June 14, 2018 | By ਸਿੱਖ ਸਿਆਸਤ ਬਿਊਰੋ
ਕੋਟਕਪੂਰਾ: ਡੇਰਾ ਸਿਰਸਾ ਪ੍ਰੇਮੀਆਂ ਦੀਆਂ 2011 ਦੇ ਸਾੜ-ਫੂਕ ਦੇ ਕੇਸ ਵਿਚ ਗ੍ਰਿਫਤਾਰੀਆਂ ਤੋਂ ਇਕ ਦਿਨ ਬਾਅਦ ਬੀਤੇ ਕੱਲ੍ਹ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਦੇ ਮੁਖੀ ਰਣਬੀਰ ਸਿੰਘ ਖਟੜਾ ਨੇ ਪੱਤਰਕਾਰ ਮਿਲਣੀ ਕੀਤੀ। ਪਰ ਇਸ ਦੌਰਾਨ ਐਸ.ਆਈ.ਟੀ ਮੁਖੀ ਨੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਕੇਸਾਂ ਸਬੰਧੀ ਚੁੱਪ ਵੱਟੀ ਰੱਖੀ। ਜਿਕਰਯੋਗ ਹੈ ਕਿ ਅਦਾਲਤ ਵਿਚ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਪਰੋਕਤ ਡੇਰਾ ਪ੍ਰੇਮੀਆਂ ਨੇ ਬਰਗਾੜੀ ਬੇਅਦਬੀ ਕੇਸ ਵਿਚ ਆਪਣੀ ਸ਼ਮੂਲੀਅਤ ਮੰਨੀ ਹੈ।
ਉਹਨਾਂ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਕੇਸਾਂ ਦੀ ਜਾਂਚ ਸੀਬੀਆਈ ਨੂੰ ਦੇ ਦਿੱਤੀ ਗਈ ਹੈ ਪਰ ਐਸਆਈਟੀ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਅਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਜਲਾਲ ਵਿਖੇ ਹੋਏ ਬੇਅਦਬੀ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ। ਉਹਨਾਂ ਮੰਨਿਆ ਕਿ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਕੁਝ ਦਿਨ ਪਹਿਲਾਂ ਪੁੱਛਗਿਛ ਲਈ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ 6 ਹੋਰ ਵਿਅਤਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸਆਈਟੀ ਮੁਖੀ ਨੇ ਕਿਹਾ ਕਿ ਹੁਣ ਤਕ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਕੋਟਕਪੂਰੇ ’ਚ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਟੀਮ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੀ ਰਿਹਾਇਸ਼ ’ਤੇ ਛਾਪਾ ਮਾਰ ਕੇ 32 ਬੋਰ ਰਿਵਾਲਵਰ ਦੇ 28 ਖਾਲੀ ਕਾਰਤੂਸ ਅਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਇਤਰਾਜ਼ਯੋਗ ਹਾਲਤ ਵਿੱਚ ਬਰਾਮਦ ਕੀਤੀ ਗਈ। ਕੋਟਕਪੂਰਾ ਪੁਲੀਸ ਨੇ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾ ਵੀ ਐਫ.ਆਈ.ਆਰ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ।
ਜਦੋਂ ਪੱਤਰਕਾਰਾਂ ਨੇ ਪੁਛਿਆ ਕਿ ਕੀ ਗ੍ਰਿਫਤਾਰ ਵਿਅਕਤੀਆਂ ਨੇ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਕੇਸਾਂ ਵਿਚ ਆਪਣੀ ਸ਼ਮੂਲੀਅਤ ਮੰਨ ਲਈ ਹੈ ਤਾਂ ਡੀਆਈਜੀ ਖੱਟੜਾ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਉਹਨਾਂ ਦਾਅਵਾ ਕੀਤਾ ਕਿ ਹੁਣ ਤਕ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਕੇਸਾਂ ਸਬੰਧੀ ਕੁਝ ਵੀ ਬਰਾਮਦ ਨਹੀਂ ਹੋਇਆ।
Related Topics: Dera Sauda Sirsa, DIG Ranbir Singh Khatra, Incident of Beadbi of Guru Granth Shaib at Bargar Village, Punjab Police