Site icon Sikh Siyasat News

ਸ਼੍ਰੀ ਅਕਾਲ ਤਖਤ ਸਾਹਿਬ ਨੇ ਫਿਲਮ “ਨਾਨਕ ਸ਼ਾਹ ਫਕੀਰ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ: ਗਿ. ਗੁਰਬਚਨ ਸਿੰਘ

ਅੰਮ੍ਰਿਤਸਰ (27 ਮਾਰਚ, 2015): ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਕਿਰਦਾਰ ਨੂੰ ਫਿਲਮਾਉਂਦੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ”  ਦਾ ਸਿੱਖ ਕੌਮ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ ਵਿਚ ਗੁਰੂ ਸਾਹਿਬ ਦਾ ਕਿਰਦਾਰ ਇਕ ਵਿਅਕਤੀ ਵਲੋਂ ਕੀਤਾ ਗਿਆ ਹੈ, ਜੋ ਕਿ ਨਾ ਸਹਿਣਯੋਗ ਕਾਰਵਾਈ ਹੈ। ਇਹ ਫਿਲਮ ਅਪਰੈਲ ਮਹੀਨੇ ਵਿਚ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿਚਲੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

ਫਿਲਮ “ਨਾਨਕ ਸ਼ਾਹ ਫਕੀਰ”

ਫਿਲਮ ਦੇ ਨਿਰਮਾਤਾ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ੀੲਸ ਫਿਲਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲ਼ੀ ਹੋਈ ਹੈ।ਸਿੱਖ ਜਥੇਬੰਦੀਆਂ ਨੇ ਇਸ ਫਿਲਮ ’ਤੇ ਰੋਕ ਲਾਉਣ ਲਈ ਸੈਂਸਰ ਬੋਰਡ ਦੇ ਮੁਖੀ ਸ੍ਰੀ ਪਹਿਲਾਜ ਨਹਿਲਾਨੀ ਕੋਲ ਵੀ ਪਹੁੰਚ ਕੀਤੀ ਹੈ।

ਫਿਲਮ ਨਿਰਮਾਤਾ ਵੱਲੋਂ ਪਾਏ ਜਾ ਰਹੇ ਭੁਲੇਖੇ ਸਬੰਧੀ ਸਪਸ਼ਟ ਕਰਦਿਆਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਇਸ ਫਿਲਮ ਨੂੰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ । ਦੂਜੇ ਪਾਸੇ ਫਿਲਮ ਦੇ ਪ੍ਰਬੰਧਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ਦੀ ਪ੍ਰਵਾਨਗੀ ਸਬੰਧੀ ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਪ੍ਰਵਾਨਗੀ ਪੱਤਰ ਪ੍ਰਾਪਤ ਕੀਤਾ ਹੋਇਆ ਹੈ।

ਇਸ ਫਿਲਮ ਦੇ ਵਿਵਾਦ ਬਾਰੇ ਗੱਲ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਫਿਲਮ ਦੇ ਪ੍ਰਬੰਧਕਾਂ ਨੂੰ ਕੋਈ ਪ੍ਰਵਾਨਗੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ ਸਗੋਂ ਸਿਰਫ ਉਸ ਨੂੰ ਫਿਲਮ ਦੀ ਸ਼ੁਰੂਆਤ ਸਮੇਂ ਸ਼ੁਭਕਾਮਨਾਵਾਂ ਦਿਤੀਆਂ ਗਈਆਂ ਸਨ, ਜੋ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਸੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਵੀ ਫਿਲਮ ’ਤੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ। ਕਮੇਟੀ ਦੇ ਬੁਲਾਰੇ ਨੇ ਆਖਿਆ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਫਿਲਮ ਹੋਵੇ, ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਜ਼ਰੂਰੀ ਹੈ। ਜੇਕਰ ਪ੍ਰਵਾਨਗੀ ਲੈ ਲਈ ਜਾਵੇ ਤਾਂ ਫਿਰ ਕੋਈ ਵਿਵਾਦ ਪੈਦਾ ਨਹੀਂ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਫਿਲਮ ਨੂੰ ਹੁਣ ਤੱਕ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਇਥੇ ਦੱਸਣਯੋਗ ਹੈ ਕਿ ਹਾਲ ਹੀ ਵਿਚ ਸਫਲ ਸਾਬਤ ਹੋਈ ਐਨੀਮੇਟਿਡ ਫਿਲਮ ‘ਚਾਰ ਸਾਹਿਬਜ਼ਾਦਿਆਂ’ ਤੋਂ ਬਾਅਦ ਸਿੱਖ ਧਰਮ ਨਾਲ ਸਬੰਧਤ ਕਈ ਫਿਲਮਾਂ ਬਣ ਰਹੀਆਂ ਹਨ। ਸਿੱਖ ਧਰਮ ਦੇ ਫਲਸਫੇ ਮੁਤਾਬਕ ਸਿੱਖ ਗੁਰੂਆਂ ਦੇ ਕਿਰਦਾਰ ਵਿਚ ਕਿਸੇ ਵਿਅਕਤੀ ਨੂੰ ਦਿਖਾਉਣਾ ਜਾਇਜ਼ ਨਹੀਂ ਹੈ। ਇਸੇ ਲਈ ਪਹਿਲਾਂ ਵੀ ਅਜਿਹੀਆਂ ਕੁਝ ਫਿਲਮਾਂ ਦਾ ਸਖ਼ਤ ਵਿਰੋਧ ਹੋ ਚੁੱਕਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version