ੍ਹਾ ਕਿਹਾ ਕਿ ਇਸ ਵਕਾਰੀ ਸੰਸਥਾ ਵਿੱਚ ਨਿਯੁਕਤ ਕੀਤੇ ਜਾਣ ਵਾਲਾ ਹਰ ਵਿਅਕਤੀ ਸੇਵਾ ਭਾਵ ਵਾਲ ਤੇ ਉੱਚ ਆਚਰਣ ਦਾ ਮਾਲਕ ਹੋਣਾ ਚਾਹੀਦਾ ਹੈ ਤਾਂ ਜੋ ਸਹੀ ਅਰਥਾਂ ਵਿੱਚ ਇਹ ਸੰਸਥਾ ਅਪਣੇ ਪ੍ਰਚਾਰੇ ਜਾ ਰਹੇ ਮਕਸਦ ਵਿੱਚ ਸਫ਼ਲ ਹੋ ਸਕੇ। ਯੂਨਵਰਿਸਟੀ ਦੇ ਨਾਂ ਵਿਚੋਂ ‘ਸਿੱਖ’ ਸ਼ਬਦ ਕੱਢੇ ਜਾਣ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਇਸ ਯੀਨੀਵਰਸਿਟੀ ਨੂੰ ਬਣਾਉਣ ਦਾ ਐਲਾਨ ਹੀ ‘ਸਿੱਖ’ ਸ਼ਬਦ ਨਾਲ ਕੀਤਾ ਗਿਆ ਸੀ ਪਰ ਇਸਦਾ ਨੀਂਹ ਪੱਥਰ ਰੱਖੇ ਜਾਣ ਤੋਂ ਐਨ ਪਹਿਲਾਂ ਇਸ ਵਿੱਚੋਂ ‘ਸਿੱਖ’ ਸਬਦ ਹਟਾ ਲੈਣਾ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ। ਹਿੰਦੂ ਤੇ ਮੁਸਲਿਮ ਨਾਵਾਂ ਵਾਲੀਆਂ ਯੂਨੀਵਰਿਸਟੀਆਂ ਵੀ ਜਦੋਂ ਇਸ ਦੇਸ਼ ਵਿੱਚ ਮੌਜ਼ੂਦ ਹਨ। ਉਨ੍ਹਾ ਕਿਹਾ ਕਿ ਸਿੱਖ ਕੌਮ ਇਸ ਦਾ ਨੀਂਹ ਪੱਥਰ ਰੱਖੇ ਜਾਣ ਦੇ ਸਮੇਂ ਤੋਂ ਹੀ ਮੰਗ ਕਰ ਰਹੀ ਹੈ ਕਿ ਇਸਦੇ ਨਾਂ ਵਿੱਚ ‘ਸਿੱਖ’ ਸ਼ਬਦ ਮੁੜ ਤੋਂ ਜੋੜਿਆ ਜਾਵੇ।
Related Topics: Fatehgarh Sahib, Shiromani Gurdwara Parbandhak Committee (SGPC)