September 20, 2010 | By ਕਰਮਜੀਤ ਸਿੰਘ ਚੰਡੀਗੜ੍ਹ
– ਕਰਮਜੀਤ ਸਿੰਘ**
ਬਰਤਾਨੀਆ ਦੇ ਉਘੇ ਨੀਤੀਵਾਨ ਅਤੇ ਰਾਜਨੀਤਕ ਫਿਲਾਸਫ਼ਰ ਐਡਮੰਡ ਬਰਕ (1719-97) ਨੇ ਬਹੁਤ ਚਿਰ ਪਹਿਲਾਂ ਚੜ੍ਹਦੀ ਜਵਾਨੀ ਦੇ ਭਵਿੱਖ ਬਾਰੇ ਟਿੱਪਣੀ ਕਰਦਿਆਂ ਆਖਿਆ ਸੀ ਕਿ ‘‘ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਅੱਜ ਦੇ ਜਵਾਨ ਮੁੰਡੇ ਕੁੜੀਆਂ ਵਿਚ ਜਜ਼ਬਿਆਂ ਦਾ ਸੰਸਾਰ ਕਿਹੋ-ਜਿਹਾ ਹੈ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਆਉਣ ਵਾਲੀ ਪੀੜ੍ਹੀ ਦੀ ਤਕਦੀਰ ਵਿਚ ਕੀ ਲਿਖਿਆ ਹੈ?’’ ਅੱਜ ਜਦੋਂ ਅਸੀਂ ਏਥੇ ਖ਼ਾਲਸਾ ਪੰਥ ਦੀ ਮਹਾਨ ਸੰਸਥਾ – ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਡੂੰਘੀਆਂ ਅਤੇ ਖੁੱਲ੍ਹੀਆਂ ਵਿਚਾਰਾਂ ਕਰਨ ਲਈ ਇਕੱਠੇ ਹੋਏ ਹਾਂ ਤਾਂ ਯਕੀਨਨ ਸਾਨੂੰ ਵਿਦਿਆਰਥੀਆਂ ਦੇ ਮਾਨਸਿਕ ਜਗਤ ਵਿਚ ਬਹੁਤ ਗਹਿਰੇ ਹੋ ਕੇ ਉਤਰਨਾ ਹੋਵੇਗਾ। ਸਾਨੂੰ ਇਹ ਜਾਇਜ਼ਾ ਲੈਣਾ ਪਵੇਗਾ ਕਿ ਇੰਨੀ ਵੱਡੀ, ਇੰਨੀ ਮਾਸੂਮ, ਇੰਨੀ ਤਾਕਤਵਰ ਅਤੇ ਦੁਨੀਆਂ ਦੇ ਸਭ ਸੁਆਰਥਾਂ ਤੋਂ ਰਹਿਤ ਸਾਡੀ ਇਹ ਇਤਿਹਾਸਕ ਪੀੜ੍ਹੀ ਆਪਣੀ ਪੜ੍ਹਾਈ ਤੋਂ ਬਿਨਾਂ ਵਿਹਲੇ ਪਲਾਂ ਵਿਚ ਹੋਰ ਕੀ ਸੋਚਦੀ ਹੈ, ਕੀ ਪੜ੍ਹਦੀ ਹੈ ਅਤੇ ਆਪਣੀ ਕੌਮ ਅਤੇ ਦੁਨੀਆਂ ਬਾਰੇ ਉਸਦਾ ਕੀ ਨਜ਼ਰੀਆ ਹੈ? ਹੋ ਸਕਦਾ ਹੈ ਕਿ ਸਾਨੂੰ ਇਹ ਜਾਇਜ਼ਾ ਲੈਣ ਲੱਗਿਆਂ ਬਹੁਤ ਮਾਯੂਸੀ ਦਾ ਸਾਹਮਣਾ ਕਰਨਾ ਪਵੇ, ਪਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਤਾਂ ਨਹੀਂ; ਕਿਉਂਕਿ ਅਜਿਹਾ ਕਰਕੇ ਅਸੀਂ ਨਾ ਕੇਵਲ ਵਿਦਿਆਰਥੀਆਂ ਦੇ ਭਵਿੱਖ ਬਾਰੇ ਕੋਈ ਅਮਲੀ ਤੇ ਮੌਲਿਕ ਪ੍ਰੋਗਰਾਮ ਸਿਰਜਣ ਵਿਚ ਕਾਮਯਾਬ ਹੋਵਾਂਗੇ ਸਗੋਂ ਇਸ ਨਾਲ ਸਾਨੂੰ ਆਪਣੀਆਂ ਕਮਜ਼ੋਰੀਆਂ, ਖਾਮੀਆਂ, ਸੀਮਾਵਾਂ ਅਤੇ ਸੁਆਰਥਾਂ ਬਾਰੇ ਵੀ ਬੇਬਾਕ ਰੌਸ਼ਨੀ ਮਿਲੇਗੀ। ਇਹੋ ਜਿਹੇ ਨਿਰਮਲ ਮਾਹੌਲ ਵਿਚ ਹੀ ਗੁਰੂ-ਸਿਧਾਂਤ ਸਾਡੀ ਅਗਵਾਈ ਕਰੇਗਾ।
ਫਿਲਹਾਲ ਕੁਝ ਹਕੀਕਤਾਂ ਨੂੰ ਅੱਖੋਂ ਪਰੋਖੇ ਨਾ ਕਰੀਏ
ਸਾਨੂੰ ਬੜੇ ਦੁਖੀ ਮਨ ਨਾਲ ਇਹ ਸਵੀਕਾਰ ਕਰ ਕੇ ਤੁਰਨਾ ਚਾਹੀਦਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਕਈ ਧੜਿਆਂ ਵਿਚ ਵੰਡੀ ਹੋਈ ਹੈ। ਇਸ ਨੁਕਤੇ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਕਿ ਹਰ ਧੜੇ ਨੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸੇ ਨਾ ਕਿਸੇ ਰਾਜਨੀਤਕ ਗਰੁੱਪ ਨਾਲ ਦੂਰ ਜਾਂ ਨੇੜੇ ਦੀ ਸਾਂਝ ਪਾ ਰੱਖੀ ਹੈ। ਇਸ ਲਈ ਅਸੀਂ ਇਸ ਸੀਮਾ ਨੂੰ ਸਵੀਕਾਰ ਕਰਦੇ ਹਾਂ ਕਿ ਇਕ ਚਿਰ-ਸਥਾਈ ਅਤੇ ਪੱਕੀ ਏਕਤਾ ਭਾਵੇਂ ਅਜੇ ਸੰਭਵ ਨਹੀਂ ਪਰ ਸਾਨੂੰ ਰੱਬ ਜਿੰਨਾ ਭਰੋਸਾ ਹੈ ਕਿ ਉਹ ਏਕਤਾ ਬਹੁਤੀ ਦੂਰ ਵੀ ਨਹੀਂ। ਅਸੀਂ ਫਿਲਹਾਲ ਇਕ ਸ਼ੁਰੂਆਤ ਕੀਤੀ ਹੈ। ਇਕ ਅਜਿਹਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਹਰ ਧੜੇ ਦੀ ਲੀਡਰਸ਼ਿਪ ਤੇ ਉਸਦੇ ਸੁਹਿਰਦ ਕਾਰਕੁੰਨ ਆਪਣੇ ਆਪਣੇ ਖੇਮੇ ਵਿਚ ਏਕਤਾ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਖੁੱਲ੍ਹੀ ਬਹਿਸ ਦੇ ਪ੍ਰਵਾਹ ਚਲਾਉਣਗੇ।
ਮਤਭੇਦ ਨਿਗੂਣੇ ਹਨ ਪਰ ਸਾਂਝਾਂ ਗੂੜ੍ਹੀਆਂ ਹਨ
ਇਕ ਦਿਲਚਸਪ ਸੱਚਾਈ ਇਹ ਹੈ ਕਿ ਜੇਕਰ ਮਤਭੇਦਾਂ ਨੂੰ ਗੰਭੀਰਤਾ ਸਹਿਤ ਵਿਚਾਰਿਆ ਜਾਵੇ ਤਾਂ ਉਹ ਜਾਂ ਤਾਂ ਹੈ ਹੀ ਨਹੀਂ ਅਤੇ ਜਾਂ ਫਿਰ ਬਹੁਤ ਹੀ ਨਿਗੂਣੇ ਜਿਹੇ ਹਨ। ਪਰ ਇਸ ਤੋਂ ਵੱਡੀ ਸੱਚਾਈ ਇਹ ਹੈ ਕਿ ਸਾਰੇ ਗਰੁੱਪ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਵਚਨਬੱਧ ਹਨ। ਦੂਜੇ ਸ਼ਬਦਾਂ ਵਿਚ ਉਹ ਸਾਰੇ ਇਹ ਮਹਿਸੂਸ ਕਰਦੇ ਹਨ ਕਿ ਸਿੱਖ ਪੰਥ ਦੀ ਆਜ਼ਾਦ, ਨਿਆਰੀ ਤੇ ਵਿਲੱਖਣ ਹਸਤੀ ਹੈ ਅਤੇ ਇਸ ਆਜ਼ਾਦ ਜਜ਼ਬੇ ਦੇ ਸਿਧਾਂਤਕ ਪੱਖ ਸਾਡੇ ਵਿਦਿਆਰਥੀਆਂ ਵਿਚ ਹਰ ਪਹਿਲੂ ਤੋਂ ਰੌਸ਼ਨ ਕੀਤੇ ਜਾਣੇ ਚਾਹੀਦੇ ਹਨ। ਇਸ ਕੌੜੀ ਹਕੀਕਤ ਨੂੰ ਵੀ ਸਾਰੇ ਮਹਿਸੂਸ ਕਰਦੇ ਹਨ ਕਿ ਇਹ ਪਵਿੱਤਰ ਜਜ਼ਬਾ ਵਿਦਿਆਰਥੀਆਂ ਦੀ ਮਾਨਸਿਕ ਬਣਤਰ ਅੰਦਰ ਰਸਾਉਣ ਤੇ ਵਸਾਉਣ ਲਈ ਸਾਰੇ ਧੜਿਆਂ ਦੀ ਲੀਡਰਸ਼ਿਪ ਨਾਕਾਮ ਰਹੀ ਹੈ। ਇਸ ਲਈ ਹਰ ਧੜੇ ਦੀ ਲੀਡਰਸ਼ਿਪ ਨੂੰ ਆਪਣੇ ਆਪਣੇ ਖੇਮੇ ਵਿਚ ਇਹ ਗੱਲ ਸੋਚਣ ਤੇ ਵਿਚਾਰਨ ਦਾ ਸਮਾਂ ਆ ਗਿਆ ਹੈ ਕਿ ਉਹ ਕਿਹੜੀਆਂ ਖਾਮੀਆਂ ਹਨ ਜਿਨ੍ਹਾਂ ਕਾਰਨ ਉਹ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਲਹਿਰ ਬਣ ਕੇ ਨਹੀਂ ਉਭਰ ਸਕੇ।
ਲੀਡਰਸ਼ਿਪ ਦੇ ਵਿਕਾਸ ਵਿਚ ਰਵਾਨਗੀ ਤੇ ਲਗਾਤਾਰਤਾ ਦਾ ਪ੍ਰਵਾਹ ਕਿਉਂ ਨਹੀਂ?
ਸਿੱਖ ਲੀਡਰਸ਼ਿਪ ਦਾ ਇਕ ਵੱਡਾ ਦੁਖ਼ਾਂਤ ਇਹ ਹੈ ਕਿ ਉਹ ਇਸ ਵਿਚਾਰਧਾਰਕ ਸੱਚਾਈ ਤੋਂ ਬੇਮੁਖ ਹਨ ਕਿ ਉਹਨਾਂ ਦੇ ਡੂੰਘੇ ਅਨੁਭਵ, ਤਜਰਬਿਆਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਸਰਸਬਜ਼ ਚਸ਼ਮਾ ਉਹਨਾਂ ਦੇ ਵਰਕਰ ਹਨ ਜਿਹੜੇ ਹਰ ਔਖੀ ਘੜੀ ਵਿਚ ਉਹਨਾਂ ਦੇ ਨਾਲ ਖੜੋਂਦੇ ਹਨ ਅਤੇ ਉਹਨਾਂ ਲਈ ਸੰਘਰਸ਼ ਕਰਦੇ ਹਨ। ਜੇ ਇਸ ਸੱਚਾਈ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਲੀਡਰਸ਼ਿਪ ਵਿਚ ਨਵੀਆਂ ਲਗਰਾਂ ਨੂੰ ਇਤਿਹਾਸ ਵਿਚ ਆਪਣਾ ਸਥਾਨ ਬਣਾਉਣ ਲਈ ਮੌਕੇ ਦੇਣ ਦਾ ਜਿਗਰਾ ਲੀਡਰਸ਼ਿਪ ਵਿਚ ਪੈਦਾ ਨਹੀਂ ਹੋਇਆ। ਜੇ ਅਸੀਂ ਇਹੋ ਜਿਹਾ ਮਾਹੌਲ ਪੈਦਾ ਨਹੀਂ ਕਰਦੇ ਤਾਂ ਸਮਾਂ ਪਾ ਕੇ ਵਰਕਰਾਂ ਵਿਚ ਹੀ ਇਕ ਉਦਾਸ ਖਲਾਅ ਤੇ ਭਿਆਨਕ ਖੜੋਤ ਆ ਜਾਂਦੀ ਹੈ ਜਿਸ ਦਾ ਅਸਰ ਸਮੁੱਚੀ ਕੌਮ ਉਤੇ ਵੀ ਪੈਂਦਾ ਹੈ। ਕੀ ਇਹੋ ਜਿਹਾ ਖਲਾਅ ਅਸੀਂ ਅੱਜ ਮਹਿਸੂਸ ਨਹੀਂ ਕਰ ਰਹੇ? ਮੇਰਾ ਖ਼ਿਆਲ ਹੈ ਕਿ ਸਾਨੂੰ ਨਿਰਭਉ ਅਤੇ ਨਿਰਵੈਰ ਹੋ ਕੇ ਬਿਨਾਂ ਕਿਸੇ ਧਿਰ ਨੂੰ ਨੁਕਤਾਚੀਨੀ ਹੇਠ ਲਿਆ ਕੇ ਇਸ ਤਬਾਹਕੁੰਨ ਰੁਝਾਨ ਨੂੰ ਖ਼ਤਮ ਕਰਨ ਲਈ ਢੰਗ ਤਰੀਕੇ ਲੱਭਣੇ ਚਾਹੀਦੇ ਹਨ।
ਤਾਲਮੇਲ ਕਮੇਟੀ ਦਾ ਗਠਨ ਕਰਨਾ ਸਮੇਂ ਦੀ ਮੁੱਖ ਲੋੜ
ਜਿਵੇਂ ਕਿ ਅਸੀਂ ਉਪਰ ਦੱਸ ਆਏ ਹਾਂ ਕਿ ਵੱਖ ਵੱਖ ਫੈਡਰੇਸ਼ਨਾਂ ਨੂੰ ਇਕ ਜਥੇਬੰਦੀ ਵਿਚ ਪਰੋਣ ਜਾਂ ਉਹਨਾਂ ਦਾ ਰਲੇਵਾਂ ਅਜੇ ਸਾਡੀ ਕਿਸਮਤ ਵਿਚ ਨਹੀਂ ਲਿਖਿਆ, ਪਰ ਤਾਂ ਵੀ ਇਕ ਮਜ਼ਬੂਤ ਅਤੇ ਦ੍ਰਿੜ੍ਹ ਇਰਾਦੇ ਵਾਲੀ ਨਿਰਪੱਖ ਤਾਲਮੇਲ ਕਮੇਟੀ ਦਾ ਗਠਨ ਤਾਂ ਹਰ ਹਾਲਤ ਵਿਚ ਮੁਮਕਿਨ ਹੈ ਅਤੇ ਇਸ ਨਿਸ਼ਾਨੇ ਲਈ ਸਾਰੇ ਧੜਿਆਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਇਕਮੁੱਠ ਹੋ ਕੇ ਆਵਾਜ਼ ਬੁ¦ਦ ਕਰਨੀ ਚਾਹੀਦੀ ਹੈ। ਜਦੋਂ ਸਾਡੇ ਵਿਚ ਵਿਚਾਰਧਾਰਕ ਮਤਭੇਦ ਹੈ ਹੀ ਨਹੀਂ, ਸਿਰਫ਼ ਰਣਨੀਤੀਆਂ ਅਤੇ ਦਾਅ-ਪੇਚ ਹੀ ਵੱਖਰੇ ਵੱਖਰੇ ਹਨ ਤਾਂ ਤਾਲਮੇਲ ਕਮੇਟੀ ਅਜਿਹੀ ਹਾਲਤ ਵਿਚ ਸਮੂਹ ਵਿਦਿਆਰਥੀਆਂ ਅੰਦਰ ਇਕ ਜਜ਼ਬਾਤੀ ਹੁਲਾਰਾ ਦੇਣ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਲਈ ਅਸੀਂ ਇਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਲੱਖਾਂ ਵਿਦਿਆਰਥੀਆਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਅਤੇ ਪੰਜਾਬ ਦੇ ਵਿਦਿਆਰਥੀਆਂ ਦੀਆਂ ਭੱਖਦੀਆਂ ਮੰਗਾਂ ਉਤੇ ਲੋਕਾਂ ਦਾ ਅਤੇ ਸਰਕਾਰ ਦਾ ਧਿਆਨ ਖਿੱਚਣ ਲਈ ਇਕ ਵਿਸ਼ਾਲ ਸੰਘਰਸ਼ ਲਾਮਬੰਦ ਕੀਤਾ ਜਾ ਸਕਦਾ ਹੈ। ਇਥੋਂ ਤਕ ਕਿ ਇਸ ਮੁੱਦੇ ’ਤੇ ਪੁਰ-ਅਮਨ ਪੰਜਾਬ ਬੰਦ ਦਾ ਸੱਦਾ ਵੀ ਕਾਮਯਾਬ ਹੋਵੇਗਾ ਕਿਉਂਕਿ ਉਚੀਆਂ ਤਕਨੀਕੀ ਡਿਗਰੀਆਂ ਚੁੱਕੀ ਲੱਖਾਂ ਨੌਜਵਾਨ ਆਪਣੇ ਹਨੇਰੇ ਭਵਿੱਖ ਬਾਰੇ ਜਿੰਨੇ ਫ਼ਿਕਰਮੰਦ ਅੱਜ ਹਨ, ਉਨੇ ਇਤਿਹਾਸ ਦੇ ਕਿਸੇ ਵੀ ਦੌਰ ਵਿਚ ਨਹੀਂ ਸਨ। ਓਧਰ ਦੂਸਰੇ ਪਾਸੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੱਚਿਆਂ ’ਤੇ ਲੱਖਾਂ ਰੁਪਏ ਖਰਚ ਕਰਨ ਪਿਛੋਂ ਜਦੋਂ ਨੌਜਵਾਨਾਂ ਨੂੰ ਅੱਜ ਵਿਹਲੇ ਫਿਰਦੇ ਵੇਖਦੇ ਹਨ ਤਾਂ ਸੁਭਾਵਕ ਹੀ ਉਹ ਦੁਖੀ ਤੇ ਮਾਯੂਸ ਹੁੰਦੇ ਹਨ। ਅਜਿਹੇ ਨਾਜ਼ੁਕ ਮੌਕੇ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਸਮੂਹ ਪੰਜਾਬੀ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਵੀ ਰਾਹ ਪਧਰਾ ਕਰੇਗੀ। ਇਸ ਤਾਲਮੇਲ ਕਮੇਟੀ ਦੀ ਬਣਤਰ ਕਿਹੋ ਜਿਹੀ ਹੋਵੇ, ਇਸ ਬਾਰੇ ਸਾਰੇ ਧੜਿਆਂ ਦੀ ਲੀਡਰਸ਼ਿਪ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਦੇ ਰਹਿ ਚੁੱਕੇ ਲੀਡਰਾਂ, ਹਮਦਰਦਾਂ ਅਤੇ ਸਿੱਖ ਬੁੱਧੀਜੀਵੀਆਂ ਤੋਂ ਵੀ ਇਸ ਸੰਬੰਧ ਵਿਚ ਰਾਏ ਲਈ ਜਾ ਸਕਦੀ ਹੈ।
ਪੜ੍ਹਨ ਤੇ ਲਿਖਣ ਦੀਆਂ ਰੁਚੀਆਂ ਉਤੇ ਪਤਝੜ ਦੇ ਪਰਛਾਂਵੇਂ ਕਿਉਂ?
ਸਾਡਾ ਵਿਦਿਅਕ ਢਾਂਚਾ ਕੁਝ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਜਿਸ ਵਿਚ ਵਿਦਿਆਰਥੀ ਆਪਣੇ ਅਨਮੋਲ ਵਿਰਸੇ ਬਾਰੇ ਕੋਈ ਗਹਿਰ-ਗੰਭੀਰ ਤੇ ਬਹੁ-ਪੱਖੀ ਜਾਣਕਾਰੀ ਨਹੀਂ ਰੱਖਦੇ। ਇਤਿਹਾਸ ਤੇ ਗੁਰਬਾਣੀ ਬਾਰੇ ਉਹਨਾਂ ਦੀ ਸਮਝ ਜਾਂ ਤਾਂ ਪੇਤਲੀ ਅਤੇ ਸਤੱਈ ਹੈ ਅਤੇ ਜਾਂ ਫਿਰ ਹੈ ਹੀ ਨਹੀਂ। ਉਹਨਾਂ ਨੂੰ ਸਾਹਿਤ, ਕਲਾ, ਧਰਮ, ਰਾਜਨੀਤੀ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਵਿਸ਼ਵ ਪੱਧਰ ’ਤੇ ਪੈਦਾ ਹੋ ਰਹੇ ਨਵੇਂ ਰੁਝਾਨਾਂ, ਗੰਭੀਰ ਚੁਣੌਤੀਆਂ ਅਤੇ ਇਹਨਾਂ ਰੁਝਾਨਾਂ ਦਾ ਵਿਦਿਆਰਥੀਆਂ ਦੇ ਅਚੇਤ ਅਤੇ ਸੁਚੇਤ ਮਨਾਂ ਉਤੇ ਪੈ ਰਹੇ ਪ੍ਰਭਾਵਾਂ ਅਤੇ ਉਸ ਮਾਹੌਲ ਵਿਚ ਨਵੀਆਂ ਅਤੇ ਮੌਲਿਕ ਦਿਸ਼ਾਵਾਂ ਲੱਭਣ ਤੇ ਖੋਜਣ ਦੀ ਰੁਚੀ ਕਰੀਬ ਕਰੀਬ ਗਾਇਬ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਲੀਡਰਸ਼ਿਪ ਨੂੰ ਵਿਦਿਆਰਥੀਆਂ ਅੰਦਰ ਗੰਭੀਰ ਤੇ ਵਧੀਆ ਲਿਖਣ ਲਈ ਉਤਸ਼ਾਹ ਭਰਨਾ ਚਾਹੀਦਾ ਹੈ। ਸਾਨੂੰ ਇਸ ਸਵਾਲ ਦੇ ਗੰਭੀਰ ਕਾਰਨ ਲੱਭਣੇ ਪੈਣੇ ਹਨ ਕਿ ਦਰਬਾਰ ਸਾਹਿਬ ਦੇ ਦਰਦਨਾਕ ਸਾਕੇ ਪਿੱਛੋਂ ਵੀ ਅਸੀਂ ਕੋਈ ਅਜਿਹਾ ਲੇਖਕ, ਅਜਿਹਾ ਸ਼ਾਇਰ, ਸੂਖ਼ਮ ਰਾਜ਼ਦਾਨ ਅਤੇ ਮਹਾਨ ਰਸਿਕ-ਚਿੰਤਕ ਕਿਉਂ ਨਹੀਂ ਪੈਦਾ ਕਰ ਸਕੇ ਜੋ ਸਾਨੂੰ ਰੂਹ ਤਕ ਝੰਜੋੜ ਦੇਵੇ ਅਤੇ ਸਾਡੇ ਦਰਦ ਦੀ ਦਾਸਤਾਨ ਅਗਲੀਆਂ ਪੀੜ੍ਹੀਆਂ ਦੇ ਦਿਲਾਂ ਤੇ ਦਿਮਾਗਾਂ ਨੂੰ ਵੀ ਰੌਸ਼ਨ ਕਰੇ। ਜੇ ਕਿਤੇ ਕੋਈ ਆਪਣੇ ਨਜ਼ਰ ਆਉਂਦੇ ਵੀ ਹਨ, ਉਹ ਜਿਥੇ ਸਾਨੂੰ ਜੋੜਦੇ ਵੀ ਹਨ, ਉਥੇ ਨਾਲ ਹੀ ਸਾਡੇ ਅੰਦਰ ਭੁਲੇਖੇ ਵੀ ਪਾਉਂਦੇ ਹਨ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸਾਡੀ ਜਵਾਨੀ ਵਿਚਾਰਧਾਰਕ ਧੁੰਧ ਵਿਚ ਹੀ ਸਫ਼ਰ ਕਰੀ ਜਾ ਰਹੀ ਹੈ।
ਮੀਡੀਏ ਦੇ ਰੋਲ ਬਾਰੇ ਜਾਗਣ ਤੇ ਜਗਾਉਣ ਦੀ ਪਿਆਸ ਲਾਈ ਜਾਵੇ
ਉਹ ਮੀਡੀਆ ਕਿਤੇ ਵੀ ਨਜ਼ਰ ਨਹੀਂ ਆਉਂਦਾ ਜੋ ਸਾਡਾ ਆਪਣਾ ਹੋਵੇ। ਭਵਿੱਖ ਵਿਚ ਇਹੋ ਜਿਹੇ ਮੀਡੀਏ ਦੇ ਪੈਦਾ ਹੋਣ ਦੀ ਉਮੀਦ ਵੀ ਨਹੀਂ ਹੈ। ਜਿਹੜਾ ਮੀਡੀਆ ਰੋਜ਼ ਸਾਡੀਆਂ ਅੱਖਾਂ ਸਾਹਮਣਿਓਂ ਲੰਘ ਰਿਹਾ ਹੈ ਉਹ ਨਿਰਪੱਖ ਤੇ ਨਿਰਵੈਰ ਨਹੀਂ। ਉਸ ਦੀ ਨਿਰਪੱਖਤਾ ਵਿਚ ਵੀ ਲੁਕੇ ਹੋਏ ਪੱਖ-ਪਾਤ ਅਤੇ ਵੈਰ ਦੀ ਝਲਕ ਲੱਭਣੀ ਕੋਈ ਔਖੀ ਨਹੀਂ। ਉਹ ਸਾਡੀ ਕੌਮ ਦੀ ਤਰਜ਼ੇ-ਜ਼ਿੰਦਗੀ ਦੇ ਤੱਤ ਅਤੇ ਨਿਰਮਲ ਸਰੂਪ ਨੂੰ ਵਿਗਾੜ ਕੇ ਪੇਸ਼ ਕਰਦਾ ਹੈ ਅਤੇ ਜਾਂ ਫਿਰ ਉਸ ਬਾਰੇ ਅਨੈਤਿਕ-ਖ਼ਾਮੋਸ਼ੀ ਇਖ਼ਤਿਆਰ ਕਰਨ ਦੀ ਨੀਤੀ ਉਤੇ ਚਲਦਾ ਹੈ। ਮੀਡੀਆ ਆਜ਼ਾਦ ਹੋਵੇਗਾ, ਪਰ ਇਹ ਸਾਡੇ ਲਈ ਆਜ਼ਾਦ ਨਹੀਂ। ਇਹ ਉਸ ਤਰ੍ਹਾਂ ਦਾ ਮਾਹੌਲ ਨਹੀਂ ਸਿਰਜਦਾ ਜਿਸ ਬਾਰੇ ਅਮਰੀਕਾ ਦੇ ਮਹਾਨ ਲੇਖਕ ਤੇ ਨੋਬਲ ਇਨਾਮ ਜੇਤੂ ਆਰਥਰ ਮਿਲਰ ਕਿਹਾ ਕਰਦਾ ਸੀ ਕਿ ਮੀਡੀਆ ਤਾਂ ਉਹੀ ਹੁੰਦਾ ਹੈ ਜਿਸ ਵਿਚ ਇਕ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ। ਇਸ ਲਈ ਸਾਡੇ ਸਮਿਆਂ ਦੇ ਉਘੇ ਚਿੰਤਕ ਡਾ. ਗੁਰਭਗਤ ਸਿੰਘ ਇਹ ਠੀਕ ਹੀ ਕਹਿੰਦੇ ਹਨ ਕਿ ‘‘ਸਿੱਖ ਨੌਜਵਾਨਾਂ ਦੀ ਲਹਿਰ ਦਾ ਆਰਥਿਕ ਤੇ ਸਭਿਆਚਾਰਕ ਪੱਖ ਜਾਣ ਬੁਝ ਕੇ ਅੱਖੋਂ ਓਹਲੇ ਕੀਤਾ ਗਿਆ ਹੈ। ਕਾਰਣ ਸਪੱਸ਼ਟ ਹੈ : ਸਾਡੀ ਕੌਮੀ ਪ੍ਰੈਸ ਦਾ ਇਕ ਵੱਡਾ ਹਿੱਸਾ ਉਸੇ ਵਰਗ ਦੀ ਮਲਕੀਅਤ ਹੈ ਜਿਸ ਦੀਆਂ ਨੀਤੀਆਂ ਵਿਰੁੱਧ ਸਿੱਖ ਨੌਜਵਾਨ ਲੜ ਰਹੇ ਹਨ। ਇਸ ਵਿਰੋਧ ਨੂੰ ਧੁੰਧਲਾਉਣਾ ਅਤੇ ਇਸ ਨੂੰ ਸੰਪਰਦਾਇਕ ਅਤੇ ਮੂਲਵਾਦੀ ਰੂਪ ਦੇਣਾ ਦੇਸ਼ ਨੂੰ ਗੁੰਮਰਾਹ ਕਰਨਾ ਹੈ। ਇਸ ਤੋਂ ਇਲਾਵਾ ਜੋ ਵਿਦਿਆ ਨੀਤੀ ਬਣਾਈ ਗਈ ਹੈ ਉਸ ਦਾ ਵਿਗਿਆਨਕ ਅਤੇ ਤਕਨਾਲੋਜੀ ਵਾਲਾ ਇਕਾਂਗੀ ਬਲ ਮਾਨਵਤਾ ਦੀਆਂ ਕੀਮਤਾਂ ਦਾ ਪ੍ਰਚਾਰ ਨਹੀਂ ਕਰ ਰਿਹਾ। ਸਿੱਖ ਨੌਜਵਾਨ ਦੇ ਮਨ ਨੂੰ ਤੱਤਫੱਟ ਅਤੇ ਵੱਡੇ ਉਦੇਸ਼ਾਂ ਵਾਲੀਆਂ ਮਨੁੱਖਵਾਦੀ ਅਤੇ ਇਨਸਾਫ਼ ਪਸੰਦ ਨੀਤੀਆਂ ਨਾਲ ਹੀ ਬਦਲਿਆ ਜਾ ਸਕਦਾ ਹੈ।’’
ਅੰਗਰੇਜ਼ੀ ਅਤੇ ਹਿੰਦੀ ਮੀਡੀਆ ਨੇ ਸਾਡੀ ਮੁਕੰਮਲ ਘੇਰਾਬੰਦੀ ਕੀਤੀ ਹੋਈ ਹੈ। ਜਿਥੋਂ ਤਕ ਪੰਜਾਬੀ ਮੀਡੀਏ ਦਾ ਸੰਬੰਧ ਹੈ ਉਹ ਵੀ ਸੂਖ਼ਮ ਹਮਲਿਆਂ ਦੀ ਨਿਸ਼ਾਨਦੇਹੀ ਕਰਨ ਤੋਂ ਪਾਸਾ ਵੱਟਦਾ ਹੈ ਅਤੇ ਉਸ ਰਾਜਨੀਤੀ ਤੋਂ ਬੇਖ਼ਬਰ ਹੈ ਜਿਸ ਨੇ ਅਨੇਕਾਂ ਜਾਲ ਸੁੱਟੇ ਹੋਏ ਹਨ ਅਤੇ ਜਿਸ ਵਿਚ ਸਾਡੀ ਕੌਮ ਦਾ ਸਮੂਹਕ ਅਚੇਤ ਮਨ ਆਪ ਹੀ ਜਾ ਕੇ ਫਸ ਚੁੱਕਾ ਹੈ। ਜਿਹੜੇ ਗੁਰਬਾਣੀ ਦੀ ਇਸ ਚਿਤਾਵਨੀ ‘‘ਜੇ ਕੋ ਡੂਬੇ, ਫਿਰ ਹੋਵੈ ਸਾਰ’’ ਨੂੰ ਧਿਆਨ ਵਿਚ ਰਖਦੇ ਹਨ, ਉਹ ਵਿਰਲੇ ‘‘ਹਰਿਓ ਬੂਟ’’ ਵੀ ਮੀਡੀਏ ਬਾਰੇ ਚੇਤੰਨਤਾ ਦੀ ਇਕ ਲਹਿਰ ਨਹੀਂ ਸਿਰਜ ਸਕੇ।
ਹੁਣ ਕੀ ਕੀਤਾ ਜਾਵੇ? ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ। ਅਸੀਂ ਇਕ ਪਾਸੇ ਮੀਡੀਆ ਦੇ ਰੋਲ ਤੇ ਇਸ ਦੀ ਕਾਰਗੁਜ਼ਾਰੀ ਨੂੰ ਬਾਜ਼ ਨਿਗ੍ਹਾ ਨਾਲ ਵੇਖ ਕੇ ਸੰਤੁਲਤ ਜਾਇਜ਼ਾ ਲੈ ਸਕਦੇ ਹਾਂ ਤੇ ਦੂਜੇ ਪਾਸੇ ਵਿਦਿਆਰਥੀਆਂ ਅੰਦਰ ਇਹੋ ਜਿਹੀ ਚੇਤੰਨਤਾ ਪੈਦਾ ਕਰ ਸਕਦੇ ਹਾਂ ਜਿਸ ਨਾਲ ਵਿਦਿਆਰਥੀ-ਤਾਕਤ ਦਾ ਇਕ ਇਖ਼ਲਾਕੀ ਦਬਾਅ ਮੀਡੀਆ ਉਤੇ ਲਗਾਤਾਰ ਬਣਿਆ ਰਹੇ। ਇਸ ਤੋਂ ਇਲਾਵਾ ਮੀਡੀਆ ਵਿਚ ਕੰਮ ਕਰਦੇ ਦੋਸਤਾਂ ਅਤੇ ਹਮਦਰਦਾਂ ਦੀ ਪਛਾਣ ਤੇ ਨਿਸ਼ਾਨਦੇਹੀ ਕਰ ਕੇ ਵੀ ਅਸੀਂ ਇਸ ਮਜ਼ਬੂਤ ਕਿਲ੍ਹੇ ਵਿਚ ਵੱਡੇ ਮਘੋਰੇ ਕਰ ਸਕਦੇ ਹਾਂ।
ਬੀਬੀਆਂ ਦੀ ਸ਼ਮੂਲੀਅਤ ਤੋਂ ਫੈਡਰੇਸ਼ਨ ਸੱਖਣੀ ਕਿਉਂ?
ਜੇ ਗੁਰੂ ਨਾਨਕ ਸਾਹਿਬ ਨੇ ਸਾਡੇ ਲਈ ਇਹ ਫਰਮਾਨ ਜਾਰੀ ਕੀਤਾ ਹੈ ਕਿ ਬਾਦਸ਼ਾਹਾਂ ਨੂੰ ਜਨਮ ਦੇਣ ਵਾਲੀ ਔਰਤ ਬਾਰੇ ਮੰਦਾ ਨਹੀਂ ਸੋਚਣਾ ਚਾਹੀਦਾ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬੀਬੀਆਂ ਦੀ ਸ਼ਮੂਲੀਅਤ ਦੇ ਸਵਾਲ ’ਤੇ ਆਪਣੀ ਪਹੁੰਚ ਤੇ ਰਵੱਈਏ ਵਿਚ ਬੇਰੁਖ਼ੀ ਕਿਉਂ ਧਾਰਨ ਕੀਤੀ ਹੋਈ ਹੈ? ਆਪਣੀ ਆਬਾਦੀ ਦੇ ਕਰੀਬ ਅੱਧੇ ਹਿੱਸੇ ਨੂੰ ਦੂਰ ਰੱਖਣਾ ਕੀ ਅੱਜ ਦੀਆਂ ਹਾਲਤਾਂ ਵਿਚ ਸਾਨੂੰ ਸ਼ੋਭਾ ਦਿੰਦਾ ਹੈ? ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਦੱਸੀ ਜਾ ਰਹੀ ਹੈ। ਰਤਾ ਸੋਚੋ ‘‘ਆਪਾਂ ਉਹਨਾਂ ਨੂੰ ਵਿਦਿਆਰਥੀ ਸਮੱਸਿਆਵਾਂ ਤੋਂ ਦੂਰ ਰੱਖ ਕੇ ਕਿਹੜੇ ਸਿੱਖੀ ਸਿਧਾਂਤਾਂ ਦੀ ਪੈਰਵੀ ਕਰ ਰਹੇ ਹਾਂ? ਕੀ ਅਜਿਹਾ ਕਰਕੇ ਅਸੀਂ ਇਕ ਸੰਤੁਲਤ ਤੇ ਨਿਆਂਪੂਰਨ ਸਮਾਜ ਦੀ ਸਿਰਜਣਾ ਦਾ ਸੁਪਨਾ ਲੈ ਸਕਦੇ ਹਾਂ? ਸੱਚ ਤਾਂ ਇਹ ਹੈ ਕਿ ਔਰਤ ਦੀ ਮੁਕਤੀ ਮਰਦ ਦੇ ਅੰਦਰ ਲੁਕੀ ਔਰਤ ਦੀ ਮੁਕਤੀ ਹੈ ਅਤੇ ਔਰਤ ਦੇ ਅੰਦਰ ਲੁਕੀ ਮਰਦ ਦੀ ਮੁਕਤੀ ਹੈ। ਸਾਨੂੰ ਇਸ ਸੰਬੰਧ ਵਿਚ ਆਪਣੇ ਗਿਆਨ ਦੇ ਹਥਿਆਰ ਤਿੱਖੇ ਤੇ ਸੂਖ਼ਮ ਕਰਨੇ ਪੈਣਗੇ।’’
ਵਿਦੇਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਜਾਵੇ
ਪਿਛਲੇ ਕਰੀਬ ਦੋ ਦਹਾਕਿਆਂ ਤੋਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਪੰਜਾਬੀ ਵਿਦਿਆਰਥੀਆਂ ਅੰਦਰ ਆਪਣੇ ਵਿਰਸੇ ਨੂੰ ਜਾਨਣ ਬਾਰੇ ਵਿਸ਼ੇਸ਼ ਦਿਲਚਸਪੀ ਵੇਖਣ ਵਿਚ ਮਿਲ ਰਹੀ ਹੈ। ਖ਼ਾਸ ਕਰਕੇ ਸਾਹਿਤ, ਇਤਿਹਾਸ, ਰਾਜਨੀਤੀ, ਧਰਮ ਅਤੇ ਸਭਿਆਚਾਰ ਦੇ ਖੇਤਰਾਂ ਨਾਲ ਜੁੜੇ ਵਿਦਿਆਰਥੀ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ। ਵਿੱਦਿਆ ਦੇ ਖੇਤਰ ਵਿਚ ਉਹਨਾਂ ਵਲੋਂ ਕੀਤੀਆਂ ਜਾ ਰਹੀਆਂ ਬਹੁ-ਪੱਖੀ ਸਰਗਰਮੀਆਂ ਅਤੇ ਖੋਜਾਂ ਸੰਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਜਥੇਬੰਦਕ ਰੂਪ ਵਿਚ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹਨਾਂ ਨਾਲ ਸਾਡਾ ਕੋਈ ਵਿਸ਼ੇਸ਼ ਤਾਲਮੇਲ ਹੈ। ਉਹਨਾਂ ਵਿਦਿਆਰਥੀਆਂ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਸਾਨੂੰ ਵਿਸ਼ਵ ਰਾਜਨੀਤੀ ਤੇ ਸਭਿਆਚਾਰ ਵਿਚ ਹੋ ਰਹੀਆਂ ਮਹੱਤਵਪੂਰਨ ਅਤੇ ਹੈਰਾਨਜਨਕ ਤਬਦੀਲੀਆਂ ਬਾਰੇ ਜਿੱਥੇ ਬਹੁ-ਪੱਖੀ ਤੇ ਬਹੁ-ਮੁੱਲੀ ਜਾਣਕਾਰੀ ਦੇਵੇਗਾ ਉਥੇ ਸਾਨੂੰ ਸਭਨਾਂ ਨੂੰ ਧੜਿਆਂ ਤੋਂ ਉਪਰ ਉਠ ਕੇ ਸੋਚਣ ਤੇ ਇਕੱਠੇ ਹੋਣ ਲਈ ਸਹਾਇਤਾ ਵੀ ਕਰੇਗਾ। ਇਸ ਤੋਂ ਇਲਾਵਾ ਜ਼ਿੰਦਗੀ ਬਾਰੇ ਸਾਡੀ ਸਮਝ, ਪਹੁੰਚ ਤੇ ਰਵੱਈਏ ਵਿਚ ਅੰਤਰਰਾਸ਼ਟਰੀ ਸੋਚ ਦੇ ਰੰਗ ਵੀ ਭਰੇ ਜਾਣਗੇ।
ਫੈਡਰੇਸ਼ਨ ਦਾ ਅਤੀਤ
ਜਦੋਂ ਅਸੀਂ ਫੈਡਰੇਸ਼ਨ ਦੇ ਅਤੀਤ ਬਾਰੇ ਗੱਲ ਕਰਦੇ ਹਾਂ ਤਾਂ ਇਹ ਇਕ ਇਤਿਹਾਸਕ ਸੱਚਾਈ ਹੈ ਕਿ ਫੈਡਰੇਸ਼ਨ ਨੇ ਆਪਣੀ ਹੋਂਦ ਵਿਚ ਆਉਣ ਤੋਂ ਪਿੱਛੋਂ 1980 ਤੱਕ ਜਥੇਬੰਦਕ ਰੂਪ ਵਿਚ ਕੋਈ ਬਹੁਤ ਵੱਡਾ ਇਤਿਹਾਸ ਨਹੀਂ ਸਿਰਜਿਆ; ਭਾਵੇਂ ਇਸ ਸੱਚਾਈ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿ ਇਸ ਜਥੇਬੰਦੀ ਨੇ ਵਿਅਕਤੀਗਤ ਰੂਪ ਵਿਚ ਕੁਝ ਅਹਿਮ ਹਸਤੀਆਂ ਸਾਡੇ ਸਾਹਮਣੇ ਜ਼ਰੂਰ ਲਿਆਂਦੀਆਂ ਹਨ। ਪਰ ਇਹ ਵੀ ਇਕ ਹਕੀਕਤ ਹੈ ਕਿ 1980 ਤੱਕ ਇਸ ਜਥੇਬੰਦੀ ਵਿਚੋਂ ਜਿਹੜੇ ਆਗੂ ਵੀ ਨਿਕਲਦੇ ਰਹੇ ਹਨ ਉਹ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਾਲ ਪੱਧਰ ’ਤੇ ਆਪਣੇ ਵੱਲ ਖਿੱਚ ਨਹੀਂ ਸਨ ਸਕੇ। ਇਸ ਦੌਰ ’ਚ ਖੱਬੇ ਪੱਖੀ ਕਮਿਊਨਿਸਟ ਸੋਚ ਹੀ ਵਿਦਿਆਰਥੀਆਂ ਵਿਚ ਭਾਰੂ ਰਹੀ ਹੈ। ਵੈਸੇ ਇਸ ਦੌਰ ਦੀ ਨਿਰਪੱਖ ਪੜਚੋਲ ਵੀ ਹੋਣੀ ਚਾਹੀਦੀ ਹੈ, ਪਰ ਫੈਡਰੇਸ਼ਨ ਦਾ ਸੁਨਹਿਰੀ ਦੌਰ ਤਾਂ ਅਸਲ ਵਿਚ ਸੰਤ ਜਰਨੈਲ ਸਿੰਘ ਦੀ ਚੜ੍ਹਤ ਨਾਲ ਹੀ ਸ਼ੁਰੂ ਹੁੰਦਾ ਹੈ। ਇਹ ਹੈਰਾਨੀ ਭਰਿਆ ਸੱਚ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਇਕ ਝਟਕੇ ਨਾਲ ਹੀ ਪੰਜਾਬ ਦੇ ਰਾਜਸੀ ਮੰਚ ਉਤੇ ਉਭਰ ਕੇ ਆ ਗਈ ਅਤੇ ਖਿਲਰੀ ਪੁਲਰੀ ਸਿੱਖ ਚੇਤਨਾ ਦਾ ਇਕ ਅਜਿਹਾ ਤੂਫ਼ਾਨ ਉਠਿਆ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਦਿਆਰਥੀਆਂ ਦੇ ਦਿਲਾਂ ਉਤੇ ਰਾਜ ਕਰਨ ਲੱਗੀ। ਵਿਦਿਆਰਥੀਆਂ ਦੇ ਦਿਲਾਂ ਉਤੇ ਹੀ ਕਿਉਂ ਸਗੋਂ ਸਿੱਖ ਆਗੂਆਂ ਸਮੇਤ ਹੋਰ ਸਿਆਸੀ ਆਗੂ ਵੀ ਫੈਡਰੇਸ਼ਨ ਦਾ ਭੈਅ ਅਤੇ ਪ੍ਰਭਾਵ ਮੰਨਣ ਲੱਗੇ। ਬਿਨਾਂ ਸ਼ੱਕ ਫੈਡਰੇਸ਼ਨ ਦੀ ਚੜ੍ਹਤ ਵਿਚ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਵੱਡਾ ਰੋਲ ਵੀ ਸੀ ਪਰ ਉਸ ਸਮੇਂ ਦੇ ਰਾਜਨੀਤਕ ਹਾਲਾਤ ਨੇ ਵੀ ਫੈਡਰੇਸ਼ਨ ਨੂੰ ਹਰਮਨ ਪਿਆਰਾ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ। ਉਹ ਸੀ : ਸਿੱਖ ਜਜ਼ਬੇ ਦਾ ਸਿੱਖ ਵਿਦਿਆਰਥੀਆਂ ਤੱਕ ਮੁਕੰਮਲ ਸੰਚਾਰ। ਇਹ ਸੰਚਾਰ ਇਸ ਹੱਦ ਤਕ ਮੁਕੰਮਲ ਸੀ ਕਿ ਇਹ ਭਾਵੇਂ ਪੂਰੀ ਤਰ੍ਹਾਂ ਜਥੇਬੰਦਕ ਤੇ ਨਿਯਮਬੱਧ ਨਹੀਂ ਸੀ ਪਰ ਇਸ ਵਿਚ ਵਿਦਿਆਰਥੀ ਲੀਡਰਸ਼ਿਪ ਅਤੇ ਵਿਦਿਆਰਥੀ ਜਮਾਤ ਕਿਸੇ ਡੂੰਘੇ ਅੰਤਰੀਵ ਦਰਦ ਵਿਚ ਓਤ-ਪੋਤ ਜ਼ਰੂਰ ਸੀ। ਪੰਜਾਬ ਵਿਚ ਵਿਦਿਆਰਥੀ ਲਹਿਰ ਦੇ ਕਿਸੇ ਵੀ ਦੌਰ ’ਚ ਸਿੱਖੀ ਦਾ ਦਰਦ ਤੇ ਉਹ ਵੀ ਨੌਜਵਾਨ ਵਰਗ ਵਿਚ ਇੰਨੀ ਵੱਡੀ ਪੱਧਰ ਉਤੇ ਅਤੇ ਇਕ ਨਿਰਾਲੇ ਅੰਦਾਜ਼ ਵਿਚ ਪਹਿਲਾਂ ਕਦੇ ਵੇਖਣ ਵਿਚ ਨਹੀਂ ਮਿਲਿਆ। ਪਰ ਅੱਜ ਸਾਡੀ ਫੈਡਰੇਸ਼ਨ ਕਿੱਥੇ ਖੜ੍ਹੀ ਹੈ, ਇਸ ਗੰਭੀਰ ਸਵਾਲ ਦਾ ਜਵਾਬ ਜ਼ਮੀਰ ਦੇ ਸਨਮੁਖ ਹੋ ਕੇ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ।
ਵਿਦਿਆਰਥੀ ਤਾਕਤ
ਸਠਵਿਆਂ ਦੇ ਅਖ਼ੀਰ ਵਿਚ ਵਿਦਿਆਰਥੀਆਂ ਨੇ ਫਰਾਂਸ ਵਿਚ ਡੀਗਾਲ ਦੀ ਹਕੂਮਤ ਨੂੰ ਇਕ ਇਤਿਹਾਸਕ ਚੁਣੌਤੀ ਦਿੱਤੀ ਸੀ। ਇੰਡੋਨੇਸ਼ੀਆ ਦੀ ਤਾਜ਼ਾ ਮਿਸਾਲ ਅਜੇ ਸਾਡੇ ਸਾਹਮਣੇ ਹੈ ਜਿਸ ਨੇ ਇਸ ਇਤਿਹਾਸਕ ਸੱਚ ਨੂੰ ਇਕ ਵਾਰ ਮੁੜ ਦੁਹਰਾਇਆ ਹੈ ਕਿ ਵਿਦਿਆਰਥੀ ਰਾਜਨੀਤੀ ਦੇ ਖੇਤਰ ਨੂੰ ਇਕ ਨਵਾਂ ਤੇ ਬੁਨਿਆਦੀ ਮੋੜ ਦੇ ਸਕਦੇ ਹਨ। ਹਿੰਦੁਸਤਾਨ ਦੇ ਕਈ ਸੂਬਿਆਂ ਵਿਚ ਵਿਦਿਆਰਥੀ ਚਲੰਤ ਰਾਜਨੀਤੀ ਨੂੰ ਪ੍ਰਭਾਵਿਤ ਵੀ ਕਰਦੇ ਰਹੇ ਹਨ ਅਤੇ ਬੁਨਿਆਦੀ ਤਬਦੀਲੀਆਂ ਲਿਆਉਣ ਦਾ ਸਾਧਨ ਵੀ ਬਣਦੇ ਰਹੇ ਹਨ। ਸਤਰਵਿਆਂ ਦੇ ਅਰੰਭ ਵਿਚ ਗੁਜਰਾਤ ਦੇ ਵਿਦਿਆਰਥੀਆਂ ਨੇ ਵਕਤ ਦੀ ਹਕੂਮਤ ਨੂੰ ਬਦਲ ਕੇ ਰੱਖ ਦਿੱਤਾ ਸੀ। ਪੱਛਮੀ ਬੰਗਾਲ ਵਿਚ ਵੀ ਵਿਦਿਆਰਥੀਆਂ ਨੇ ਰਾਜਸੀ ਜੀਵਨ ਨੂੰ ਸਾਫ਼ ਤੇ ਸਵੱਛ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ। ਵਿਦਿਆਰਥੀਆਂ ਦਾ ਕਲ੍ਹ, ਉਹਨਾਂ ਦਾ ਭਵਿੱਖ ਅਤੇ ਸਾਡੀ ਕੌਮ ਦਾ ਭਵਿੱਖ ਸਿਰਜਣ ਵਿਚ ਫੈਡਰੇਸ਼ਨ ਇਤਿਹਾਸਕ ਰੋਲ ਅਦਾ ਕਰ ਸਕਦੀ ਹੈ ਅਤੇ ਸਾਨੂੰ ਸਭਨਾਂ ਨੂੰ ਇਸ ਦੀ ਉਡੀਕ ਵੀ ਹੈ।
(** ਸੀਨੀਅਰ ਪੱਤਰਕਾਰ, ਚੰਡੀਗੜ੍ਹ)
* ਇਹ ਪੇਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਧੜਿਆਂ ਨੂੰ ਇਕ ਮੰਚ ਉਤੇ ਲਿਆਉਣ ਦੇ ਉਦੇਸ਼ ਨਾਲ ਮਿਤੀ 18 ਸਤੰਬਰ, 2010 ਨੂੰ ਚੰਡੀਗੜ੍ਹ ਵਿਖੇ ਗ੍ਰੈਵਿਟੀ ਹੋਟਲ ਵਿਚ ਹੋਏ ਇਕ ਸੈਮੀਨਾਰ ਦੌਰਾਨ ਕੂੰਜੀਵਤ ਭਾਸ਼ਣ ਦੇ ਤੌਰ ’ਤੇ ਪੜ੍ਹਿਆ ਗਿਆ।
Related Topics: Sikh organisations, Sikh Students Federation