ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਭਾਰਤੀ ਹੁਕਮਰਾਨਾਂ ਵੱਲੋਂ ਅਖੰਡਤਾ ਤੇ ਪ੍ਰਭੂਸਤਾ ਸੰਬੰਧੀ ਪ੍ਰਗਟਾਏ ਜਾ ਰਹੇ ਸਵਾਰਥੀ ਵਿਚਾਰਾਂ ਤੋਂ ਸਾਡੇ ਵਿਚਾਰ ਵੱਖਰੇ: ਮਾਨ

June 12, 2018 | By

ਫ਼ਤਹਿਗੜ੍ਹ ਸਾਹਿਬ: ਭਾਰਤੀ ਹੁਕਮਰਾਨਾਂ ਵੱਲੋਂ ਹੁਣ ਕੌਮਾਂਤਰੀ ਪੱਧਰ ਤੇ ਅਤੇ ਸਿੰਘਾਈ ਕਾਰਪੋਰੇਸ਼ਨ ਓਰਗਨਾਈਜੇਸ਼ਨ ਦੇ ਮੁਲਕਾਂ ਦੀ ਮੀਟਿੰਗ ਵਿਚ ਭਾਰਤ ਦੀ ਅਖੰਡਤਾ ਤੇ ਪ੍ਰਭੂਸਤਾ ਉਤੇ ਪ੍ਰਗਟਾਏ ਗਏ ਗੁੰਮਰਾਹਕੁੰਨ ਵਿਚਾਰਾਂ, ਸਿੱਖ ਅਤੇ ਮੁਸਲਿਮ ਕੌਮ ਦੇ ਇਲਾਕਿਆ ਉਤੇ ਆਪਣਾ ਦਾਅਵਾ ਜਿਤਾਉਣ ਦੇ ਅਮਲਾਂ ਉਤੇ ਡੂੰਘਾ ਦੁੱਖ ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਹੁਣ ਤੱਕ ਦੇ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਅਤੇ ਮੁਸਲਿਮ ਕੌਮ ਨਾਲ ਵੱਡੀਆ ਬੇਇਨਸਾਫ਼ੀਆ ਅਤੇ ਵਿਤਕਰੇ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇ ਹੁਕਮਰਾਨਾਂ ਵੱਲੋਂ ‘ਅਖੰਡਤਾ ਅਤੇ ਪ੍ਰਭੂਸਤਾ’ ਦੇ ਸੰਬੰਧ ਵਿਚ ਪ੍ਰਗਟਾਏ ਗਏ ਹਿੰਦੂਤਵ ਸੋਚ ਵਾਲੇ ਸਵਾਰਥੀ ਵਿਚਾਰਾਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਖਰੇ ਵਿਚਾਰ ਰੱਖਦੀ ਹੈ ।

ਸਿਮਰਨਜੀਤ ਸਿੰਘ ਮਾਨ

ਮੀਡੀਆ ਦੇ ਨਾਂ ਜਾਰੀ ਇਕ ਪ੍ਰੈਸ ਬਿਆਨ ਵਿਚ ਮਾਨ ਨੇ ਕਿਹਾ, “ਕਿਉਂਕਿ ਜਦੋਂ ਰੈਡਕਲਿਫ਼ ਲਾਈਨ ਬਣਾਈ ਗਈ ਸੀ ਤਾਂ ਉਸ ਸਮੇਂ ਸ੍ਰੀ ਜਵਾਹਰ ਲਾਲ ਨਹਿਰੂ ਨੇ ਲਾਰਡ ਮਾਊਟਬੈਟਨ ਦੀ ਪਤਨੀ ਨਾਲ ਆਪਣੇ ਸੰਬੰਧਾਂ ਦੀ ਆੜ ਵਿਚ ਇਹ ਲਾਈਨ ਬਣਵਾ ਲਈ ਸੀ, ਸਿੱਖ ਕੌਮ ਨੂੰ ਉਸ ਸਮੇਂ ਇਨ੍ਹਾਂ ਹਿੰਦੂ ਆਗੂਆਂ ਨੇ ਬਿਲਕੁਲ ਵੀ ਭਰੋਸੇ ਵਿਚ ਨਹੀਂ ਲਿਆ । ਇਸ ਲਈ ਹੀ ਸਿੱਖ ਕੌਮ ਨੇ ਇਹ ਬਣੀ ਰੈਡਕਲਿਫ਼ ਲਾਈਨ ਨੂੰ ਪ੍ਰਵਾਨ ਨਹੀਂ ਕੀਤਾ ਸੀ । ਇਸੇ ਤਰ੍ਹਾਂ 1966 ਵਿਚ ਜਦੋਂ ਪੰਜਾਬ ਪੁਨਰਗੰਠਨ ਕਾਨੂੰਨ ਅਧੀਨ ਪੰਜਾਬ ਦੀ ਵੰਡ ਕੀਤੀ ਗਈ ਤਾਂ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋਂ ਬਾਹਰ ਕਰ ਦਿੱਤਾ ਅਤੇ ਇਹ ਇਲਾਕੇ ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਯੂਟੀ ਨੂੰ ਦੇ ਦਿੱਤੇ ਗਏ । ਇਸੇ ਤਰ੍ਹਾਂ ਰਾਜਸਥਾਂਨ ਤੇ ਗੁਜਰਾਤ ਦੇ ਪੰਜਾਬੀ ਬੋਲਦੇ ਇਲਾਕਿਆ ਨੂੰ ਉਪਰੋਕਤ ਪੰਜਾਬ ਪੂਨਰਗਠਨ ਐਕਟ ਅਧੀਨ ਨਹੀਂ ਵਿਚਾਰਿਆ ਗਿਆ । ਜੋ ਕਿ ਹਿੰਦੂਤਵ ਹੁਕਮਰਾਨਾਂ ਦੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੀ ਬੇਈਮਾਨੀ ਕੀਤੀ ਗਈ ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੀਨ ਦੀ ਬੀ.ਆਰ.ਆਈ. ਯੋਜਨਾ ਨੂੰ ਜਿਥੇ ਪ੍ਰਵਾਨਗੀ ਦਿੱਤੀ ਹੈ, ਉਥੇ ਉਹ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਵਾਹਗਾ ਤੇ ਹੂਸੈਨੀਵਾਲਾ ਸਰਹੱਦਾਂ ਨੂੰ ਤੁਰੰਤ ਖੋਲ੍ਹਕੇ ਇਸ ਰਾਹੀ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਪਾਰ ਤੇ ਮਾਲੀ ਹਾਲਤ ਵਿਚ ਆਈ ਖੜੌਤ ਨੂੰ ਅੱਗੇ ਵਧਾਉਣਾ ਲੋੜਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਦਮਾ ਨਾਲ ਹੀ ਸਿੱਖ ਕੌਮ ਅਤੇ ਮੁਸਲਮਾਨਾਂ ਦੀ ਮਾਲੀ ਹਾਲਤ ਵਿਚ ਸੁਧਾਰ ਹੋ ਸਕੇਗਾ । ਸ. ਮਾਨ ਨੇ ਕਿਹਾ ਕਿਉਂਕਿ ਪੰਜਾਬ ਤੇ ਜੰਮੂ-ਕਸ਼ਮੀਰ ਦੋਵੇ ਸੂਬੇ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਨਾਲ ਸੰਬੰਧਤ ਹਨ । ਇਸ ਲਈ ਹੀ ਸੈਂਟਰ ਦੀ ਸਰਕਾਰ ਇਨ੍ਹਾਂ ਦੋਵੇ ਸੂਬਿਆਂ ਵਿਚ ਵੱਡੇ ਨਿਵੇਸ ਕਰਨ ਤੋਂ ਮੰਦਭਾਵਨਾ ਅਧੀਨ ਅੱਖਾ ਬੰਦ ਕਰੀ ਬੈਠੀ ਹੈ । ਦੂਸਰੇ ਪਾਸੇ ਸਾਨੂੰ ਦੋਵੇ ਸੂਬਿਆਂ ਨੂੰ ਮੁੰਬਈ ਅਤੇ ਕਾਡਲਾ ਬੰਦਰਗਾਹ ਦੀ ਬਜਾਏ ਕਰਾਚੀ ਦੀ ਬੰਦਰਗਾਹ ਵਪਾਰ ਲਈ ਨਜ਼ਦੀਕ ਅਤੇ ਸਸਤੀ ਪੈਦੀ ਹੈ । ਵਾਹਗਾ ਅਤੇ ਹੂਸੈਨੀਵਾਲਾ ਸਰਹੱਦਾਂ ਰਾਹੀ ਇਥੋਂ ਦਾ ਜਿ਼ੰਮੀਦਾਰ ਤੇ ਵਪਾਰੀ ਆਪਣੇ ਕਾਰੋਬਾਰ ਵਿਚ ਵਾਧਾ ਕਰਨ ਦੇ ਸਮਰੱਥ ਹੋ ਸਕਦੇ ਹਨ ।

ਉਨ੍ਹਾਂ ਕਿਹਾ, “ਹਿੰਦੂਤਵ ਹੁਕਮਰਾਨਾਂ ਵੱਲੋਂ ਜੋ ਬੀ.ਆਰ.ਆਈ. ਦੇ ਕੋਰੀਡੋਰ ਦੇ ਲਾਂਘੇ ਦੇ ਨਾਮ ‘ਤੇ ਮੁਲਕ ਦੀ ਅਖੰਡਤਾ ਅਤੇ ਪ੍ਰਭੂਸਤਾ ਦਾ ਰੌਲਾ ਪਾਇਆ ਜਾ ਰਿਹਾ ਹੈ, ਇਹ ਫਜੂਲ ਹੈ । ਜਦੋਂਕਿ ਇਸ ਕੋਰੀਡੋਰ ਦੇ ਲਾਂਘੇ ਦਾ ਵੱਡਾ ਹਿੱਸਾ ਕਸ਼ਮੀਰ ਤੇ ਪਾਕਿਸਤਾਨ ਦੀ ਪ੍ਰਭੂਸਤਾ ਵਿਚ ਆਉਦਾ ਹੈ । ਇਨ੍ਹਾਂ ਵੱਲੋਂ ਪਾਇਆ ਜਾ ਰਿਹਾ ਰੌਲਾ ਵਿਧਾਨਿਕ ਅਤੇ ਕਾਨੂੰਨੀ ਤੌਰ ਤੇ ਠੀਕ ਨਹੀਂ । ਕਿਉਂਕਿ ਯੂ.ਐਨ. ਦੀ ਸਕਿਊਰਟੀ ਕੌਸਲ ਨੇ ਕਸ਼ਮੀਰੀਆਂ ਨੂੰ ਯੂ.ਐਨ. ਦੀ ਦੇਖਰੇਖ ਹੇਠ ਆਪਣੀ ਰਾਏਸੁਮਾਰੀ ਕਰਵਾਉਣ ਦਾ ਕਾਨੂੰਨੀ ਹੱਕ ਪ੍ਰਦਾਨ ਕੀਤਾ ਹੋਇਆ ਹੈ । ਇਸ ਲਈ ਕਸ਼ਮੀਰੀਆ ਜਾਂ ਕਸ਼ਮੀਰ ਦੀ ਪ੍ਰਭੂਸਤਾ ਸੰਬੰਧੀ ਹਿੰਦੂਵਤੀ ਹੁਕਮਰਾਨਾ ਵੱਲੋਂ ਕਿਸੇ ਤਰ੍ਹਾਂ ਦਾ ਪ੍ਰਸ਼ਨ ਕਰਨਾ ਮੁਨਾਸਿਬ ਨਹੀਂ ਹੈ । ਦੂਸਰਾ ਪਾਕਿਸਤਾਨ ਹੇਠਲਾ ਕਸ਼ਮੀਰ ਅਤੇ ਦੂਸਰਾ ਕਸ਼ਮੀਰ ਸਿੱਖ ਕੌਮ ਦੇ ਲਾਹੌਰ ਦਰਬਾਰ ਦੀਆ ਹੱਦਾਂ ਦੇ ਅੰਦਰਲੇ ਹਿੱਸੇ ਰਹੇ ਹਨ । ਜੋ ਕਿ ਪਹਿਲੇ ਅਫਗਾਨੀਸਤਾਨ ਵਿਚ ਸਨ । 1819 ਵਿਚ ਇਹ ਲਾਹੌਰ ਦਰਬਾਰ ਦਾ ਹਿੱਸਾ ਬਣੇ ਸਨ । ਲਦਾਖ ਵੀ ਸਾਡੇ ਖ਼ਾਲਸਾ ਦਰਬਾਰ ਦੇ ਖੇਤਰਫ਼ਲ ਵਿਚ ਆਉਦਾ ਹੈ । ਜੋ 1834 ਵਿਚ ਖ਼ਾਲਸਾਈ ਫ਼ੌਜਾਂ ਨੇ ਜਿੱਤਕੇ ਲਾਹੌਰ ਦਰਬਾਰ ਵਿਚ ਸਾਮਿਲ ਕੀਤੇ ਸਨ । ਜੰਮੂ-ਕਸ਼ਮੀਰ ਅਤੇ ਲਦਾਖ ਖ਼ਾਲਸਾ ਕੌਮ ਦੀ ਪ੍ਰਭੂਸਤਾ ਦੇ ਅਧੀਨ ਆਉਦੇ ਹਨ । ਕੌਮਾਂਤਰੀ ਕਲੋਨਿਜ ਦੇ ਸਿਧਾਂਤ ਤੇ ਨਿਯਮਾਂ ਅਨੁਸਾਰ ਉਪਰੋਕਤ ਕਸ਼ਮੀਰ ਤੇ ਲਦਾਖ ਖ਼ਾਲਸਾ ਦਰਬਾਰ ਦੀ ਮਲਕੀਅਤ ਹਨ, ਜਿਸ ਨੂੰ ਚੀਨ ਵੀ ਪ੍ਰਵਾਨ ਕਰਦਾ ਹੈ ।”

ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਵੱਲੋਂ ਬੀ.ਆਰ.ਆਈ. ਦੇ ਕੌਮਾਂਤਰੀ ਪੱਧਰ ਦੇ ਲਾਂਘੇ ਨੂੰ ਚੁਣੋਤੀ ਦੇਣ ਦੀ ਅਸਫ਼ਲ ਕੋਸਿ਼ਸ਼ ਕੀਤੀ ਜਾ ਰਹੀ ਹੈ, ਇਸ ਕੋਰੀਡੋਰ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਇਸ ਉਤੇ ਅੱਜ ਵੀ ਸਿੱਖ ਕੌਮ ਦੀ ਮਲਕੀਅਤ ਦਾ ਦਾਅਵਾ ਬਣੇਗਾ ।

ਉਨ੍ਹਾਂ ਕਿਹਾ, “ਸਾਡੀ ਪਾਰਟੀ ਪਾਕਿਸਤਾਨ-ਚੀਨ ਗਵਾਰਡਰ ਬੰਦਰਗਾਹ ਤੱਕ ਜੋ ਵਪਾਰਿਕ ਲਾਂਘਾ ਬਣਿਆ ਹੈ, ਸਿੱਖ ਕੌਮ ਨੂੰ ਇਸ ਵਿਚ ਇਸ ਲਈ ਕੋਈ ਇਤਰਾਜ ਨਹੀਂ ਕਿਉਂਕਿ ਇਸ ਲਾਂਘੇ ਰਾਹੀ ਸਿੱਖ ਅਤੇ ਮੁਸਲਿਮ ਕੌਮ ਆਪਣੇ ਵਪਾਰ ਅਤੇ ਆਪਣੀ ਮਾਲੀ ਹਾਲਤ ਨੂੰ ਹੋਰ ਬਿਹਤਰ ਬਣਾਉਣ ਵਿਚ ਸਹਾਈ ਹੋਵੇਗੀ ਅਤੇ ਦੋਵਾਂ ਸੂਬਿਆਂ ਦੇ ਨਿਵਾਸੀਆ ਨੂੰ ਵਡੇਰੇ ਵਪਾਰਕ ਤੇ ਮਾਲੀ ਲਾਭ ਪ੍ਰਾਪਤ ਹੋਣਗੇ । 46 ਲੱਖ ਦੀ ਪੰਜਾਬੀ ਸਿੱਖ ਨੌਜ਼ਵਾਨਾਂ ਦੀ ਬੇਰੁਜਗਾਰੀ ਦੀ ਸਮੱਸਿਆ ਦੀ ਬਦੌਲਤ ਸਾਡੀ ਸਿੱਖ ਨੌਜਵਾਨੀ ਦੂਜੇ ਦਰਜੇ ਦਾ ਰੁਜਗਾਰ ਕਰਨ ਲਈ ਗਲਫ ਮੁਲਕਾਂ ਵਿਚ ਜਾਣ ਲਈ ਮਜ਼ਬੂਰ ਹੋ ਰਹੀ ਹੈ । ਅਜਿਹਾ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਦਹਿਸਤ ਅਤੇ ਜ਼ਬਰ-ਜੁਲਮਾਂ ਦੀ ਬਦੌਲਤ ਵੀ ਹੋਇਆ ਹੈ । ਇਸਦੇ ਕਾਰਨ ਹੀ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਰਫਿਊਜੀ ਬਣਕੇ ਰਹਿ ਗਈ ਹੈ।”

ਉਨ੍ਹਾਂ ਮੰਗ ਕੀਤੀ ਕਿ ਸਿੱਖ ਕੌਮ ਤੇ ਪੰਜਾਬੀਆਂ ਦੀ ਵਪਾਰਕ ਤੇ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਹੈ ਕਿ ਵਾਹਗਾ ਤੇ ਹੂਸੈਨੀਵਾਲਾ ਸਰਹੱਦਾਂ ਖੋਲ੍ਹਕੇ ਪੰਜਾਬ ਸੂਬੇ ਦੇ ਵਪਾਰਕ ਲਾਂਘੇ ਨੂੰ ਪਾਕਿਸਤਾਨ-ਚੀਨ ਗਵਾਰਡਰ ਲਾਂਘੇ ਨਾਲ ਜੋੜਕੇ ਕੌਮਾਂਤਰੀ ਪੱਧਰ ਤੇ ਇਸ ਵਪਾਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇ ਤਾਂ ਜੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਮਜ਼ਬੂਤ ਹੋ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,