April 30, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਬਰਤਾਨੀਆ ਦੀ ਸੰਸਦ ਵਿੱਚ ਸਿੱਖ ਕੌਮ ਦੀ ਅਜ਼ਾਦੀ ਨਾਲ ਸਬੰਧਿਤ ਇੱਕ ਵਿਸ਼ੇਸ਼ ਕੌਮਾਂਤਰੀ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ।
ਇਸ ਕੌਮਾਂਤਰੀ ਕਾਨਫ਼ਰੰਸ ਵਿਚ ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਸੀਨੀਅਰ ਐਡਵੋਕੇਟ ਸ: ਅਮਰ ਸਿੰਘ ਚਾਹਲ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਸਰਕਾਰਾਂ ਸਿੱਖਾਂ ਦੇ ਹੱਕਾਂ ਨੂੰ ਹਮੇਸ਼ਾ ਲਿਤਾੜਦੀਆਂ ਰਹੀਆਂ ਹਨ, ਕਤਲੇਆਮ ਢਾਹੁੰਦੀਆਂ ਹਨ। ਉਨ੍ਹਾਂ ਇਸ ਮੌਕੇ ਭਾਰਤ ਮਾਤਾ ਕੀ ਜੈ ਦੇ ਨਾਹਰੇ ਬਾਰੇ ਵਿਸਥਾਰ ਸਹਿਤ ਦੱਸਿਆ, 1947 ਦੇ ਲਾਰੇ, ਪੰਜਾਬੀ ਸੂਬੇ ਨਾਲ ਬੇਇਨਸਾਫ਼ੀਆਂ, 1984 ਦਾ ਕਤਲੇਆਮ, ਭਾਈ ਕੇਹਰ ਸਿੰਘ ਦੀ ਫ਼ਾਂਸੀ, ਭਾਈ ਭੁੱਲਰ ਨੂੰ ਸਜ਼ਾ ਅਤੇ ਸਿਆਸੀ ਕੈਦੀਆਂ ਦੀ ਨਜ਼ਰਬੰਦੀ ਬਾਰੇ ਦਰਸਾਇਆ ਕਿ ਕਿਸ ਤਰ੍ਹਾਂ ਸਿੱਖਾਂ ਨਾਲ ਬੇਇਨਸਾਫ਼ੀਆਂ ਹੋਈਆਂ ਹਨ।
ਕਾਨਫ਼ਰੰਸ ਦੀ ਪ੍ਰਧਾਨਗੀ ਪਾਰਲੀਮਾਨੀ-ਖ਼ੁਦ-ਮੁਖਤਿਆਰੀ ਸੰਗਠਨ ਦੇ ਚੇਅਰਮੈਨ ਲੌਰਡ ਨਜ਼ੀਰ ਅਹਿਮਦ ਨੇ ਕੀਤੀ। ਇਸ ਮੌਕੇ ਸੰਗਠਨ ਦੇ ਸਕੱਤਰ ਰਣਜੀਤ ਸਿੰਘ ਸਰਾਏ, ਸਕਾਟਲੈਂਡ ਨੈਸ਼ਨਲ ਪਾਰਟੀ ਦੇ ਪੀਟਰ ਗ੍ਰਾਂਟ ਐਮ. ਪੀ., ਕੰਜ਼ਰਵੇਟਿਵ ਪਾਰਟੀ ਦੇ ਐਂਡਰਿਊ ਗ੍ਰਿਫਥ ਐਮ. ਪੀ. ਚੇਅਰਮੈਨ, ਲਿਬ ਡੈਮ ਪਾਰਟੀ ਵੱਲੋਂ ਟੌਮ ਬ੍ਰੇਕ ਐਮ. ਪੀ., ਡਾ: ਇਕਤਿਦਾਰ ਚੀਮਾ, ਗ੍ਰੇਹਮ ਵਿਲੀਅਮਸਨ, ਪ੍ਰੋ: ਜ਼ਫਰ ਖਾਨ, ਪ੍ਰੋ: ਨਜ਼ੀਰ ਅਹਿਮਦ ਸ਼ਾਵਲ, ਕਸ਼ਮੀਰ ਕੇਂਦਰ ਤੋਂ ਇਲਾਵਾ ਸ: ਜੋਗਾ ਸਿੰਘ, ਸ: ਲਵਸ਼ਿੰਦਰ ਸਿੰਘ ਡੱਲੇਵਾਲ, ਸ: ਗੁਰਦੇਵ ਸਿੰਘ ਚੌਹਾਨ, ਸਰਬਜੀਤ ਸਿੰਘ, ਅਵਤਾਰ ਸਿੰਘ ਖੰਢਾ, ਪ੍ਰਮਜੀਤ ਸਿੰਘ ਪੰਮਾ, ਅਮਰੀਕ ਸਿੰਘ ਸਹੋਤਾ ਆਦਿ ਹਾਜ਼ਿਰ ਸਨ।
Related Topics: Advocate Amar Singh Chahal, Bhai Jagtar Singh Hawara, Bristish Government, Sikh Freedom Movement, Sikhs In UK