ਦਸਤਾਵੇਜ਼

ਵਿਸ਼ੇਸ਼ ਰਿਪੋਰਟ: ਅਜੋਕੇ ਸਮੇਂ ਦੀ ਸਿੱਖ ਰਾਜਨੀਤੀ ਵਿਚਲੀ ਖੜੋਤ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ

October 20, 2014 | By

– ਸਿੱਖ ਸਿਆਸਤ ਬਿਊਰੋ

ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।

ਵਿਚਾਰ ਚਰਚਾ ਵਿੱਚ ਹਿੱਸਾ ਲੈਦੇ ਸ੍ਰ. ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਸਿੱਖ ਇਤਿਹਾਸਕਾਰ ਅਤੇ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਮਨਧੀਰ ਸਿੰਘ ਸਾਬਕਾ ਜਨਰਲ ਸਕੱਤਰ ਪੰਚ ਪ੍ਰਧਾਨੀ

ਵਿਚਾਰ ਚਰਚਾ ਵਿੱਚ ਹਿੱਸਾ ਲੈਦੇ ਸ੍ਰ. ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਸਿੱਖ ਇਤਿਹਾਸਕਾਰ ਅਤੇ ਚਿੰਤਕ ਸ੍ਰ. ਅਜਮੇਰ ਸਿੰਘ ਅਤੇ ਸ੍ਰ. ਮਨਧੀਰ ਸਿੰਘ ਸਾਬਕਾ ਜਨਰਲ ਸਕੱਤਰ ਪੰਚ ਪ੍ਰਧਾਨੀ

ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਪਿੜ ਵਿਚ ਵਿਚਰ ਰਹੀਆਂ ਬਹੁਤ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਸਾਨੂੰ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਦਾ ਅਮਲੀ ਪ੍ਰਭਾਵ ਬਹੁਤ ਹੀ ਸੀਮਤ ਹੈ।

ਭਾਰਤ ਦੇ ਚੋਣ ਪ੍ਰਬੰਧ ਹੇਠ ਵਿਚਰਦਿਆਂ ਸਿੱਖਾਂ ਦੀ ਸਮੁੱਚੀ ਸੋਚਣੀ ਹੀ ਇਸ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ ਜਿਸ ਤਹਿਤ ਰਾਜਨੀਤੀ ਨੂੰ ਮਹਿਜ਼ ਚੋਣ/ਵੋਟ-ਰਾਜਨੀਤੀ ਤੱਕ ਹੀ ਸੀਮਤ ਕਰਕੇ ਵੇਖਿਆ ਜਾ ਰਿਹਾ ਹੈ ਅਤੇ ਸਮੁੱਚੇ ਯਤਨ ਇਸੇ ਦੇ ਘੇਰੇ ਅੰਦਰ ਹੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਅਜਿਹੇ ਹਾਲਾਤ ਵਿਚ ਇਹ ਜਰੂਰੀ ਹੋ ਜਾਂਦਾ ਹੈ ਕਿ ਇਸ ਸਮੁੱਚੇ ਵਰਤਾਰੇ ਬਾਰੇ ਨਿੱਠ ਕੇ ਵਿਚਾਰ ਕੀਤੀ ਜਾਵੇ ਅਤੇ ਇਸੇ ਲੋੜ ਨੂੰ ਮੁੱਖ ਰੱਖਦਿਆਂ “ਸਿੱਖ ਸਿਆਸਤ” ਵਲੋਂ ਇਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸ ਦੀ ਪਹਿਲੀ ਕੜੀ ਵਿਚ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਵਲੋਂ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਾਬਕਾ ਸਕੱਤਰ ਜਨਰਲ ਭਾਈ ਮਨਧੀਰ ਸਿੰਘ ਨਾਲ ਗੱਲ-ਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਪਾਠਕਾਂ ਦੇ ਧਿਆਨ ਹਿਤ ਪੇਸ਼ ਹਨ।

ਬੀਤੀ 9 ਅਕਤੂਬਰ 2014 ਨੂੰ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਜੱਥੇਬੰਦਕ ਢਾਂਚਾ ਭੰਗ ਕਰਨ ਅਤੇ ਭਵਿੱਖ ਦੀ ਸੇਧ ਮਿੱਥਣ ਲਈ ਪੰਥਕ ਸਫਾਂ ਤੇ ਵਿਦਵਾਨ ਸੱਜਣਾ ਨਾਲ ਸਲਾਹ-ਮਸ਼ਵਰਾ ਕਰਨ ਦੇ ਐਲਾਨ ਬਾਰੇ ਪੁੱਛੇ ਜਾਣ ਉੱਤੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿਆਸੀ ਬਣਤਰਾਂ ਵਿਚ ਜਥੇਬੰਦਕ ਢਾਂਚੇ ਭੰਗ ਕਰਨ ਦੀ ਕਵਾਇਦ ਕੋਈ ਨਵੀਂ ਨਹੀਂ ਹੈ ਪਰ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪੁੱਟੇ ਗਏ ਕਦਮ ਬਾਰੇ ਉਨ੍ਹਾਂ ਕਿਹਾ ਕਿ ਜਿਸ ਮਨੋਰਥ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਪਾਰਟੀ ਨੇ ਇਹ ਕਦਮ ਚੁੱਕਿਆ ਹੈ ਉਹ ਆਮ ਕਵਾਇਦ ਨਾਲੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਸਾਡਾ ਰਾਜਨੀਤੀ ਵਿੱਚ ਆਉਣ ਦਾ ਮੰਤਵ ਸੱਤਾ ਨੂੰ ਮਾਨਣਾ ਨਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਰਾਜਨੀਤੀ ਦਾ ਮੰਤਵ ਗੁਰਮਤਿ ਅਨੁਸਾਰੀ ਖ਼ਾਲਸਾ ਰਾਜ ਦੀ ਸਿਰਜਣਾ ਕਰਨਾ ਅਤੇ ਸਿੱਖ ਪੰਥ ਦੀ ਅਜ਼ਾਦੀ ਹੈ। ਅਪਣੇ ਨੁਕਤੇ ਨੂੰ ਵਧੇਰੇ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਅਜ਼ਾਦੀ ਦਾ ਮਤਲਬ ਕੋਈ ਸੱਤਾ ਤਬਦੀਲ ਨਹੀਂ ਹੈ, ਸਗੋਂ ਮਨੁੱਖ ਮਾਤਰ ਦੀ ਸੰਪੂਰਨ (ਆਰਥਿਕ, ਸਮਾਜਕ, ਸਿਆਸੀ ਅਤੇ ਮਾਨਸਿਕ) ਅਜ਼ਾਦੀ ਲਈ ਮਾਹੌਲ ਸਿਰਜਣਾ ਹੈ।

ਭਾਈ ਮਨਧੀਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਥਾਪਿਤ ਰਾਜਸੀ ਢਾਂਚੇ ਇੰਨੇ ਰਸਾਤਲ ਵਿੱਚ ਜਾ ਪਏ ਹਨ ਕਿ ਉੇਹ ਇਸ ਦੁਨੀਆਂ ਦੀ, ਇਸ ਸਮਾਜ ਦੀ ਤਰਸਯੋਗ ਹਾਲਤ ਵਿੱਚ ਤਾਜ਼ਗੀ ਲਿਆਉਣ ਦੇ ਕਾਬਲ ਹੀ ਨਹੀਂ ਸਗੋਂ ਇਸ ਦੇ ਉਲਟ ਇਸ ਸਭ ਕਾਸੇ ਲਈ ਜਿਮੇਵਾਰ ਹਨ। ਅਜਿਹੇ ਸਮੇਂ ਵਿੱਚ ਜਦ ਅਸੀਂ ਸਿੱਖ ਰਾਜਸੀ ਢਾਂਚਿਆਂ ਵੱਲ ਵੇਖਦੇ ਹਾਂ ਤਾਂ ਉਨ੍ਹਾਂ ਵਿੱਚ ਵੀ ਅਜਿਹਾ ਕੁਝ ਨਜ਼ਰ ਨਹੀਂ ਆਉਦਾ ਜੋ ਸਿੱਖ ਕਾਜ਼ ਦੀ ਮੰਜ਼ਿਲ ਦੀ ਦੱਸ ਪਾਉਂਦਾ ਹੋਵੇ। ਇਸ ਕਰਕੇ ਜਿਸ ਪਵਿੱਤਰ ਕਾਜ਼ ਲਈ ਸਿੱਖ ਜੁਝਾਰੂਆਂ ਨੇ ਇੰਨਾ ਲੰਮਾ ਸੰਘਰਸ਼ ਲੜਿਆ ਹੋਵੇ, ਇੰਨੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਹੋਣ, ਕੌਮ ਐਨੇ ਸੰਕਟ ਵਿੱਚੋਂ ਲੰਘੀ ਹੋਵੇ, ਅੱਜ ਉਸ ਪਵਿੱਤਰ ਕਾਜ਼ ਵਿੱਚ ਖੜੋਤ ਕਿਉਂ ਆ ਗਈ? ਇਸ ਸਭ ਵਿਚਾਰਨ ਲਈ ਸਿੱਖ ਕੌਮ ਦੇ ਰੌਸ਼ਨ ਦਿਮਾਗ ਦਾਨਿਸ਼ਵਰਾਂ, ਸਮਰਪਿਤ ਸਿੱਖ ਹਸਤੀਆਂ ਅਤੇ ਹਮ ਖਿਆਲੀ ਜੱਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਇੱਕ ਸਾਂਝੀ ਰਾਇ ਬਨਾਈ ਜਾਵੇਗੀ ਤਾਂ ਕਿ ਇਸ ਲਹਿਰ ਨੂੰ ਅੱਗੇ ਵਧਾਇਆ ਜਾ ਸਕੇ।

ਭਾਈ ਮਨਧੀਰ ਸਿੰਘ ਨੇ ਅੱਗੇ ਕਿਹਾ ਕਿ ਸਿੱਖ ਰਾਜਨੀਤੀ ਦਾ ਇੱਕ ਹਿੱਸਾ ਬਿਪਰਵਾਦੀ ਧਿਰ ਨਾਲ ਚੱਲ ਰਿਹਾ ਹੈ, ਉਸਨੇ ਸਾਰੇ ਪੰਥਕ ਸਰੋਕਾਰ ਤਿਆਗ ਦਿੱਤੇ ਹਨ। ਦੂਜੇ ਪਾਸੇ ਸ਼ਬਦ ਗੁਰੂ ਦੇ ਅਨੁਸਾਰੀ ਰਾਜਸੀ ਢਾਂਚਾ ਤਿਆਰ ਕਰਨ ਲਈ ਸਾਡੇ ਸਮੇਤ ਹੋਰ ਵੀ ਜੱਥੇਬੰਦੀਆਂ ਲੱਗੀਆਂ ਹੋਈਆਂ ਹਨ। ਹੁਣ ਨੁਕਤਾ ਇਹ ਹੈ ਕਿ ਇਸ ਸੰਘਰਸ਼ ਵਿੱਚ ਕਦਮ ਅੱਗੇ ਨਹੀਂ ਵੱਧ ਰਿਹਾ। ਕਿਤੇ ਕੋਈ ਉਕਾਈ ਜਰੂਰ ਹੈ। ਸਾਡੇ ਸਿਰੜ ਵਿੱਚ ਜਾਂ ਸਾਡੀ ਸੇਧ ਵਿੱਚ ਕਮੀ ਹੈ , ਇਸਦੇ ਕਈ ਹੋਰ ਰੂਪ ਵੀ ਹੋ ਸਕਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਰੁਹਾਨੀ ਜ਼ੱਜਬੇ ਵਿੱਚ ਕਮੀ ਹੈ। ਨਿੱਜ਼ੀ ਮੁਫਾਦ ਸਮੇਤ ਬਹੁਤ ਸਾਰੀਆਂ ਉਣਤਾਈਆਂ ਸਿੱਖ ਰਾਜਸੀ ਜੱਥੇਬੰਦੀਆਂ ਅਤੇ ਆਗੂਆਂ ਵਿੱਚ ਹਨ। ਇਨ੍ਹਾਂ ਸਾਰੀਆ ਗੱਲਾਂ ‘ਤੇ ਵੀਚਾਰ ਕਰਕੇ ਅੱਗੇ ਕੋਈ ਰਾਹ ਅਖਤਿਆਰ ਕੀਤਾ ਜਾਵੇਗਾ।

ਅਜੋਕੇ ਰਵਾਨੀ ਸਮੇਂ ਵਿੱਚ ਸਿੱਖ ਰਾਜਨੀਤੀ ਵਿੱਚ ਖੜੋਤ ਬਾਰੇ ਪੁੱਛੇ ਜਾਣ ਉੱਤੇ ਸ. ਅਜਮੇਰ ਸਿੰਘ ਨੇ ਕਿਹਾ ਕਿ ਆਮ ਤੌਰ ਉੱਤੇ ਇਸ ਸਮੁੱਚੇ ਮਸਲੇ ਨੂੰ ਜਥੇਬੰਦਕ ਢਾਚਿਆਂ ਦੀ ਖੜੋਤ ਤੱਕ ਸੀਮੀਤ ਕਰ ਕੇ ਵੇਖਿਆ ਜਾਂਦਾ ਹੈ ਜੋ ਕਿ ਇਕ ਦੋਸ਼-ਪੂਰਨ ਨਜ਼ਰੀਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਲਹਿਰ ਦਾ ਜੱਥੇਬੰਦਕ ਢਾਚਾ ਮਹਿਜ਼ ਢਾਂਚਾ ਹੀ ਨਹੀਂ ਹੁੰਦਾ, ਉਹ ਆਪਣੇ ਵਿੱਚ ਹੋਰ ਬਹੁਤ ਕੁਝ ਸਮੋਈ ਬੈਠਾ ਹੁੰਦਾ ਹੈ। ਆਪਣੇ ਨੁਕਤੇ ਨੂੰ ਗੱਲ-ਬਾਤ ਦੇ ਪ੍ਰਸੰਗ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਇੱਥੇ ਗੱਲ ਢਾਂਚੇ ਦੀ ਨਹੀ, ਸੰਕਟ ਹੋਰ ਵੀ ਵੱਡਾ ਹੈ।

ਇੱਥੇ ਸਭ ਤੋਂ ਪਹਿਲਾ ਜੋ ਬੁਨਿਆਦੀ ਸਵਾਲ ਹੈ, ਉਹ ਇਹ ਹੈ ਕਿ ਸਿੱਖ ਰਾਜਨੀਤੀ ਦੀ ਵਿਸ਼ੇਸਤਾ ਕੀ ਹੈ? ਜਿੰਨਾਂ ਚਿਰ ਸਿੱਖ ਰਾਜਨੀਤੀ ਦੀ ਵਿਸ਼ੇਸਤਾ ਨਹੀਂ ਪਛਾਣੀ ਜਾਂਦੀ, ਉਨ੍ਹਾਂ ਚਿਰ ਤੁਸੀ ਸਿੱਖ ਕਾਜ਼ ਨੂੰ ਅੱਗੇ ਨਹੀਂ ਵਧਾ ਸਕਦੇ।

ਉਨ੍ਹਾਂ ਕਿਹ ਕਿ ਰਵਾਇਤੀ ਰਾਜਨੀਤੀ ਅਤੇ ਸਿੱਖ ਰਾਜਨੀਤੀ ਵਿਚ ਇੱਕ ਬੁਨਿਆਦੀ ਫਰਕ ਹੈ। ਰਵਾਇਤੀ ਰਾਜਨੀਤੀ ਦੀ ਆਪਣੇ ਆਪ ਵਿੱਚ ਇੱਕ ਮੰਜ਼ਿਲ ਹੈ, ਜਿਸ ਦਾ ਆਖਰੀ ਸਿਰਾ ਹੈ ਸੱਤਾ ਪ੍ਰਾਪਤੀ। ਸੱਤਾ ਦੀ ਵਰਤੋਂ ਕਿਸ ਵਾਸਤੇ ਕਰਨੀ ਹੈ ਇਸ ਦਾ ਕੋਈ ਵੱਡਾ ਟੀਚਾ ਨਹੀਂ ਹੈ। ਰਵਾਇਤੀ ਰਾਜਨੀਤੀ ਦਾ ਮੁੱਖ ਟੀਚਾ ਹੈ ਸਿਰਫ ਆਪਣੇ ਅਤੇ ਆਪਣੇ ਵਰਗ ਦੇ ਸਵਾਰਥੀ, ਨਿੱਜੀ ਹਿੱਤਾਂ ਦੀ ਪੂਰਤੀ ਭਾਵੇਂ ਕਿ ਇਸ ਸਵਾਰਥ ਨੂੰ ਢੱਕਣ ਲਈ ਵੱਖ-ਵੱਖ ਗੱਲਾਂ ਕੀਤੀਆਂ ਜਾਂਦੀਆਂ ਹਨ, ਨਾਅਰੇ ਲਾਏ ਜਾਂਦੇ ਹਨ ਪਰ ਅੰਤਮ ਨਤੀਜਾ ਇਹੀ ਹੈ ਕਿ ਸੱਤਾ ਦੀ ਪ੍ਰਾਪਤੀ ਲਈ ਹੀ ਸੱਤਾ ਦੀ ਪ੍ਰਾਪਤੀ ਕੀਤੀ ਜਾਂਦੀ ਹੈ।

ਇਸਦੇ ਉਲਟ ਸਿੱਖ ਰਾਜਨੀਤੀ ਇੱਕ ਆਦਰਸ਼ਕ ਰਾਜਨੀਤੀ ਹੈ। ਸਿੱਖਾਂ ਲਈ ਰਾਜਨੀਤੀ ਜਾਂ ਸੱਤਾ ਗੁਰੂਆਂ ਵੱਲੋਂ ਮਿੱਥੇ ਆਦਰਸ਼ਾਂ ਦੀ ਪ੍ਰਾਪਤੀ ਲਈ ਮਹਿਜ਼ ਇੱਕ ਸਾਧਨ ਹੈ। ਇਨ੍ਹਾਂ ਆਦਰਸ਼ਾਂ ਨੂੰ ਸਾਹਮਣੇ ਰੱਖਕੇ ਹੀ ਸਿੱਖ ਰਾਜਨੀਤੀ ਘੜੀ ਜਾਂਦੀ ਹੈ। ਸਿੱਖ ਆਦਰਸ਼ ਅਮੂਰਤ ਨਹੀਂ ਹਨ, ਸਗੋਂ ਹਰ ਸਮੇਂ ਅਤੇ ਹਲਾਤਾਂ ਅਨੁਸਾਰ ਆਦਰਸ਼ਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਕਿ ਅੱਜ ਆਦਰਸ਼ਾਂ ਦੀ ਪ੍ਰਾਪਤੀ ਲਈ ਕੀ ਕਰਨਾ ਬਣਦਾ ਹੈ? ਸਮੇਂ ਅਤੇ ਹਲਾਤ ਅਨੁਸਾਰ ਆਦਰਸ਼ਾਂ ਦਾ ਟੀਚਾ ਮਿਥਿਆ ਜਾਂਦਾ ਹੈ। ਇੱਕ ਰਾਜਸੀ ਲਾਈਨ ਮਿੱਥਕੇ ਉਸ ਅਨੁਸਾਰ ਢਾਂਚਾ ਤਿਆਰ ਕੀਤਾ ਜਾਂਦਾ ਹੈ।

ਸਿੱਖ ਰਾਜਸੀ ਜੱਥੇਬੰਦੀ ਅਤੇ ਰਵਾਇਤੀ ਰਾਜਸੀ ਜੱਥੇਬੰਦੀ ਵਿੱਚਲੇ ਬੁਨਿਆਦੀ ਫਰਕ ਦੀ ਵਧੇਰੇ ਵਿਆਖਿਆ ਕਰਦਿਆਂ ਸ. ਅਜਮੇਰ ਸਿੰਘ ਨੇ ਕਿਹਾ ਕਿ ਆਮ ਰਾਜਸੀ ਜੱਥੇਬੰਦੀਆਂ ਅਤੇ ਸਿੱਖ ਰਾਜਸੀ ਜੱਥੇਬੰਦੀਆਂ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਆਮ ਰਾਜਸੀ ਜੱਥੇਬੰਦੀਆਂ ਵਿੱਚ ਉਸ ਜੱਥੇਬੰਦੀ ਦੀ ਵਿਚਾਰਧਾਰਾ ਨਾਲ ਜੁੜੇ ਚੇਤੰਨ ਬੰਦੇ ਖੜੇ ਹੁੰਦੇ ਹਨ ਜਦਕਿ ਸਿੱਖ ਰਾਜਸੀ ਜੱਥੇਬੰਦੀ ਇਕੱਲੇ ਰਾਜਸੀ ਤੌਰ ‘ਤੇ ਚੇਤੰਨ ਬੰਦਿਆਂ ਦੀ ਜੱਥਬੰਦੀ ਨਹੀਂ, ਸਗੋਂ ਅਤਮਕਿ ਤੌਰ ‘ਤੇ ਚੇਤੰਨ ਬੰਦਿਆਂ ਦੀ ਜੱਥੇਬੰਦੀ ਹੋਵੇਗੀ। ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਦਾ ਵਿੱਚ ‘ਗੁਰੁ ਸਾਹਿਬ ਦਾ ਵਰੋਸਾਇਆ ਆਦਰਸ਼ ਜਿਸ ਹਿਰਦੇ ਵਿੱਚ ਵੱਸ ਜਾਂਦਾ ਹੈ ਉਸਦੀ ਆਤਮਕਿ ਤੌਰ ਤੇ ਕਾਇਆ ਕਲਪ ਹੋ ਜਾਂਦੀ ਹੈ। ਬੰਦਾ ਬਦਲ ਜਾਂਦਾ ਹੈ, ਉਸ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਕਾਸ਼ ਹੋ ਜਾਂਦਾ ਹੈ’।

ਜੋ ਜੱਥੇਬੰਦੀ ਅਸੀਂ ਸਿੱਖ ਕਾਜ਼ ਲਈ ਉਸਾਰਨਾ ਚਾਹੁੰਦੇ ਹਾਂ, ਵੇਖਣਾ ਪਵੇਗਾ ਕਿ ਉਸ ਵਿੱਚ ਉਹ ਸਾਰੀਆਂ ਕਦਰਾਂ-ਕੀਮਤਾਂ ਹਨ, ਜੋ ਇੱਕ ਆਤਮਕਿ ਤੌਰ ‘ਤੇ ਜਾਗਰੂਕ ਵਿਅਕਤੀ ਵਿੱਚ ਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਆਤਮਕਿ ਤੌਰ ‘ਤੇ ਚੇਤੰਨ ਵਿਅਕਤੀ ਦਾ ਪ੍ਰਮੁੱਖ ਗੁਣ ਸੁਹਿਰਦਤਾ ਹੁੰਦੀ ਹੈ। ਇਹ ਸੁਹਿਰਦਤਾ ਉਸਦੇ ਕਾਜ਼ ਪ੍ਰਤੀ, ਸਮਾਜ ਪ੍ਰਤੀ, ਜ਼ਿੰਦਗੀ ਪ੍ਰਤੀ, ਉਸਦੇ ਕਦਮ-ਕਦਮ ਵਿਚੋਂ, ਅਚਾਰ-ਵਿਹਾਰ ਵਿਚੋਂ, ਹਰ ਬੋਲ ਅਤੇ ਹਰ ਅੰਦਾਜ਼ ਵਿਚੋਂ ਪ੍ਰਗਟ ਹੋਣੀ ਚਾਹੀਦੀ ਹੈ।

ਇਸ ਨੁਕਤੇ ਤੋਂ ਦੇਖਿਆਂ ਮੌਜੂਦਾ ਸਿੱਖ ਰਾਜਨੀਤੀ ਦੀ ਸਮੱਸਿਆ ਜੱਥੇਬੰਦਕ ਢਾਂਚੇ ਦੀ ਨਹੀਂ, ਸਗੋਂ ਇਸ ਤੋਂ ਬਹੁਤ ਡੂੰਘੀ ਹੈ ਅਤੇ ਬੁਨਿਆਦੀ ਸਮੱਸਿਆ ਇਹ ਹੈ ਕਿ ਅਸੀਂ ਸਿੱਖ ਆਦਰਸ਼ਾਂ ਨੂੰ ਅੱਗੇ ਲਿਜਾਣ ਵਾਸਤੇ ਜੁਗਤ ਹੀ ਪੈਦਾ ਨਹੀਂ ਕਰ ਸਕੇ।

ਇਸ ਨਕਤਾ ਨਜ਼ਰ ਤੋਂ ਦੇਖਿਆਂ ਅੱਜ ਦੀਆਂ ਸਿੱਖ ਰਾਜਸੀ ਜੱਥੇਬੰਦੀਆਂ ਅਤੇ ਰਵਾਇਤੀ ਰਾਜਸੀ ਜੱਥੇਬੰਦੀਆਂ ਵਿੱਚ ਕੋਈ ਬੁਨਿਆਦੀ ਫਰਕ ਨਜ਼ਰ ਨਹੀਂ ਆਉਦਾ। 19-21 ਦੇ ਫਰਕ ਨਾਲ ਅੱਜ ਦੇ ਸਮੇਂ ਕੌਮੀ ਕਾਜ਼ ਨਾਂ ਉੱਤੇ ਰਾਜਨੀਤੀ ਕਰ ਰਹੀਆਂ ਰਾਜਸੀ ਜੱਥੇਬੰਦੀਆਂ ਅਤੇ ਰਵਾਇਤੀ ਜੱਥੇਬੰਦੀਆਂ ਵਿੱਚ ਕੋਈ ਫਰਕ ਨਹੀਂ। ਇਹ ਗੱਲ ਸੁਨਣ ਨੂੰ ਬੜੀ ਓਪਰੀ ਲੱਗ ਸਕਦੀ ਕਿ ਸਿੱਖ ਕਾਜ਼ ਲਈ ਕੰਮ ਕਰਨ ਵਾਲੀਆਂ ਅਤੇ ਰਵਇਤੀ ਰਾਜਸੀ ਧਿਰਾਂ ਵਿੱਚ ਕੋਈ ਫਰਕ ਨਹੀਂ ਹੈ, ਪਰ ਹਾਲਾਤ ਅਜਿਹੇ ਹੀ ਹਨ।

ਉਨ੍ਹਾਂ ਕਿਹਾ ਕਿ ਸਿੱਖ ਰਾਜਸੀ ਜੱਥੇਬੰਦੀ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਇਹ ਸ਼ਖਸ਼ੀਅਤ ਕੇਦਰਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਇੱਕ ਸੁਹਿਰਦ ਲੀਡਰ ਲੋਕਾਂ ਵਿੱਚ ਜਾਂਦਾ ਹੈ, ਉਨ੍ਹਾਂ ਵਿੱਚ ਪੰਜ ਸਾਲ, ਦਸ ਸਾਲ ਕੰਮ ਕਰਦਾ ਹੈ। ਜੇ ਉਸਨੂੰ ਇਹ ਲੱਗਣ ਲੱਗ ਪਵੇ ਕਿ ਗੱਲ ਅੱਗੇ ਨਹੀਂ ਜਾ ਰਹੀ, ਸਗੋਂ ਇਸਤੋਂ ਵੀ ਵੱਧ, ਖਿੰਡ ਰਹੀ ਹੈ ਤਾਂ ਉਸਦੀ ਸੁਹਿਰਦਤਾ ਇਹ ਮੰਗ ਕਰਦੀ ਹੈ ਕਿ ਉਹ ਆਤਮ ਚੀਨਣ ਕਰੇ, ਬੈਠਕੇ ਸੋਚੇ, ਉਸਦਾ ਉੱਤਰ ਲੱਭੇ ਅਤੇ ਜੱਥੇਬੰਦੀ ਦੇ ਸਾਹਮਣੇ ਰੱਖੇ।ਬੰਦੇ ਵਿੱਚ ਉਣਤਾਈਆਂ ਹੋ ਸਕਦੀਆਂ ਹਨ। ਉਣਤਾਈਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਅਤੇ ਉਨ੍ਹਾਂ ਨੂੰ ਲਗਤਾਰ ਦੂਰ ਕਰਦੇ ਰਹਿਣਾ, ਜੱਥੇਬੰਦੀ ਵਿੱਚ ਅਜਿਹਾ ਮਾਹੌਲ ਪੈਦਾ ਕਰਨਾ ਕਿ ਹਰ ਕੋਈ ਉੱਥੇ ਸਵਾਲ ਖੜਾ ਕਰ ਸਕੇ। ਪਰ ਜੇਕਰ ਜਥੇਬੰਦੀ ਸਖਸ਼ੀਅਤ ਕੇਦਰਿਤ ਹੈ ਤਾਂ ਇਸ ਵਿੱਚ ਆਲੋਚਨਾ ਦਾ, ਬਹਿਸ ਦਾ, ਸੁਧਾਰ ਦਾ, ਪੜਚੋਲ ਦਾ ਅਮਲ ਪੈਦਾ ਨਹੀਂ ਹੋ ਸਕੇਗਾ, ਇਸ ਲਈ ਸਿੱਖ ਜਥੇਬੰਦੀ ਸਖਸ਼ੀਅਤ ਕੇਂਦਰਤ ਨਹੀਂ ਹੋਣੀ ਚਾਹੀਦੀ ਸਗੋਂ ਇਸ ਦੇ ਕੇਂਦਰ ਵਿਚ ਸਿਧਾਂਤ/ ਸ਼ਬਦ ਹੋਣਾ ਚਾਹੀਦਾ ਹੈ।

ਗੁਰੁ ਸਹਿਬਾਨਾਂ ਨੇ ਆਪਣੇ ਅਮਲਾਂ ਰਾਹੀ ਸਿੱਖਾਂ ਨੂੰ ਇਹ ਦੱਸਿਆ ਹੈ ਕਿ ਸਿੱਖ ਵਾਸਤੇ ਸਿਧਾਂਤ ਅਵੱਲ ਹਨ ਅਤੇ ਸ਼ਖਸ਼ੀਅਤ ਦੋਮ ਹੈ। ਜੇਕਰ ਵਿਅਕਤੀ ਪ੍ਰਮੁੱਖ ਬਣ ਗਿਆ ਤਾਂ ਫਿਰ ਰਾਜਸੀ ਖੇਤਰ ਵਿੱਚ ਗੁਰੂਡੰਮ, ਸ਼ਖਸ਼ੀਅਤ ਪ੍ਰਸਤੀ ਸ਼ੁਰੂ ਹੋ ਜਾਵੇਗੀ। ਸ਼ਖਸ਼ੀਅਤ ਉਹੀ ਪ੍ਰਵਾਨ ਹੈ ਜਿਹੜੀ ਗੁਰੂ ਅਮਲਾਂ ਦੀ ਅਨੁਸਾਰੀ ਹੋਵੇ।

ਗੱਲ-ਬਾਤ ਦੇ ਅਗਲੇ ਹਿੱਸੇ ਵਿਚ ਸ. ਅਜਮੇਰ ਸਿੰਘ ਨੇ ਕਿਹਾ ਸੰਤ ਤੇਜਾ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਇੱਕ ਜਗਾਂ ਬੜਾ ਸੋਹਣਾ ਦੱਸਿਆ ਕਿ ਸਿੱਖ ਲੀਡਰ ਕਿਹੋ ਜਿਹਾ ਹੋਵੇ। ਉਨ੍ਹਾਂ ਨੂੰ ਸੰਤ ਅਤਰ ਸਿੰਘ ਮਸਤੂਆਣੇ ਵਾਲ਼ਿਆਂ ਦੱਸਿਆ ਸੀ ਕਿ ਸਿੱਖ ਲੀਡਰ ਵਿੱਚ ਤਿੰਨ ਗੁਣ ਬੀਰਤਾ, ਧੀਰਤਾ ਅਤੇ ਗੰਭੀਰਤਾ ਜਰੂਰ ਹੋਣੇ ਚਾਹੀਦੇ ਹਨ। ਬੀਰਤਾ ਮਤਲਬ ਨਿਰਭਉ ਹੋਵੇ, ਧੀਰਤਾ ਭਾਵ ਧੀਰਜ਼ ਰੱਖਦਾ ਹੋਵੇ, ਐਵੇ ਮਾੜੀ ਜਿਹੀ ਗੱਲ ‘ਤੇ ਭੜਕਾਹਟ ਵਿੱਚ ਨਾ ਆ ਜਾਵੇ, ਕਿਉਂਕਿ ਐਨੇ ਵੱਡੇ ਸੰਘਰਸ਼ ਵਿੱਚ ਬੜੀਆਂ ਪਰਖ ਦੀਆਂ ਘੜੀਆਂ ਆਉਦੀਆਂ ਨੇ… ਅਤੇ ਗੰਭੀਰਤਾ – ਭਾਵ ਜੋ ਕਦਮ ਚੁਕਣਾ ਹੈ, ਜੋ ਬੋਲ ਬੋਲਣਾ ਹੈ, ਜੋ ਗੱਲ ਕਰਨੀ ਹੈ, ਬੜੀ ਗੰਭੀਰਤਾ ਨਾਲ ਕਰਨੀ ਹੈ। ਸੋਚ ਵਿਚਾਰ ਕੇ ਕਰਨੀ ਹੈ, ਪੂਰੀ ਸੰਜ਼ੀਦਗੀ ਨਾਲ ਕਰਨੀ ਹੈ।

ਹੁਣ ਸਵੈਮਾਨ ਅਤੇ ਹੈਂਕੜ ਵਿੱਚ ਬੜਾ ਫਰਕ ਹੈ। ਬਹਾਦਰੀ ਤੇ ਵੈਲੀਪੁਣੇ ਵਿੱਚ ਵੀ ਫਰਕ ਹੈ। ਰੁਹਾਨੀਅਤ ਦੇ ਰੰਗ ਵਾਲੇ ਸਿੱਖ ਬਹਾਦਰ ਦੀ ਬਹਾਦਰੀ ਵਿਚੋਂ ਰੁਹਾਨੀਅਤ ਦੀ ਭਾਅ ਮਾਰਦੀ ਹੈ। ਸੰਸਾਰ ‘ਚ ਬੰਦੇ ਬਹਾਦਰ ਤਾਂ ਹੋਰ ਵੀ ਬਥੇਰੇ ਹਨ, ਪਰ ਸਿੱਖ ਬਹਾਦਰੀ ਇੱਕ ਵੱਖਰੀ ਤਰਾਂ ਦੀ ਹੈ।

ਸਿੱਖ ਲੀਡਰ ਹਊਮੇ ਤੋਂ ਮੁਕਤ ਹੋਵੇ, ਲਾਲਚ ਤੋਂ ਮੁਕਤ ਹੋਵੇ। ਇਨ੍ਹਾਂ ਸਭ ਔਗੁਣਾਂ ਤੋਂ ਮੁਕਤ, ਬੰਦਾ ਨਾਮ ਸਿਮਰਨ ਦੇ ਅਭਿਆਸ ਨਾਲ ਹੀ ਹੋ ਸਕਦਾ ਹੈ । ਜਪੁਜੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਵਿਕਾਰ ਤਾਂ ਨਾਮ ਸਿਮਰਨ ਦੇ ਨਾਲ ਹੀ ਦੂਰ ਕੀਤੇ ਜਾ ਸਕਦੇ ਹਨ। ਇਸਦਾ ਮਤਲਬ ਹੈ ਕਿ ਬੰਦੇ ਵਿੱਚ ਰੂਹਾਨੀ ਚਿਣਗ ਜਾਗੇ। ਜੇਕਰ ਰੁਹਾਨੀ ਚਿਣਗ ਨਹੀਂ ਜਾਗਦੀ ਤਾਂ ਬੰਦਾ ਆਪਣੇ ਵਿਕਾਰਾਂ ‘ਤੇ ਕਾਬੂ ਨਹੀਂ ਪਾ ਸਕਦਾ। ਇੱਥੋਂ ਖੜ੍ਹ ਕੇ ਹੀ ਅਸੀਂ ਸਿੱਖ ਲੀਡਰ ਨੂੰ ਵੇਖਾਂਗੇ ਕਿ ਉਹ ਕਿਸ ਤਰਾਂ ਨਜ਼ਰ ਆਉਦਾ ਹੈ?

ਮੌਜੂਦਾ ਹਾਲਾਤ ਦੇ ਉੱਭਰ ਆਉਣ ਦੇ ਕਾਰਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ. ਅਜਮੇਰ ਸਿੰਘ ਨੇ ਕਿਹਾ ਕਿ ਜੇਕਰ ਯਤਨ ਨਾ ਕੀਤੇ ਜਾਣ ਤਾਂ ਕੋਈ ਵੀ ਵੱਡੇ ਆਦਰਸ਼ ਸਮਾਂ ਪੈਣ ‘ਤੇ ਹੌਲੀ ਹੌਲੀ ਮੱਧਮ ਪੈ ਜਾਂਦੇ ਹਨ। ਇਸ ਲਈ ਭਾਂਵੇ ਕੋਈ ਵੀ ਵੱਡਾ ਵਿਚਾਰ ਹੋਵੇ, ਉਸ ਲਈ ਨਿਰੰਤਰਤਾ ਬਣਾਈ ਰੱਖਣੀ ਜਰੂਰੀ ਹੁੰਦੀ ਹੈ।

ਕੁਦਰਤ ਦਾ ਇਹ ਨਿਯਮ ਹੈ ਕਿ ਉਸ ਦੀ ਤਾਕਤ ਬੰਦੇ ਨੂੰ ਫਿਰ ਪਛਾਹ ਵੱਲ ਖਿੱਚਦੀ ਦੀ ਹੈ। ਜਦੋਂ ਤੁਸੀਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋਕੇ ਆਦਰਸ਼ ਦੇ ਰੰਗ ਵਿੱਚ ਜਿਉਂ ਰਹਿ ਹੁੰਦੇ ਹੋ, ਉਦੋਂ ਇਹ ਲਗਾਤਾਰਤਾ ਰੱਖਣੀ ਬਹੁਤ ਜਰੂਰੀ ਹੁੰਦੀ ਹੈ। ਲਗਾਤਾਰਤਾ ਬਣਾਈ ਰੱਖਣ ਦਾ ਕੰਮ ਲੀਡਰਸ਼ਿਪ ਦਾ ਹੁੰਦਾ ਹੈ। ਇਹ ਲਗਾਤਰਤਾ ਨਾ ਤਾਂ ਨਾਹਰਿਆਂ ਨਾਲ ਅਤੇ ਨਾ ਹੀ ਕਿਸੇ ਹੋਰ ਗਤੀਵਿਧੀ ਨਾਲ ਰੱਖੀ ਜਾ ਸਕਦੀ ਹੈ। ਇਸਦਾ ਇੱਕੋ ਹੀ ਢੰਗ ਹੈ ਕਿ ਕੀ ਸਿੱਖੀ, ਗੁਰਮਤਿ ਮੁਤਾਬਿਕ ਲਗਾਤਰਤਾ ਬਣਾਈ ਰੱਖਣ ਲਈ ਕੋਈ ਸੁਚੇਤ ਤੇ ਸਿਲਸਿਲੇਬੱਧ ਯਤਨ ਹੋ ਰਹੇ ਹਨ। ਇਤਿਹਾਸ ਵਿੱਚ ਜਦੋਂ ਕੋਈ ਵੱਡਾ ਰਾਜਸੀ ਸਿੱਖ ਪਲਟਾ ਆਇਆ, ਉਹ ਕਦੇ ਇਕੱਲੇ ਕਿਸੇ ਰਾਜਸੀ ਵਿਅਕਤੀ ਨੇ ਨਹੀਂ ਲਿਆਦਾ।ਉਹ ਕਿਸੇ ਸੰਤ-ਸਿਪਾਹੀ ਦੀ ਕਥਨੀ ਅਤੇ ਕਰਨੀ ਨਾਲ ਹੀ ਆਇਆ ਹੈ।

ਸੰਤ ਅਤਰ ਸਿੰਘ ਮਸਤੂਆਣੇ ਵਾਲਿਆ ਨੇ ਉਸ ਸਮੇਂ ਜਦ ਹਾਲਤ ਬਹੁਤ ਵਿਗੜ ਚੁੱਕੀ ਸੀ, ਸਿੱਖ ਰਾਜ ਖੁਸ ਗਿਆ ਸੀ, ਬੇਦਿਲੀ ਛਾਈ ਹੋਈ ਸੀ, ਉਦੋਂ ਉਨ੍ਹਾਂ ਨੇ ਇੱਕ ਲਹਿਰ ਚਲਾਈ, ਸਿੱਖੀ ਪ੍ਰਤੀ ਉਨ੍ਹਾਂ ਲੋਕਾਂ ਦਾ ਪ੍ਰੇਮ ਜਗਾਇਆ, ਉਸ ਸਿੱਖੀ ਪ੍ਰੇਮ ਵਿੱਚੋਂ ਹੀ ਗਦਰ ਲਹਿਰ ਨਿਕਲੀ, ਗੁਰਦੁਆਰਾ ਸੁਧਾਰ ਕਹਿਰ ਨਿਕਲੀ, ਉਨ੍ਹਾਂ ਪਹਿਲਾਂ ਇਸਦੀ ਇੱਕ ਨਿਗਰ ਬੁਨਿਆਦ ਧਰ ਦਿੱਤੀ ਸੀ।

ਇਸੇ ਤਰਾਂ ਹੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਅਕਾਲੀ ਲੀਡਰਸ਼ਿਪ ਨਾਲ ਪੈਂਦੀ ਸੱਟੇ ਹੀ ਸਿੱਧੀ ਰਾਜਸੀ ਟੱਕਰ ਨਹੀਂ ਲਈ।ਸਭ ਤੋਂ ਪਹਿਲਾਂ ਉਨਾਂ ਵੇਖਿਆ ਕਿ (ਅਖੌਤੀ) ਅਕਾਲੀ ਲੀਡਰਸ਼ਿਪ ਨੂੰ ਤਾਕਤ ਕਿੱਥੋਂ ਮਿਲਦੀ ਹੈ, ਉਸਦਾ ਆਧਾਰ ਕੀ ਹੈ, ਉਸਨੂੰ ਖੁਰਾਕ ਕਿੱਥੋਂ ਮਿਲਦੀ ਹੈ? ਅਜਿਹੀ ਰਾਜਨੀਤੀ ਨੂੰ ਇਹ ਤਾਕਤ ਮਿਲਦੀ ਹੈ ਲੋਕਾਈ ਦੇ ਧਾਰਮਕਿ ਤੌਰ ‘ਤੇ ਕਮਜ਼ੋਰ ਹੋ ਜਾਣ ਤੋਂ। ਆਤਮਿਕ ਤੌਰ ‘ਤੇ ਜਦੋਂ ਬੰਦੇ ਦਾ ਪਤਨ ਹੋ ਜਾਂਦਾ ਹੈ ਤਾਂ ਉਹ ਲਾਲਚ ਵਿੱਚ ਆਉਦਾ ਹੈ, ਡਰਾਵੇ ਵਿੱਚ ਵੀ ਆਉਦਾ ਹੈ ਅਤੇ ਖੁਸ਼ਾਮਦੀ ਵੀ ਬਣ ਜਾਂਦਾ ਹੈ। ਉਸ ਵਿੱਚ ਉਹ ਸਾਰੇ ਵਿਕਾਰ ਆ ਜਾਂਦੇ ਹਨ ਜੋ ਇਸ ਰਾਜਨੀਤੀ ਦੀ ਖੁਰਾਕ ਹੈ।

ਸੰਤ ਜਰਨੈਲ ਸਿੰਘ ਜੀ ਨੇ ਕੀ ਕੀਤਾ? ਪਹਿਲਾਂ ਉਨ੍ਹਾਂ ਨੇ ਧਾਰਮਿਕ ਖੇਤਰ ਵਿੱਚ ਮੁਹਿੰਮ ਚਲਾਈ। ਉਹ ਧਰਾਤਲ ਜਿੱਥੋਂ (ਅਖੌਤੀ) ਅਕਾਲੀ ਲੀਡਰਸ਼ਿਪ ਖੁਰਾਕ ਲੈਦੀ ਸੀ, ਉਸਦੇ ਪੈਰਾਂ ਥੱਲਿਉਂ ਉਹ ਬੁਨਿਆਦ ਖਿੱਚ ਲਈ, ਤਾਂ ਹੀ ਉਹ ਰਾਜਨੀਤੀ ਡਿੱਗੀ ਹੈ।

ਖਾੜਕੂ ਲਹਿਰ ਦੇ ਪਤਨ ਤੋਂ ਬਾਅਦ ਜੋ ਸਿੱਖ ਕਾਜ਼ ਨੂੰ ਅੱਗੇ ਲਿਜਾਣ ਲਈ ਖਾੜਕੂ ਲਹਿਰ ਤੋਂ ਰਾਜਨੀਤੀ ਵਿੱਚ ਅਉਣ ਦਾ ਵਰਤਾਰਾ ਚੱਲਿਆ ਹੈ ਤਾਂ ਇਹ ਨਿਰੋਲ ਰਾਜਸੀ ਪੱਧਰ ‘ਤੇ ਹੈ। ਕਿਸੇ ਵੀ ਸਿੱਖ ਰਾਜਸੀ ਬਣਤਰ ਵੱਲੋਂ ਧਾਰਮਿਕ ਖੇਤਰ ਵਿੱਚ ਕੋਈ ਉਪਰਾਲਾ ਨਹੀਂ ਦੇਖਿਆ। ਲੋਕਾਂ ਨੂੰ ਅੰਮ੍ਰਿਤ ਜਾਂ ਤਾਂ ਸੰਤ ਬਾਬੇ ਛਕਾ ਰਹੇ ਹਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਅੱਜ ਸਿੱਖ ਰਾਜਸੀ ਜੱਥੇਬੰਦੀਆਂ ਉਨ੍ਹਾਂ ਵਿੱਚ ਨੁਕਸ ਕੱਢੀ ਜਾਂਦੀਆਂ ਹਨ। ਇਹ ਇੱਕ ਨਾਕਾਰਤਮਕ ਸੋਚ ਹੈ। ਸੰਤਾਂ ਨੇ ਅਜਿਹਾ ਨਹੀਂ ਸੀ ਕੀਤਾ। ਜਦ ਧਾਰਮਿਕ ਤੌਰ ‘ਤੇ ਤੁਹਾਡੀ ਬੁਨਿਆਦ ਇੰਨੀ ਜ਼ਰਜਰੀ ਹੋ ਚੁੱਕੀ ਹੈ, ਉਸ ਵਿੱਚੋਂ ਇੱਕ ਆਦਰਸ਼ਕ ਰਾਜਨੀਤਕ ਮਾਡਲ ਕੱਢਣ ਦਾ ਯਤਨ ਇੱਕ ਨਿਰਾਰਥਕ ਯਤਨ ਹੈ।

ਉਨ੍ਹਾਂ ਅਪਾਣੇ ਵਿਚਾਰਾਂ ਨੂੰ ਸਮੇਟਦਿਆਂ ਕਿਹਾ ਕਿ ਜਿਥੇ ਗੜਬੜ ਹੈ ੳੇੁੱਥੋਂ ਹੀ ਇਲਾਜ਼ ਹੋਣਾ ਚਾਹੀਦਾ ਹੈ ਪਰ ਅੱਜ ਅਜਿਹਾ ਨਹੀਂ ਹੋ ਰਿਹਾ। ਲੋੜ ਰੂਹਾਨੀ ਜਜ਼ਬੇ ਦੀ ਪੁਨਰ-ਸੁਰਜੀਤੀ ਦੀ ਹੈ ਪਰ ਯਤਨ ਸਿਰਫ ਸਿਆਸੀ ਢਾਂਚਿਆਂ ਨੂੰ ਡਾਹੁਣੀਆਂ ਦੇਣ ਦੇ ਹੋ ਰਹੇ ਹਨ।

ਇਸ ਵਿਚਾਰ-ਚਰਚਾ ਦੀ ਪਹਿਲੀ ਕੜੀ ਸਿੱਖ ਸਿਆਸਤ ਵਲੋਂ 16 ਅਕਤੂਬਰ, 2014 (ਵੀਰਵਾਰ) ਨੂੰ ਸਿੱਖ ਚੈਨਲ (ਯੂ. ਕੇ.) ਉੱਤੇ ਪ੍ਰਸਾਰਤ ਕੀਤੀ ਜਾ ਚੁੱਕੀ ਹੈ ਅਤੇ ਇਸ ਵਿਚਾਰ ਚਰਚਾ ਦੀ ਅਗਲੀ ਕੜੀ 23 ਅਕਤੂਬਰ, 2014 ਦਿਨ ਵੀਰਵਾਰ ਨੂੰ ਸਿੱਖ ਚੈਨਲ (ਯੂ. ਕੇ.) ਉੱਤੇ ਇੰਗਲੈਂਡ ਦੇ ਸਮੇਂ ਅਨੁਸਾਰ ਸ਼ਾਮ 8 ਵਜੇ ਪ੍ਰਸਾਰਤ ਕੀਤੀ ਜਾਵੇਗੀ।

ਪਾਠਕ ਇਸ ਵਿਚਾਰ ਚਰਚਾ ਦੀ ਰਿਕਾਰਡਿੰਗ ਸਿੱਖ ਸਿਆਸਤ ਦੇ ਯੂਟਿਊਬ ਚੈਨਲ (www.youtube.com/sikhsiyasat)) ਅਤੇ ਸਿੱਖ ਸਿਆਸਤ ਦੀਆਂ ਵੈਬਸਾਈਟਾਂ (www.sikhsiyasat.net ਅਤੇ www.sikhsiyasat.com) ਉੱਤੇ ਵੀ ਵੇਖ ਸਕਦੇ ਹਨ। ਪਾਠਕ ਆਪਣੇ ਵਿਚਾਰ/ ਸੁਝਾਅ ਜਾਂ ਨੁਕਤੇ ਸਿੱਖ ਸਿਆਸਤ ਨੂੰ ਈ-ਮੇਲ ਮਤੇ [email protected] ਉੱਤੇ ਭੇਜ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,