ਆਮ ਖਬਰਾਂ

ਸਮਾਰਟ ਸਿਟੀ ਦੀ ਲਿਸਟ ‘ਚ ਆਉਣ ਤੋਂ ਬਾਅਦ ਲੁਧਿਆਣਾ ‘ਚ 2 ਅਕਤੂਬਰ ਤੋਂ 1442 ਸੀਸੀਟੀਵੀ ਕੈਮਰੇ ਲੱਗਣਗੇ

September 17, 2016 | By

ਲੁਧਿਆਣਾ: ਸਮਾਰਟ ਸਿਟੀ ਦੀ ਲਿਸਟ ਵਿੱਚ ਆਉਣ ਤੋਂ ਬਾਅਦ ਸ਼ਹਿਰ ਵਿੱਚ “ਸੇਫ਼ ਸਿਟੀ ਪ੍ਰਾਜੈਕਟ” ਦੇ ਤਹਿਤ 159 ਥਾਵਾਂ ’ਤੇ 1442 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਹੈ ਜੋ ਕਿ ਹੁਣ 2 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਇਸ ਦਿਨ ਤੋਂ ਸ਼ਹਿਰ ਦੇ 58 ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਹੋ ਜਾਏਗਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਨੇ ਕੈਮਰੇ ਲਾਉਣ ਵਾਲੇ ਫਾਊਡੇਸ਼ਨ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਇੰਨ੍ਹਾਂ ਨੂੰ ਆਪਸ ’ਚ ਜੋੜਨ ਲਈ ਅੰਡਰਗਰਾਊਂਡ ਕੇਬਲ ਵਿਛਾਉਣ ਦਾ ਕੰਮ ਸ਼ੁਰੂ ਹੋਣਾ ਹੈ। ਇਸ ਦੇ ਲਈ ਨਿਗਮ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਕੈਮਰਿਆਂ ਦਾ ਸਾਰਾ ਕੰਟਰੋਲ ਪੁਲਿਸ ਲਾਈਨ ਵਿੱਚ ਤਿਆਰ ਹੋ ਰਹੇ ਕੰਟਰੋਲ ਰੂਮ ‘ਚ ਹੋਵੇਗਾ। ਪ੍ਰਸ਼ਾਸਨ ਦਾ ਟੀਚਾ 2 ਅਕਤੂਬਰ ਤੱਕ 58 ਥਾਵਾਂ ’ਤੇ ਕੈਮਰੇ ਲਗਾਉਣ ਦਾ ਹੈ, ਉਸ ਤੋਂ ਬਾਅਦ ਬਾਕੀ ਬਚੇ 101 ਪੁਆਇੰਟਾਂ ’ਤੇ ਨਵੰਬਰ ਦੇ ਅਖੀਰ ਤੱਕ ਕੈਮਰੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਖਾਇਆ ਜਾ ਸਕੇ ਕਿ ਸਰਕਾਰ ਨੇ ਰਾਹਗੀਰਾਂ ਦੀ ਸੁਰੱਖਿਆ ਲਈ ਬਣਾਇਆ ਪ੍ਰੋਜੈਕਟ ਪੂਰਾ ਕੀਤਾ ਹੈ।

ਸ਼ਹਿਰ ’ਚ ਲਾਏ ਜਾਣ ਵਾਲੇ 1442 ਸੀਸੀਟੀਵੀ ਕੈਮਰੇ ਹਾਈ ਡੈਫੀਨੇਸ਼ਨ ਦੇ ਕੈਮਰੇ ਹਨ। ਇੰਨ੍ਹਾਂ ਨਾਲ ਸ਼ਹਿਰ ’ਚ ਟ੍ਰੈਫਿਕ ਤੇ ਕ੍ਰਾਈਮ ਦੋਹਾਂ ’ਤੇ ਪੁਲਿਸ ਦੀ ਅੱਖ ਰਹੇਗੀ। ਇੱਥੋਂ ਤੱਕ ਕਿ ਸਾਰੇ ਟ੍ਰੈਫਿਕ ਸਿਗਨਲਾਂ ’ਤੇ ਵੀ ਕੈਮਰੇ ਲਾਏ ਜਾਣਗੇ। ਕੈਮਰੇ ਲਗਾਉਣ ਦੇ ਪਹਿਲੇ ਪੜਾਅ ਵਿੱਚ ਜਲੰਧਰ ਬਾਈਪਾਸ, ਜੱਸੀਆ ਰੋਡ, ਰੇਲਵੇ ਸਟੇਸ਼ਨ, ਦਮੋਰੀਆ ਪੁੱਲ, ਮਾਧੋਪੁਰੀ, ਦਰੇਸ਼ੀ ਗਰਾਊਂਡ, ਜਾਮਾ ਮਸਜਿਦ, ਕਾਰਾਬਾਰਾ ਚੌਂਕ, ਅਨਾਜ ਮਾਰਕੀਟ, ਕੈਲਾਸ਼ ਨਗਰ ਚੌਂਕ, ਕੋਤਵਾਲੀ, ਰੇਖੀ ਸਿਨੇਮਾ, ਘੰਟਾ ਘਰ ਚੌਂਕ, ਬਹਾਦੁਰਕੇ ਰੋਡ, ਜਲੇਬੀ ਚੌਂਕ, ਸ਼ਿਵਪੁਰੀ ਪੁਲੀ, ਤਾਜਪੁਰ ਰੋਡ, ਟਿੱਬਾ ਰੋਡ, ਸ਼ੇਰਪੁਰ ਚੌਂਕ, ਢੰਡਾਰੀ ਪੁੱਲ, ਸਮਰਾਲਾ ਚੌਂਕ, ਨੀਚੀ ਮੰਗਲੀ, ਗੋਬਿੰਦਰਪੁਰ ਕ੍ਰਾਸਿੰਗ, ਮੁੰਡੀਆ ਚੌਂਕ, ਸੁੰਦਰ ਨਗਰ, ਸੁਭਾਸ਼ ਨਗਰ, ਜੋਧੇਵਾਲ ਬਸਤੀ, ਪੁਲਿਸ ਕਲੋਨੀ ਜਮਾਲਪੁਰ, ਮੈਟਰੋ ਰੋਡ, ਫੋਕਲ ਪੁਆਇੰਟ, ਭਗਵਾਨ ਚੌਂਕ, ਈਸ਼ਰ ਨਗਰ, ਢੋਲੇਵਾਲ ਚੌਂਕ, ਘੁਮਾਰ ਮੰਡੀ, ਮਾਡਲ ਟਾਊਨ ਮਾਰਕੀਟ, ਮਿੰਟ ਗੁਮਰੀ ਚੌਂਕ, ਮਲਹਾਰ ਰੋਡ, ਟੈਗੋਰ ਨਗਰ, ਆਤਮ ਨਗਰ ਟੀ ਪੁਆਇੰਟ, ਲਈਅਰ ਵੈਲੀ, ਰੋਜ਼ ਗਾਰਡਨ, ਸਿਲਵਰ ਆਰਕ ਮਾਲ, ਬੱਸ ਅੱਡਾ, ਹੈਬੋਵਾਲ ਚੌਂਕ, ਐਮਬੀਡੀ ਮਾਲ, ਸਰਾਭਾ ਨਗਰ ਮਾਰਕੀਟ, ਫਿਰੋਜ਼ਗਾਂਧੀ ਮਾਰਕੀਟ, ਫੁਆਰਾ ਚੌਂਕ, ਪੀਏਯੂ ਗੇਟ ਨੰਬਰ-2 ਆਦਿ ਸਮੇਤ ਸਾਹਨੇਵਾਲ ਤੇ ਬਾੜੇਵਾਲ ਆਦਿ ਥਾਵਾਂ ’ਤੇ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਰਵੀ ਭਗਤ ਨੇ ਦੱਸਿਆ ਕਿ ਪ੍ਰੋਜੈਕਟ ਸਬੰਧੀ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਤੈਅ ਕੀਤਾ ਗਿਆ ਕਿ ਸਿਟੀ ’ਚ ਕੁਲ 159 ਸਾਈਟਾਂ ’ਤੇ ਕੈਮਰੇ ਲਾਏ ਜਾਣੇ ਹਨ। ਇਸ ’ਚ 58 ਸਾਈਟਾਂ ’ਤੇ ਕੈਮਰੇ ਲਾਉਣ ਦਾ ਕੰਮ 2 ਅਕਤੂਬਰ ਤੱਕ ਪੂਰਾ ਕੀਤਾ ਜਾਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,