October 31, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਇੰਗਲੈਂਡ ਤੋਂ ਆਏ ਇਕ ਸਿੱਖ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੱਜ (31 ਅਕਤੂਬਰ, 2017) ਤੜਕੇ ਰੋਕ ਲਿਆ। ਤਲਜੀਤ ਸਿੰਘ, ਜੋ ਕਿ ਜੰਮੂ ਦੇ ਰਹਿਣ ਵਾਲੇ ਹਨ, ਪਿਛਲੇ 9 ਸਾਲਾਂ ਤੋਂ ਇੰਗਲੈਂਡ ‘ਚ ਰਹਿੰਦੇ ਹਨ, ਨੂੰ ਹਵਾਈ ਅੱਡੇ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਬਾਅਦ ‘ਚ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਤਲਜੀਤ ਸਿੰਘ ਦੇ ਭਰਾ ਤਰਲੋਕ ਸਿੰਘ, ਜੋ ਕਿ ਹਵਾਈ ਅੱਡੇ ਦੇ ਰੱਖਿਆ ਦਰਵਾਜ਼ੇ ਦੇ ਬਾਹਰ ਖੜ੍ਹੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਹੇ ਸਨ, ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਉਸਦੇ ਭਰਾ (ਤਲਜੀਤ ਸਿੰਘ) ਨੂੰ ਬਾਹਰ ਨਹੀਂ ਆਉਣ ਦਿੱਤਾ।
ਉਨ੍ਹਾਂ ਨੇ ਦੱਸਿਆ, “ਬਾਅਦ ‘ਚ ਮੇਰੇ ਸਾਹਮਣੇ ਪੰਜਾਬ ਪੁਲਿਸ ਦੀਆਂ ਗੱਡੀਆਂ ਆਈਆਂ ਅਤੇ ਮੇਰੇ ਭਰਾ ਨੂੰ ਨਾਲ ਲੈ ਗਈਆਂ।”
ਉਨ੍ਹਾਂ ਦਾਅਵਾ ਕੀਤਾ ਕਿ ਨਾ ਹੀ ਪੁਲਿਸ ਅਤੇ ਨਾ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਤਲਜੀਤ ਸਿੰਘ ਬਾਰੇ ਕੋਈ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਤਲਜੀਤ ਸਿੰਘ ਨੂੰ ਕਿੱਥੇ ਲੈ ਗਏ, ਮੇਰੀਆਂ ਅੱਖਾਂ ਸਾਹਮਣੇ ਪੁਲਿਸ ਮੇਰੇ ਭਰਾ ਨੂੰ ਲੈ ਗਈ।”
ਤਰਲੋਕ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਉਨ੍ਹਾਂ ‘ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਹਨ।
ਤਰਲੋਕ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ, “ਪੁਲਿਸ ਮੇਰੇ ਕੋਲੋਂ ਮੇਰੇ ਭਰਾ ਬਾਰੇ ਪੁੱਛਗਿੱਛ ਕਰਦੀ ਸੀ। ਪੁਲਿਸ ਦਾਅਵਾ ਕਰਦੀ ਸੀ ਕਿ ਮੇਰੇ ਭਰਾ ਦੇ ਪਰਮਜੀਤ ਸਿੰਘ ਪੰਮਾ ਨਾਲ ਸਬੰਧ ਹਨ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਪੁਲਿਸ ਨੂੰ ਕਿਹਾ ਕਿ ਤੁਸੀਂ ਖੁਦ ਹੀ ਮੇਰੇ ਭਰਾ ਨਾਲ ਗੱਲ ਕਰ ਲਵੋ ਜੋ ਕਿ ਲੰਡਨ ‘ਚ ਰਹਿੰਦਾ ਹੈ। ਪੁਲਿਸ ਨੇ ਮੇਰੇ ਭਰਾ ਨਾਲ ਫੋਨ ‘ਤੇ ਗੱਲ ਵੀ ਕੀਤੀ ਸੀ ਅਤੇ ਤਸੱਲੀ ਕੀਤੀ ਕਿ ਉਹ ਪਰਮਜੀਤ ਸਿੰਘ ਪੰਮਾ ਜਾਂ ਕਿਸੇ ਹੋਰ ਨਾਲ ਨਹੀਂ ਜੁੜੇ ਹੋਏ ਉਹ ਸਿਰਫ ਆਪਣੇ ਰੋਜ਼ਗਾਰ ਕਰਦੇ ਹਨ।
ਤਰਲੋਕ ਸਿੰਘ ਜੋ ਕਿ ਪੰਜਾਬ ਵਾਪਸ ਆ ਗਿਆ, ਨੇ ਕਿਹਾ ਕਿ ਉਸਨੂੰ ਡਰ ਹੈ ਕਿ ਪੁਲਿਸ ਉਸਨੂੰ ਗ਼ੈਰਕਾਨੂੰਨੀ ਹਿਰਾਸਤ ‘ਚ ਰੱਖ ਕੇ ਕਿਸੇ ਝੂਠੇ ਕੇਸ ‘ਚ ਨਾ ਫਸਾ ਦੇਵੇ। ਉਸਨੇ ਕਿਹਾ ਕਿ ਮੇਰੀ ਪਹਿਲੀ ਕੋਸ਼ਿਸ਼ ਹੈ ਕਿ ਆਪਣੇ ਭਰਾ ਤਲਜੀਤ ਸਿੰਘ ਬਾਰੇ ਪਤਾ ਕਰਾਂ ਕਿ ਉਹ ਕਿੱਥੇ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Punjab Police, Sikh Diaspora, Sikh News UK, Sikh Political Prisoners, Sikhs in Jammu & Kashmir, Sikhs in United Kingdom