October 29, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ(29 ਅਕਤੂਬਰ, 2015): ਸਿੱਖ ਯੂਥ ਆਫ ਪੰਜਾਬ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ 31ਵੀ ਵਰੇਗੰਢ ਮੌਕੇ ਅੰਮ੍ਰਿਤਸਰ ਵਿਖੇ 2 ਨਵੰਬਰ ਨੂੰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਥੇਬੰਦੀ ਦੇ ਵਰਕਰਾਂ ਵਲੋਂ ਨਵੰਬਰ 84 ਦੇ ਨਰ-ਸੰਘਾਰ ਦੀ ਸ਼ਿਕਾਰ ਔਰਤਾਂ, ਮਰਦਾਂ ਅਤੇ ਬੱਚੇ-ਬੁਜ਼ਰਗਾਂ ਨੂੰ ਸ਼ਰਧਾਂਜਲੀ ਦੇਣ ਲਈ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ।
ਇਹ ਫੈਸਲਾ ਨੌਜਵਾਨ ਜਥੇਬੰਦੀ ਦੀ ਮੀਟਿੰਗ ਵਿੱਚ ਲਿਆ ਗਿਆ। ਦਲ ਖਾਲਸਾ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਸਕੱਤਰ ਪਰਮਜੀਤ ਸਿੰਘ ਮੰਡ ਅਤੇ ਜਿਲਾ ਪ੍ਰਧਾਨ ਗਗਨਦੀਪ ਸਿੰਘ ਨੇ ਕਿਹਾ ਕਿ 31 ਵਰਿਆਂ ਅੰਦਰ ਕੌਮ ਇਹ ਸਮਝ ਚੁੱਕੀ ਹੈ ਕਿ ਭਾਰਤੀ ਜਸਟਿਸ ਸਿਸਟਮ ਤੋਂ ਇਨਸਾਫ ਨਹੀਂ ਮਿਲਣ ਵਾਲਾ। ਉਹਨਾਂ ਕਿਹਾ ਕਿ ਜਦੋਂ ਕਿਸੇ ਕਤਲੇਆਮ ਵਿੱਚ ਰਾਜ ਦਾ ਆਪਣਾ ਹੱਥ ਹੋਵੇ, ਇਨਸਾਫ ਦੀ ਭਾਲ ਅਤੇ ਉਮੀਦ ਰੱਖਣਾ ਇੱਕ ਭਰਮ ਤੋਂ ਵੱਧ ਕੁਝ ਨਹੀ ਹੁੰਦਾ।
ਉਹਨਾਂ ਕਿਹਾ ਕਿ ਜਥੇਬੰਦੀ ਵਲੋਂ ਇਸ ਵਰ੍ਹੇ ਨਸਲਕੁਸ਼ੀ ਦੀ ਰਾਜਨੀਤੀ ਵਿਰੁੱਧ ਆਪਣਾ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਨ ਲਈ ਭੰਡਾਰੀ ਪੁਲ ਉਤੇ ਸ਼ਾਮ 4 ਵਜੇ ਤੋਂ ਰੋਸ ਮੁਜ਼ਾਹਰਾ ਅਤੇ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੜਕੀ ਆਵਾਜਾਈ ਨਹੀਂ ਰੋਕੀ ਜਾਵੇਗੀ। ਉਹਨਾਂ ਕਿਹਾ ਕਿ ਨੌਜਵਾਨ ਵਰਕਰ ਹੱਥਾਂ ਵਿੱਚ ਤਖਤੀਆਂ ਅਤੇ ਝੰਡੇ ਲੈਕੇ ਵਿਖਾਵਾ ਕਰਨਗੇ।ਉਹਨਾਂ ਮੀਡੀਆ ਦੀ ਇਸ ਕਤਲੇਆਮ ਨੂੰ ਦੰਗੇ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਦਸਿਆ ਕਿ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁੱਖੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਨਾਂ ਦੇ ਹੱਥ ਘੱਟ-ਗਿਣਤੀ ਕੌਮਾਂ ਦੇ ਖੂਨ ਨਾਲ ਲਿਬੜੇ ਹੋਏ ਹਨ ਅਤੇ ਦੋਨਾਂ ਭਾਰਤੀ ਪਾਰਟੀਆਂ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡੀ ਹੈ।
ਉਹਨਾਂ ਕਿਹਾ ਸਿੱਖ ਕੌਮ, ਪੀੜਤ ਪਰਿਵਾਰ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਪਿਛਲ਼ੇ 31 ਵਰ੍ਹਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਾਕਮਾਂ ਤੋਂ ਲੈ ਕੇ ਸੰਯੁਕਤ ਰਾਸ਼ਟਰ ਤੱਕ ਇਨਸਾਫ ਦੀ ਗੁਹਾਰ ਲਾਈ ਹੈ ਪਰ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਸੰਜੀਦਾ ਨਹੀਂ ਹੈ। ਉਹਨਾਂ ਇਨਸਾਫ ਦੇ ਮਾਇਨੇ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਿਨਾਂ ਕਾਰਨਾਂ, ਹੱਕਾਂ ਅਤੇ ਮੁਦਿਆਂ ਕਰਕੇ ਸਿੱਖਾਂ ਦਾ ਖੂਨ ਡੁਲਿਆ, ਉਹਨਾਂ ਦੇ ਸਨਮਾਣਯੋਗ ਹੱਲ ਹੀ ਸਹੀ ਅਰਥਾਂ ਵਿੱਚ ਇਨਸਾਫ ਹੋਵੇਗਾ।
ਉਹਨਾਂ ਹਮ-ਖਿਆਲੀ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ 31 ਅਕਤੂਬਰ ਨੂੰ ਸ਼ਹੀਦ ਬੇਅੰਤ ਸਿੰਘ ਮਲੋਆ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਵਿਖੇ ਸਵੇਰੇ 8 ਵਜੇ ਪੁਹੰਚਣ ਦੀ ਅਪੀਲ ਕੀਤੀ।
Related Topics: Dal Khalsa International, Panch Pardhnai, Sikh Youth of Punjab, ਸਿੱਖ ਨਸਲਕੁਸ਼ੀ 1984 (Sikh Genocide 1984)