July 1, 2024 | By ਸ. ਪਰਮਜੀਤ ਸਿੰਘ ਗਾਜ਼ੀ
੧. ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ
੨. ਬਾਦਲ ਦਲ ਦਾ ਸਿਆਸੀ ਅਧਾਰ ਹੋਰ ਖੁੱਸੇਗਾ ਅਤੇ ਨਤੀਜਿਆਂ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਿਰੁਧ ਬਗਾਵਤ ਹੋਵੇਗੀ ਤੇ ਪਾਰਟੀ ਵਿਚੋਂ ਇਕ ਵੱਖਰਾ ਧੜਾ ਉੱਭਰੇਗਾ।
੩. ਜਿੱਥੇ ਮਾਨ ਦਲ ਪਹਿਲਾਂ ਤੋਂ ਹੀ ਸਿੱਖ ਵੋਟ ਸਿਆਸਤ ਦੇ ਦਾਅਵੇਦਾਰ ਵਜੋਂ ਮੌਜੂਦ ਹੈ ਓਥੇ ਅੰਮ੍ਰਿਤਪਾਲ ਸਿੰਘ ਦਾ ਧੜਾ ਨਵੇਂ ਦਾਅਵੇਦਾਰ ਵਜੋਂ ਉੱਭਰੇਗਾ।
੪. ਵੋਟਾਂ ਤੋਂ ਬਾਅਦ ਉਕਤ ਗੱਲਾਂ ਵਾਪਰ ਚੁੱਕੀਆਂ ਹਨ ਅਤੇ ਹੁਣ ਦੇ ਹਾਲਾਤ ਹੋਰ ਵੀ ਵਧੇਰੇ ਖਿਡਾਓ ਵੱਲ ਵਧ ਰਹੇ ਹਨ।
੫. ਇਸ ਵੇਲੇ ਸਿੱਖ ਵੋਟ ਰਾਜਨੀਤੀ ਵਿਚ ਚਾਰ ਧੜੇ (ਬਾਦਲ ਦਲ, ਬਾਦਲਾਂ ਤੋਂ ਬਾਗੀ ਧੜਾ, ਮਾਨ ਦਲ, ਅੰਮ੍ਰਿਤਪਾਲ ਸਿੰਘ) ਤਾਂ ਪਰਤੱਖ ਹੋ ਚੁਕੇ ਹਨ।
੬. ਸਰਬਜੀਤ ਸਿੰਘ ਖਾਲਸਾ ਦੀ ਜਿੱਤ ਤੋਂ ਬਾਅਦ ਸਰਬਜੀਤ ਸਿੰਘ ਦੀ ਹਿਮਾਇਤ ਕਰਨ ਵਾਲੇ ਹਿੱਸਿਆਂ ਨੇ ਵੀ ਇੱਕਠੇ ਹੋ ਕੇ ਜਲੰਧਰ ਸੀਟ ਤੋਂ ਇਲਾਵਾ ਬਾਕੀ ਚਾਰ ਸੀਟਾਂ ਉੱਤੇ ਪੰਜਾਬ ਵਿਧਾਨ ਸਭਾ ਲਈ ਜਿਮਨੀ ਚੋਣਾਂ ਲੜਨ ਦਾ ਐਲਾਨ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਯਤਨ ਕੀਤਾ ਹੈ।
੭. ਅਗਲੀ ਸਥਿਤੀ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਧੜੇ ਵਿਚੋਂ ਵੀ ਵੱਖਰੇ ਦਾਅਵੇਦਾਰ ਉੱਭਰਦੇ ਨਜ਼ਰ ਆ ਰਹੇ ਹਨ।
੮. ਬੀਤੇ ਦਿਨਾਂ ਵਿਚ ਡਿਬਰੂਗੜ੍ਹ ਨਜ਼ਰਬੰਦ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਨੇ ਐਲਾਨ ਕੀਤਾ ਹੈ ਕਿ ਬਾਜੇਕੇ ਵੱਲੋਂ ਗਿੱਦੜਬਾਹਾ ਤੋਂ ਚੋਣ ਲੜੀ ਜਾਵੇਗੀ।
੯. ਇਕ ਹੋਰ ਡਿਬਰੂਗੜ੍ਹ ਨਜ਼ਰਬੰਦ ਕੁਲਵੰਤ ਸਿੰਘ ਰਾਓਕੇ ਦੇ ਭਰਾ ਨੇ ਐਲਾਨ ਕੀਤਾ ਹੈ ਰਾਓਕੇ ਵੱਲੋਂ ਬਰਨਾਲੇ ਤੋਂ ਜਿਮਨੀ ਚੋਣ ਲੜੀ ਜਾਵੇਗੀ।
੧੦. ਇਸੇ ਤਰ੍ਹਾਂ ਡਿਬਰੂਗੜ੍ਹ ਵਿਚ ਹੀ ਨਜ਼ਰਬੰਦ ਦਲਜੀਤ ਸਿੰਘ ਕਲਸੀ ਦੀ ਪਤਨੀ ਨੇ ਕਲਸੀ ਵੱਲੋਂ ਡੇਹਰਾ ਬਾਬਾ ਨਾਨਕ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੈ।
੧੧. ਪਟਿਆਲਾ ਜੇਲ੍ਹ ਵਿਚ ਹਿਰਾਸਤੀ ਸੰਦੀਪ ਸਿੰਘ ਸੰਨੀ (ਸੁਧੀਰ ਸੂਰੀ ਕੇਸ) ਵੱਲੋਂ ਵੀ ਡੇਹਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ
੧੨. ਜ਼ਿਕਰਯੋਗ ਹੈ ਕਿ ਬਰਨਾਲਾ ਸੀਟ ਤੋਂ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਜਿਮਨੀ ਚੋਣ ਲੜਨ ਦੀ ਸੰਭਾਵਨਾ ਦੀ ਖਬਰਾਂ ਵਿਚ ਚਰਚਾ ਹੋ ਚੁੱਕੀ ਹੈ ਹਾਲਾਕਿ ਇਸ ਬਾਰੇ ਅਜੇ ਕੋਈ ਐਲਾਨ ਨਹੀਂ ਹੋਇਆ।
੧੩. ਡਿਬਰੂਗੜ੍ਹ ਨਜ਼ਰਬੰਦਾਂ ਬਾਜੇਕੇ, ਰਾਉਕੇ ਅਤੇ ਕਲਸੀ ਦੀ ਉਮੀਦਵਾਰੀ ਦੇ ਐਲਾਨ ਬਾਰੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਹਾਲੀ ਤੱਕ ਚੁੱਪ ਹੈ।
੧੪. ਪਰ ਖੁਦ ਨੂੰ ਅਸਿੱਧੇ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਦੇ ਸਿਆਸੀ ਸਲਾਹਕਾਰ ਵਜੋਂ ਪੇਸ਼ ਕਰ ਰਹੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਹਾਲੀ ਤੱਕ ਜਿਮਨੀ ਚੋਣਾਂ ਲੜਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਹੈ ਤੇ ਨਾ ਹੀ ਡਿਬਰੂਗੜ੍ਹ ਨਜ਼ਰਬੰਦਾਂ ਵੱਲੋਂ ਚੋਣਾਂ ਲੜਨ ਦੇ ਐਲਾਨ ਅੰਮ੍ਰਿਤਪਾਲ ਸਿੰਘ ਦੀ ਰਾਏ ਨਾਲ ਹੋਏ ਹਨ।
੧੫. ਮੌਜੂਦਾ ਸਮੇਂ ਸਿੱਖ ਵੋਟ ਰਾਜਨੀਤੀ ਜਿਸ ਪਾਸੇ ਵਧ ਰਹੀ ਹੈ ਓਥੇ ਹਰ ਹਿੱਸੇ ਵਿਚਲਾ ਅੰਦਰੂਨੀ ਖਿੰਡਾਓ ਵਧੇਗਾ। ਭਵਿੱਖ ਵਿਚ ਸਿੱਖ ਵੋਟ ਰਾਜਨੀਤੀ ਦੇ ਦਾਅਵੇਦਾਰਾਂ ਦੀ ਗਿਣਤੀ ਵਧਣ ਕਾਰਨ ਕਿਸੇ ਵੀ ਚੋਣ ਸਰਗਰਮੀ, ਖਾਸ ਕਰ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਸਿੱਖ ਪਾਰਟੀਆਂ/ਧੜਿਆਂ ਦੇ ਹੀ ਕਈ ਗੜਜੋੜ ਹੀ ਉੱਭਰ ਸਕਦੇ ਹਨ।
ਧਿਆਨ ਦਿਓ — ਨੱਥੀ ਤਸਵੀਰਾਂ ਬਾਦਲਾਂ ਤੋਂ “ਬਾਗੀ” ਹੋਏ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਮਾਫੀ ਲੈਣ ਲਈ ਲਿਖੀ ਚਿੱਠੀ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਕੀਤੀ ਅਰਦਾਸ ਦੀਆਂ ਹਨ।
Related Topics: Badal Dal, Parmjeet Singh Gazi, Punjab, Shiromani Gurdwara Parbandhak Committee (SGPC), Sikh Vote Politics