January 27, 2017 | By ਸਿੱਖ ਸਿਆਸਤ ਬਿਊਰੋ
ਜਰਮਨ: ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ 26 ਜਨਵਰੀ ਦੇ ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਹਾੜੇ ਦੇ ਤੌਰ ‘ਤੇ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ ਕਰਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਗਣਤੰਤਰ ਦਿਵਸ ਦਾ ਦਿਹਾੜਾ ਹਿੰਦੋਸਤਾਨ ਦੀ ਹਕੂਮਤ ਤੇ ਬਹੁਗਿਣਤੀ ਬ੍ਰਾਹਮਣਵਾਦੀ ਸੋਚ ਵੱਲੋ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਅਣਖ ਤੇ ਗੈਰਤਮੰਦ ਸਿੱਖ ਇਸ ਨੂੰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਕਰਕੇ ਕਾਲੇ ਦਿਵਸ ਦੇ ਤੌਰ ‘ਤੇ ਮਨਾਉਂਦੇ ਹੋਏ ਮੁਜ਼ਾਹਰਾ ਕਰ ਰਹੇ ਸਨ, ਕਿਉਂਕਿ ਇੱਕ ਲੰਮੇ ਸਮੇਂ ਤੋਂ ਬਾਅਦ ਵਿਦੇਸ਼ੀਆਂ ਤੋਂ ਹਿੰਦੋਸਤਾਨ ਨੂੰ ਸਿੱਖ ਕੌਮ ਦੀਆਂ ਕੁਰਬਾਨੀਆਂ ਕਰਕੇ 15 ਅਗਸਤ 1947 ਨੂੰ “ਅਜ਼ਾਦੀ” ਮਿਲੀ ਸੀ।
26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦਾ ਖਰੜਾ ਲਾਗੂ ਕੀਤਾ ਗਿਆ ਸੀ। ਅਜ਼ਾਦੀ ਤੋਂ ਪਹਿਲਾਂ ਦੇਸ਼ ਪੰਜਾਬ ਦੇ ਮਾਲਕ ਸਿੱਖ ਆਗੂਆਂ ਨਾਲ ਵਾਇਦਾ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਇੱਕ ਇਹੋ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਸ ਵਿੱਚ ਇਹ ਅਜ਼ਾਦੀ ਦਾ ਨਿੱਘ ਮਾਣ ਸਕਣ, ਪਰ ਹੋਇਆ ਇਸ ਦੇ ਉਲਟ। ਬਹੁਗਿਣਤੀ ਦੇ ਮਕਾਰ ਆਗੂਆਂ ਨੇ ਸਿੱਖ ਕੌਮ ਨੂੰ ਅਜ਼ਾਦ ਖਿੱਤਾ ਤਾਂ ਕੀ ਦੇਣਾ ਸੀ ਸਗੋ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਸਿੱਖਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 ਵਿੱਚ ਹਿੰਦੂਆਂ ਦਾ ਹੀ ਇੱਕ ਹਿੱਸਾ ਮੰਨਿਆ ਗਿਆ ਅਤੇ ਇਸੇ ਤਹਿਤ ਸਿੱਖਾਂ ਨੂੰ ‘ਅਨੰਦ ਮੈਰਿਜ ਐਕਟ’ ਦੀ ਥਾਂ ਵਿਆਹ ਦਾ ਸਰਟੀਫਕੇਟ ਵੀ ‘ਹਿੰਦੂ ਮੈਰਿਜ ਐਕਟ’ ਦੇ ਅਧੀਨ ਹੀ ਦਿੱਤਾ ਜਾਂਦਾ ਹੈ। ਸੰਵਿਧਾਨ ਲਾਗੂ ਕਰਨ ਵਾਲੀ ਕਮੇਟੀ ਦੇ ਸਿੱਖ ਨੁਮਾਇੰਦਿਆਂ ਨੇ ਇਸ ਸੰਵਿਧਾਨ ‘ਤੇ ਦਸਖਤ ਕਰਨ ਤੋਂ ਇਨਕਾਰ ਕਰਕੇ ਨਾ ਮਨਜ਼ੂਰ ਕਰ ਦਿੱਤਾ ਸੀ।
ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਖਤਮ ਕਰਨ ਲਈ ਜਿੱਥੇ ਹਕੂਮਤ ਸਿੱਖਾਂ ਦੇ ਪਵਿੱਤਰ ਗੁਰਧਾਮਾਂ, ਗੁਰਬਾਣੀ, ਸਿੱਖੀ ਸਿਧਾਤਾਂ, ਸਿੱਖ ਸੱਭਿਆਚਾਰ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ, ਜੇਲ੍ਹਾਂ ‘ਚ ਬੰਦ, ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਤੇ ਸਿੱਖੀ ਭੇਸ ਵਿੱਚ ਬ੍ਰਾਹਮਣਵਾਦੀ ਸੋਚ ਵਾਲਿਆਂ ਤੋਂ ਆਏ ਦਿਨ ਹਮਲੇ ਕਰਵਾਏ ਜਾ ਰਹੇ ਹਨ। ਇਹਨਾਂ ਹਮਲਿਆਂ ਦਾ ਹੱਲ ਸਿੱਖ ਕੌਮ ਦਾ ਅਜ਼ਾਦ ਘਰ ਖਾਲਿਸਤਾਨ ਹੈ। ਇਸ ਰੋਹ ਮੁਜ਼ਾਹਰੇ ਵਿੱਚ ਜਰਮਨ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਿੰਘਾਂ ਦੇ ਹੱਥਾਂ ਵਿੱਚ ਹਿੰਦੋਸਤਾਨ ਦੀ ਹਕੂਮਤ ਵਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਵਾਲੀਆਂ ਤਸਵੀਰਾਂ ਤੇ ਜਰਮਨ ਭਾਸ਼ਾਂ ਵਿੱਚ ਲਿਖੇ ਬੈਨਰ ਫੜੇ ਹੋਏ ਸਨ। ਖਾਲਿਸਤਾਨ ਜ਼ਿੰਦਾਬਾਦ, ਹਿੰਦੋਸਤਾਨ ਦੀ ਹਕੂਮਤ ਵੱਲੋ ਜੇਲ੍ਹੀਂ ਡੱਕੇ ਸਿੰਘ ਕੌਮ ਦਾ ਨਾਇਕ ਹਨ, ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ, ਆਦਿ ਨਾਅਰੇ ਭਾਰਤੀ ਹਕੂਮਤ ਦੇ ਕਰਿਦਿੰਆਂ ਨੂੰ ਇੱਕ ਸੰਦੇਸ਼ਾਂ ਦੇ ਰਹੇ ਸਨ ਕਿ ਜੋ ਤੁਸੀਂ ਸਿੱਖ ਕੌਮ ਨੂੰ ਆਪਣੀ ਕੁਟਲ ਨੀਤੀ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਸਿੱਖ ਕੌਮ ਖਤਮ ਨਹੀਂ ਹੋਵੇਗੀ।
ਜਰਮਨ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ ਕਿ ਅਸੀਂ ਸਿੱਖ ਕੌਮ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਾਂਗੇ ਤੇ ਵਿਦੇਸ਼ਾਂ ਵਿੱਚ ਇਥੋਂ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਹਿੰਦੋਸਤਾਨ ਦੇ ਲੋਕਤੰਤਰ, ਧਰਮ ਨਿਰਪੱਖਤਾ ਦੇ ਨਕਾਬ ਹੇਠ ਘੱਟ ਗਿਣਤੀਆਂ ਤੇ ਸਿੱਖਾਂ ‘ਤੇ ਕੀਤੇ ਜਾਦੇ ਜ਼ੁਲਮਾਂ ਪ੍ਰਤੀ ਅਵਾਜ਼ ਬਲੰਦ ਕਰਦੇ ਹੋਏ ਇੱਥੋ ਦੀਆਂ ਸਰਕਾਰਾਂ ਅੱਗੇ ਇਨ੍ਹਾਂ ਦਾ ਚਿਹਰਾ ਨੰਗਾ ਕਰਦੇ ਰਹਾਂਗੇ। ਸਟੇਜ ਦੀ ਕਾਰਵਈ ਸਿੱਖ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਉਂਦਿਆਂ ਹੋਇਆ ਦਿੱਲੀ ਦੀ ਹਕੂਮਤ ਵਲੋਂ ਸਿੱਖ ਕੌਮ ਉਪੱਰ ਕੀਤੇ ਜ਼ੁਲਮਾਂ ਅਤੇ 26 ਜਨਵਰੀ ਦੇ ਰੋਸ ਮੁਜ਼ਾਹਰੇ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਨ, ਸੀਨੀਅਰ ਮੀਤ ਪ੍ਰਧਾਨ ਭਾਈ ਗੁਰਦਿਆਲ ਸਿੰਘ ਲਾਲੀ, ਜਨਰਲ ਸਕੱਤਰ ਭਾਈ ਜਤਿੰਦਰਬੀਰ ਸਿੰਘ, ਮੋਢੀ ਆਗੂਆਂ ਵਿਚੋਂ ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ ਦੇ ਪਹਿਲੇ ਜਥੇਦਾਰ ਸਤਨਾਮ ਸਿੰਘ ਬੱਬਰ, ਬੱਬਰ ਖਾਲਸਾ ਜਰਮਨੀ ਦੇ ਭਾਈ ਰਜਿੰਦਰ ਸਿੰਘ ਬੱਬਰ, ਦਲ ਖਾਲਸਾ ਇੰਟਰਨੈਸ਼ਨਲ ਵਲੋਂ ਭਾਈ ਗੁਰਦੀਪ ਸਿੰਘ ਪ੍ਰਦੇਸੀ, ਭਾਈ ਸੁਰਿੰਦਰ ਸਿੰਘ ਸੇਖੋਂ ਭਾਈ ਜਸਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ ਬੱਬਰ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ, ਭਾਈ ਪ੍ਰਤਾਪ ਸਿੰਘ ਬੱਬਰ ਤੇ ਬੀਬੀ ਰਾਜਵਿੰਦਰ ਕੌਰ ਸਟੁਟਗਾਟ ਭਾਈ ਸਤਨਾਮ ਸਿੰਘ ਨੇ ਆਪਣੇ ਵਿਚਾਰ ਰੱਖੇ।
Related Topics: Babbar Khalsa, Protest Against Indian Republic Day, Sikhs in Germany