February 8, 2015 | By ਸਿੱਖ ਸਿਆਸਤ ਬਿਊਰੋ
ਬਰੇਸ਼ੀਆ, ਇਟਲੀ (7 ਫਰਵਰੀ, 2015): ਦਸਤਾਰ ਸਿੱਖ ਧਰਮ ਅਤੇ ਸਿੱਖ ਦੇ ਪਰਿਰਾਵੇ ਦਾ ਅਟੁੱਟ ਅੰਗ ਹੈ, ਕੋਈ ਵੀ ਸਿੱਖ ( ਜੋ ਆਪਣੇ ਨਿਆਰੇ ਵਿਰਸੇ ਤੋਂ ਜਾਣੂ ਹੈ) ਇਸ ਤੋਂ ਜੁਦਾ ਹੋ ਕੇ ਨਹੀਂ ਜੀਅ ਸਕਦਾ। ਪਰ ਸਿੱਖਾਂ ਨੂੰ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਬੜੀਆਂ ਚੋਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਸਬੰਧਿਤ ਸਿੱਖ ਇਸ ਲਈ ਆਪਣਾ ਭਵਿੱਖ ਤੱਕ ਦਾਅ ‘ਤੇ ਲਾਅ ਦਿੰਦਾ ਹੈ ।

ਅਜਿਹਾ ਹੀ ਇਟਲੀ ‘ਚ ਬਾਸਕਿਟਬਾਲ ਦੇ ਮੈਚ ਦੌਰਾਨ ਇੱਕ ਸਿੱਖ ਖਿਡਾਰੀ ਨਾਲ ਵਾਪਰਿਆ ਜਦ ਉਸਦੇ ਦਸਤਾਰ ਸਜ਼ਾ ਕੇ ਖੇਡਣ ‘ਤੇ ਪਾਬੰਦੀ ਲਾ ਦਿੱਤੀ ਗਈ . ਪਰ ਸਿੱਖ ਖਿਡਾਰੀ ਨੇ ਦਸਤਾਰ ਉਤਾਰਣ ਦੀ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ਸਮੁਚੀ ਟੀਮ ਨੇ ਵੀ ਉਸਦਾ ਸਾਥ ਦਿੰਦਿਆਂ ਮੈਚ ਨਾ ਖੇਡਿਆ।
ਇਟਲੀ ਦੇ ਸ਼ਹਿਰ ਵਿਲੋਂਗੋ (ਬੈਰਗਾਮੋ) ਵਿਖੇ ਯੂਥ ਚੈਂਪੀਅਨਸ਼ਿਪ ਦੇ ਬਾਸਕਿਟਬਾਲ ਮੈਚ ਦੌਰਾਨ ਸਿੱਖ ਖਿਡਾਰੀ ‘ਤੇ ਦਸਤਾਰ ਸਜਾ ਕੇ ਖੇਡਣ ‘ਤੇ ਲਗਾਈ ਗਈ ਪਾਬੰਦੀ ਦੇ ਮੁੱਦੇ ਦੀ ਗੂੰਜ ਪੂਰੀ ਇਟਲੀ ਵਿਚ ਪੈ ਰਹੀ ਹੈ। ਇਟਲੀ ਦੇ ਸਿੱਖਾਂ ਦੀ ਵੱਖ- ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਇਸ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਉੱਤਰੀ ਇਟਲੀ ਦੇ ਸੀਨੀਅਰ ਸਿੱਖ ਆਗੂ ਸ: ਹਰਪਾਲ ਸਿੰਘ ਦਾਦੂਵਾਲ ਦੁਆਰਾ ਉਠਾਏ ਗਏ ਇਸ ਮੁੱਦੇ ਨੂੰ ਇਟਲੀ ਦੇ ਅੱਠ ਲੋਕ ਸਭਾ ਮੈਂਬਰਾਂ ਦੁਆਰਾ ਇਟਲੀ ਸਰਕਾਰ ਦੇ ਮੰਤਰੀਆਂ ਦੀ ਪ੍ਰੀਸ਼ਦ ਦੇ ਮੁਖੀ ਅਤੇ ਗ੍ਰਹਿ ਮੰਤਰੀ ਕੋਲ ਉਠਾਇਆ ਗਿਆ।
ਸ: ਦਾਦੂਵਾਲ ਨੇ ਦੱਸਿਆ ਕਿ ਲੋਕ ਸਭਾ ਮੈਂਬਰਾਂ ਦਾਲਾ ਜੁਆਨਾ, ਕੂਕਾ ਦੀ ਬਿਆਜੋ, ਫਾਬੇਰੋ, ਫੇਰਾਰਾ ਏਲੇਨਾ, ਈਦੇਮ, ਲੋ ਯੁਦੀਸ਼ੇ ਮਾਤੇਸੀਨੀ ਅਤੇ ਪਾਲੇਰਮੋ ਦੁਆਰਾ ਗ੍ਰਹਿ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਿੱਖ ਖਿਡਾਰੀ ‘ਤੇ ਪਾਬੰਦੀ ਲਗਾਉਣ ਲਈ ਇਟਾਲੀਅਨ ਬਾਸਕਿਟਬਾਲ ਫੈਡਰੇਸ਼ਨ (ਢੀਪ) ਦੇ ਜ਼ਿਲ੍ਹਾ ਬੈਰਗਾਮੋ ਦੇ ਮੁਖੀ ਤੋਂ ਕਾਰਨ ਪੁਛਿਆ ਹੈ।
ਉਨ੍ਹਾਂ ਕਿਹਾ ਕਿ ਇਹ ਸਿੱਖ ਖਿਡਾਰੀ ਪਹਿਲਾਂ ਵੀ ਇਸੇ ਤਰ੍ਹਾਂ ਇਟਲੀ ਵਿਚ ਬਹੁਤ ਸਾਰੇ ਬਾਸਕਿਟਬਾਲ ਮੈਚ ਖੇਡ ਚੁੱਕਾ ਹੈ ਫਿਰ ਇਸ ਮੈਚ ਵਿਚ ਇਸ ਸਿੱਖ ਖਿਡਾਰੀ ‘ਤੇ ਪਾਬੰਦੀ ਕਿਉਂ ਲਗਾਈ ਗਈ। ਉਨ੍ਹਾਂ ਕਿਹਾ ਕਿ ਇਸ ਖਿਡਾਰੀ ਨੂੰ ਸਰਕਾਰ ਕੋਲੋਂ ਪੂਰਨ ਇਨਸਾਫ਼ ਦਿਵਾਇਆ ਜਾਵੇਗਾ ।
ਵਰਨਣਯੋਗ ਹੈ ਕਿ ਪਿਛਲੇ 15 ਜਨਵਰੀ ਨੂੰ ਬੈਰਗਾਮੋ ਵਿਖੇ ਯੂਥ ਚੈਂਪੀਅਨਸ਼ਿਪ ਦੇ ਇੱਕ ਮਹੱਤਵਪੂਰਨ ਮੈਚ ਦੌਰਾਨ ਰੈਫ਼ਰੀ ਵੱਲੋਂ ਸਿੱਖ ਖਿਡਾਰੀ ‘ਤੇ ਦਸਤਾਰ ਬੰਨ੍ਹ ਕੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਦਕਿ ਸਿੱਖ ਖਿਡਾਰੀ ਨੇ ਦਸਤਾਰ ਸਮੇਤ ਹੀ ਖੇਡਣ ਦੀ ਜਿਦ ਕੀਤੀ ਸੀ,ਜਿਸ ਦਾ ਸਾਥ ਉਸ ਦੀ ਪੂਰੀ ਟੀਮ ਵੱਲੋਂ ਦਿੱਤਾ ਗਿਆ ਸੀ ਅਤੇ ਉਸ ਦੀ ਪੂਰੀ ਟੀਮ ਨੇ ਰੈਫਰੀ ਦੇ ਇਸ ਵਿਵਾਦ ਪੂਰਨ ਫ਼ੈਸਲੇ ਦੇ ਰੋਸ ਵਜੋਂ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ।
Related Topics: Sikhs in Austrelia