March 27, 2012 | By ਕਰਮਜੀਤ ਸਿੰਘ ਚੰਡੀਗੜ੍ਹ
ਚੰਡੀਗੜ੍ਹ/ ਕਰਮਜੀਤ ਸਿੰਘ :
ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੇ ਹੁਕਮ ਪਿਛੋਂ ਭਾਈ ਰਾਜੋਆਣਾ ਦੇ ਹੱਕ ਵਿੱਚ ਉਠੀ ਹਮਦਰਦੀ, ਸਤਿਕਾਰ ਤੇ ਪਿਆਰ ਦੀ ਪ੍ਰਚੰਡ ਲਹਿਰ ਨੇ ਜਿਥੇ ਸਮੁੱਚੀ ਸਿੱਖ ਕੌਮ ਦੀ ਮਾਨਸਿਕਤਾ ਨੂੰ ਹਰ ਪਲ ਕੀਲ ਕੇ ਰੱਖਿਆ ਹੋਇਆ ਹੈ, ਉਥੇ ਨਾਲ ਹੀ ਹੁਣ ਟੀ. ਵੀ. ਚੈਨਲਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਵੇਖਦਿਆਂ ਕਾਨੂੰਨੀ ਤੇ ਰਾਜਨੀਤਿਕ ਮਾਹਿਰਾਂ ਨਾਲ ਆਪਣੇ ਚੈਨਲਾਂ ਉਤੇ ਵਿਸ਼ੇਸ਼ ਬਹਿਸ ਦਾ ਦੌਰ ਵੀ ਸ਼ੁਰੂ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸਿੱਖਾਂ ਦੇ ਅੰਤਰੀਵ ਅਤੇ ਸੱਚੇ ਸੁੱਚੇ ਜਜ਼ਬਿਆਂ ਬਾਰੇ ਖੁਸ਼ਕ, ਰੁੱਖੀ ਤੇ ਇਕ-ਪਾਸੜ ਸਮਝ ਰੱਖਣ ਵਾਲੇ ਇਹ ਚੈਨਲ ਹੁਣ ਬਲਵੰਤ ਸਿੰਘ ਰਾਜੋਆਣਾ ਨੂੰ ”ਭਾਈ” ਦੇ ਸਤਿਕਾਰਯੋਗ ਰੁਤਬੇ ਨਾਲ ਬਹਿਸ ਨੂੰ ਮੁਖਾਤਿਬ ਹੋ ਰਹੇ ਹਨ।
ਸਮੁੱਚੀ ਸਿੱਖ ਮਾਨਸਿਕਤਾ ਦੇ ”ਪਵਿੱਤਰ ਡਰ” ਦਾ ਘੇਰਾ ਇਸ ਕਦਰ ਵਿਸ਼ਾਲ ਹੁੰਦਾ ਜਾ ਰਿਹਾ ਹੈ ਕਿ ਧਨੰਤਰ ਕਿਸਮ ਦੇ ਬੁੱਧੀਜੀਵੀ, ਕੁਰਸੀਆਂ ਤੇ ਬਹਿ ਕੇ ਕਸਰਤ ਕਰਨ ਵਾਲੇ ਇਨਕਲਾਬੀ ਅਤੇ ਪੰਜਾਬ ਦੀ ਰਾਜਨੀਤੀ ਦੇ ਕਹਿੰਦੇ ਕਹਾਉਂਦੇ ਵਿਸ਼ਲੇਸ਼ਣ ਕਰਤਾ ਅਚਾਨਕ ਉਠੇ ਇਸ ਵਰਤਾਰੇ ਬਾਰੇ ਹੈਰਾਨ ਤੇ ਪ੍ਰੇਸ਼ਾਨ ਹਨ ਅਤੇ ਨਵੀਂ ਰਣਨੀਤੀ ਘੜ੍ਹਣ ਲਈ ਇਸ ਅਨੋਖੇ ਵਰਤਾਰੇ ਦੇ ਕਾਰਣਾਂ ਦੀ ਤਲਾਸ਼ ਕਰ ਰਹੇ ਹਨ। ਕੁਝ ਬੁੱਧੀਜੀਵੀਆਂ ਨੇ ਹਾਲ ਵਿੱਚ ਹੀ ਇੱਕ ਮਹਿਫ਼ਲ ਵਿੱਚ ਇਹ ਟਿੱਪਣੀ ਕੀਤੀ ਕਿ ਜੂਨ 1984 ਦੇ ਦਰਬਾਰ ਸਾਹਿਬ ਸਾਕੇ ਮਗਰੋਂ ਕਿਸੇ ਇੱਕ ਵਿਅਕਤੀ ਦੇ ਹੱਕ ਵਿੱਚ ਹਮਦਰਦੀ ਦੀ ਇਹੋ-ਜਿਹੀ ਹਨੇਰੀ ਪਹਿਲਾਂ ਕਦੇ ਵੇਖਣ ਵਿੱਚ ਨਹੀਂ ਆਈ। ਪਰ ਸਿੱਖ ਇਤਿਹਾਸ ਦੀ ਡੂੰਘੀ, ਗਹਿਰ ਗੰਭੀਰ ਤੇ ਬਹੁਪਰਤੀ ਸਮਝ ਰੱਖਣ ਵਾਲੇ ਇੱਕ ਇਤਿਹਾਸਕਾਰ ਦੀ ਟਿੱਪਣੀ ਸੀ ਕਿ ਇਤਿਹਾਸ ਤੋਂ ਕੋਰੇ, ਸਤੱਈ ਤੇ ਓਪਰੀ ਸਮਝ ਰੱਖਣ ਵਾਲੇ ਕੇਵਲ ਅਨਾੜੀ ਲੋਕ ਹੀ ਇਸ ਵਰਤਾਰੇ ਬਾਰੇ ਹੈਰਾਨ ਹੋ ਸਕਦੇ ਹਨ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਣਖ਼ ਤੇ ਸ਼ਾਨ ਨਾਲ ਮਰ ਮਿਟਣ ਦੀ ਤਾਂਘ ਤੇ ਸੁੱਚੇ ਜਜ਼ਬੇ ਸਦਕਾ ਸਿੱਖ ਕੌਮ ਇੰਝ ਮਹਿਸੂਸ ਕਰਨ ਲੱਗੀ ਹੈ ਜਿਵੇਂ ਉਹ ਬਹੁਗਿਣਤੀ ਦੀ ਜ਼ਿਹਨੀ ਗੁਲਾਮੀ ਤੋਂ ਆਜ਼ਾਦ ਹੋ ਰਹੀ ਹੈ। ਉਹਨਾਂ ਨੂੰ ਇਉਂ ਲੱਗ ਰਿਹਾ ਹੈ ਕਿ ਜਿਵੇਂ ਸਿੱਖ ਪੰਥ ਦੇ ਅਕਾਸ਼ ਤੇ ਬਲਵੰਤ ਸਿੰਘ ਦੇ ਰੂਪ ਵਿੱਚ ਇੱਕ ਨਵਾਂ ਸਿਤਾਰਾ ਚੜ੍ਹਿਆ ਹੈ।
ਕੁਝ ਵਿਦਵਾਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਇੱਕ ਲੰਮੇ ਅਰਸੇ ਤੋਂ ”ਸਰੀਰਕ ਬਹੁਗਿਣਤੀ” ਵਾਲੇ ਲੋਕਾਂ ਦੇ ਹਜੂਮ ਅੱਗੇ ਗੋਡੇ ਟੇਕ ਰੱਖੇ ਹਨ ਤੇ ਇਸ ਲੀਡਰਸ਼ਿਪ ਨੇ ਆਪਣੀਆਂ ਸਭ ਰੁਹਾਨੀ ਸ਼ਾਨਾਂ ਨੂੰ ਝੁਕਾਅ ਕੇ ਰੱਖ ਦਿੱਤਾ ਸੀ। ਪਰ ਭਾਈ ਬਲਵੰਤ ਸਿੰਘ ਦੇ ”ਕਰ ਪਰਬਤ ਪੰਖ ਹਲੈ ਨਾ ਹਲੈਂਗੇਂ” ਦੇ ਹੈਰਾਨਕੁੰਨ ਇਰਾਦੇ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਗੁੱਝੇ ਅਰਥ ਤੇ ਡੂੰਘੀਆਂ ਰਮਝਾਂ ਝੱਟਪੱਟ ਉਪਰਲੀ ਸਤਹਿ ਤੇ ਲੈ ਆਂਦੀਆਂ ਹਨ। ਦੂਜੇ ਪਾਸੇ ਗੁਰਬਾਣੀ ਨਾਲ ਸੱਚੇ ਹਿਰਦੇ ਤੋਂ ਜੁੜੇ ਤੇ ਸਿਆਸੀ ਆਗੂਆਂ ਦੇ ਗਲਤ ਪੈਂਤੜਿਆਂ ਤੋਂ ਆਜ਼ਾਦ ਸੰਤਾਂ-ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਇਹ ਤਾਂ ਗੁਰੂ ਦੀ ਕੋਈ ਕਲਾ ਹੀ ਵਰਤ ਰਹੀ ਹੈ ਜਿਸ ਨਾਲ ਸਿੱਖ ਸਮਾਜ ਅਤੇ ਖਾਸ ਕਰਕੇ ਆਪਣੇ ਸ਼ਾਨਾਂਮੱਤੇ ਵਿਰਸੇ ਤੋਂ ਗੁਆਚੀ ਤੇ ਭੁੱਲੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਭਾਈ ਰਾਜੋਆਣਾ ਦੀ ਕੁਰਬਾਨੀ ਵਿੱਚੋਂ ਨਵੇਂ ਧਾਰਮਿਕ ਤੇ ਰਾਜਨੀਤਿਕ ਅਰਥਾਂ ਦੀ ਤਲਾਸ਼ ਕਰ ਰਹੀ ਹੈ। ਇਹ ਨਵੀਂ ਪੀੜ੍ਹੀ ਮਾਇਆ ਦੇ ਚਿੱਕੜ ਵਿੱਚ ਗਲ-ਗਲ ਡੁੱਬੇ ਰਾਜਸੀ ਨੇਤਾਵਾਂ ਦੀ ”ਦਿਖਾਵੇ ਭਰੀ ਹਲੀਮੀ ਤੇ ਸ਼ਰਾਰਤ ਭਰੀ ਚੁਸਤੀ” ਨੂੰ ਬੁੱਝਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਨੌਜਵਾਨ ਇਸ ਸਿੱਟੇ ਉਤੇ ਪਹੁੰਚ ਰਹੇ ਹਨ ਕਿ ਇਹੋ-ਜਿਹੇ ਆਗੂ ”ਉਹਨਾਂ ਦੇ ਹਾਲ ਦੇ ਮਹਿਰਮ ਨਹੀਂ ਹਨ”।
ਹਰ ਇੱਕ ਦੀ ਜ਼ੁਬਾਨ ਉਤੇ ਇਹੋ ਸ਼ਬਦ ਹਨ: ਹੁਣ ਕੀ ਹੋਵੇਗਾ, ਹੁਣ ਕੀ ਹੋਵੇਗਾ? ਫਾਂਸੀ ਟਲ ਜਾਵੇਗੀ ਜਾਂ ਹੋਵੇਗੀ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੀਆਂ ਖਬਰਾਂ ਇਹ ਦੱਸ ਰਹੀਆਂ ਹਨ ਕਿ ਕਾਲਿਜਾਂ ਤੇ ਯੂਨੀਵਰਸਿਟੀਆਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸ਼ਖਸ਼ੀਅਤ, ਉਸ ਦੀ ਕੁਰਬਾਨੀ ਅਤੇ ਉਸ ਦੀ ਦ੍ਰਿੜਤਾ ਬਾਰੇ ਵੱਖ-ਵੱਖ ਦ੍ਰਿਸ਼ਟੀਕੋਨਾਂ ਤੋਂ ਭਰਪੂਰ ਬਹਿਸਾਂ ਹੋ ਰਹੀਆਂ ਹਨ। ਹਾਲਤ ਇਹ ਬਣ ਗਈ ਹੈ ਕਿ ਰਾਜਨੀਤਿਕ ਖੜੋਤ ਵਿੱਚ ਆਈਆਂ ਫੈਡਰੇਸ਼ਨਾਂ ਦੇ ਆਗੂਆਂ ਨੂੰ ਇਹ ਫ਼ਿਕਰ ਖਾਈ ਜਾ ਰਿਹਾ ਹੈ ਕਿ ਇਹ ਜਾਗੇ ਹੋਏ ਤੇ ਹੱਥੋਂ ਨਿਕਲਦੇ ਜਾ ਰਹੇ ਵਿਦਿਆਰਥੀਆਂ ਨੂੰ ”ਸੰਭਾਲਣ ਲਈ” ਕਿਹੜੇ ਢੰਗ ਤਰੀਕੇ ਤੇ ਪੈਂਤੜੇਬਾਜ਼ੀ ਵਰਤੀ ਜਾਵੇ। ਪਰ ਵਿਦਿਆਰਥੀਆਂ ਦੇ ਸਵਾਲਾਂ ਦੀ ਬੁਛਾੜ ਇਹਨਾਂ ਫੈਡਰੇਸ਼ਨ ਆਗੂਆਂ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ ਤੇ ਢੁਕਵੇਂ ਜੁਵਾਬ ਦੇਣ ਲਈ ਉਹਨਾਂ ਨੂੰ ਕਾਫ਼ੀ ਮਿਹਨਤ ਕਰਨੀ ਪੈ ਰਹੀ ਹੈ। ਇਕ ਖ਼ਬਰ ਅਨੁਸਾਰ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਹੋਸਟਲ ਵਿੱਚ ਚੱਲੀ ਇਹੋ ਜਿਹੀ ਹੀ ਇੱਕ ਗਰਮਾ-ਗਰਮ ਤੇ ਰੰਗਾ-ਰੰਗ ਬਹਿਸ ਦੌਰਾਨ ਇੱਕ ਵਿਦਿਆਰਥੀ ਨੇ ਬਹਿਸ ਨੂੰ ਇਸ ਨਾਅਰੇ ਨਾਲ ਨਵਾਂ ਮੋੜ ਦੇ ਦਿੱਤਾ: ”ਦੋਸਤੋ, ਅਰਬਾਂਪਤੀ ਸਿਆਸੀ ਆਗੂਆਂ ਤੋਂ ਖਹਿੜਾ ਛੁਡਵਾਉਣ ਲਈ ਕਮਰਕੱਸੇ ਕਸ ਲਵੋ ਤੇ ਆਪਣੇ ਵਿਰਸੇ ਵੱਲ ਮੂੰਹ ਕਰੋ”। ਉਂਝ ਕੁਝ ਸੁਲਝੇ ਹੋਏ ਨੌਜਵਾਨ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਜਾਗਦੇ ਰਹਿਣਾ ਚਾਹੀਦਾ ਹੈ ਕਿਉਂਕਿ ਰਾਜਨੀਤਿਕ ਮਹਿਫ਼ਲਾਂ ਵਿੱਚ ਸੌਦੇਬਾਜ਼ੀਆਂ ਦੇ ਦੌਰ ਕੁਝ ਵੀ ਉਲਟ-ਪੁਲਟ ਕਰ ਸਕਦੇ ਹਨ।
ਇਹ ਪਹਿਲੀ ਵਾਰ ਹੈ ਜਦੋਂ ਇਸ ਵਰਤਾਰੇ ਬਾਰੇ ਮਨੋਵਿਗਿਆਨਿਕ ਨਜ਼ਰੀਏ ਤੋਂ ਵੀ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਖੁਫ਼ੀਆ ਏਜੰਸੀਆਂ ਵੀ ਇਸ ਅਚਾਨਕ ਹਮਦਰਦੀ ਦੇ ਅਸਲ ਕਾਰਨ ਲੱਭਣ ਵਿੱਚ ਲੱਗੀਆਂ ਹੋਈਆਂ ਹਨ। ਮਨੋਵਿਗਿਆਨ ਦੇ ਇੱਕ ਗੰਭੀਰ ਵਿਦਿਆਰਥੀ ਨੇ ਮਨੁੱਖ ਦੇ ਅਚੇਤ ਜਗਤ ਦੀ ਥਾਹ ਪਾਉਣ ਵਾਲੇ ਸੰਸਾਰ ਪ੍ਰਸਿੱਧ ਮਨੋਵਿਗਿਆਨੀ ਕਾਰਲ ਜੁੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖਾਂ ਦਾ ”ਅਚੇਤ ਮਨ” ਤੁਫ਼ਾਨ ਬਣ ਕੇ ”ਸੁਚੇਤ ਮਨ” ਵਿੱਚ ਪ੍ਰਵੇਸ਼ ਕਰ ਰਿਹਾ ਹੈ। ਭਾਈ ਬਲਵੰਤ ਸਿੰਘ ਨੂੰ ਇਸ ਜਾਗ ਲਈ ਇਤਿਹਾਸ ਯਾਦ ਰੱਖੇਗਾ।
ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਨੌਸਰਬਾਜ਼ਾਂ ਤੇ ਘਾਗ ਬਿਰਤੀ ਦੇ ਲੋਕਾਂ ਤੋਂ ਸਾਵਧਾਨ ਕਰਦਿਆਂ ਇੱਕ ਸਿਆਸੀ ਵਿਦਵਾਨ ਨੇ ਇਹ ਟਿੱਪਣੀ ਕੀਤੀ ਹੈ:” ਇਆਗੋ-ਫਿਤਰਤ (ਸ਼ੈਕਸ਼ਪੀਅਰ ਦੇ ਇੱਕ ਚਰਚਿਤ ਨਾਟਕ ”ਓਥੈਲੋ” ਦਾ ਅੱਤ ਚਲਾਕ ਤੇ ਸ਼ੈਤਾਨ ਬੁੱਧੀਜੀਵੀ ਪਾਤਰ) ਵਾਲੇ ਲੋਕ ਹਮਦਰਦੀ ਦੀ ਲਹਿਰ ਦੀ ਫੂਕ ਕੱਢਣ ਲਈ ਘਾਤ ਲਾ ਕੇ ਬੈਠੇ ਹੋਏ ਹਨ। ਇਹ ਸਿਆਸੀ ਤੇ ਧਾਰਮਿਕ ”ਇਆਗੋ” ਸਿੱਖ ਪੰਥ ਦੇ ਅੰਦਰ ਵੀ ਬੈਠੇ ਹਨ ਤੇ ਬਾਹਰ ਵੀ। ਕੀ ਭੋਲੀ ਸਿੱਖ ਕੌਮ ਇਹਨਾਂ ਤੋਂ ਬਚ ਸਕੇਗੀ?
Related Topics: Bhai Balwant Singh Rajoana, Karamjeet Singh Chandigarh, Karamjit Singh Chandigarh