Site icon Sikh Siyasat News

ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਬੰਧੀ ਬੈਠਕ

ਬਠਿੰਡਾ/ਕੋਟਫ਼ੱਤਾ, 22 ਮਈ, ਜੂਨ ’84 ਤੀਜੇ ਘੱਲੂਘਾਰੇ ਦੇ 40 ਵੀਂ ਵਰ੍ਹੇ ਗੰਢ ਦੌਰਾਨ ਸਮੂਹ ਸ਼ਹੀਦ ਸਿੰਘਣੀਆਂ, ਸਿੰਘਾਂ ਦੀ ਯਾਦ ’ਚ 25 ਮਈ ਨੂੰ ਨਜਦੀਕੀ ਪਿੰਡ ਕੋਟਭਾਰਾ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਪਿੰਡ ਦੀ ਸੰਗਤ ਦੀ ਇਕ ਸਾਂਝੀ ਬੈਠਕ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ। ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਰਾਮ ਸਿੰਘ, ਗੁਰੂ ਘਰ ਕਮੇਟੀ ਪ੍ਰਬੰਧਕ ਭਾਈ ਗੁਰਜੰਟ ਸਿੰਘ, ਭਾਈ ਜਿੰਦਰ ਸਿੰਘ, ਵਕੀਲ ਵਰਿੰਦਰ ਸਿੰਘ ਢਿੱਲੋਂ, ਬੇਅੰਤ ਸਿੰਘ ਤੁੰਗਵਾਲੀ ਨੇ ਇਸ ਸਮਾਗਮ ਦੇ ਪ੍ਰਬੰਧਾਂ ਸਬੰਧੀ ਆਪਣੇ ਵਿਚਾਰ ਰੱਖੇ। ਭਾਈ ਹਰਦੀਪ ਸਿੰਘ ਮਹਿਰਾਜ ਨੇ ਗੁਰਮਤਿ ਸਮਾਗਮ ਦੀ ਰੂਪ ਰੇਖਾ ਨਗਰ ਵਾਸੀਆਂ ਨਾਲ ਸਾਂਝੀ ਕਰਦਿਆ ਦੱਸਿਆ ਕਿ ਜੂਨ ਚੁਰਾਸੀਂ ਤੇ ਇਸ ਤੋਂ ਬਾਅਦ ਹਥਿਆਰਬੰਦ ਸਫਾਂ ’ਚ ਸੇਵਾਵਾਂ ਨਿਭਾਉਣ ਵਾਲੇ ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਖਾਲਸਾ ਤੇ ਸਿੱਖ ਨਸਲਕੁਸ਼ੀ ਦਾ ਬਦਲਾ ਲੈਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਭਾਈ ਕਰਮਜੀਤ ਸਿੰਘ ਸੁਨਾਮ ਸੰਗਤ ਨੂੰ ਸੰਬੋਧਨ ਕਰਨਗੇ।

ਤੀਜੇ ਘੱਲੂਘਾਰੇ ਦੀ 40 ਵੀਂ ਵਰ੍ਹੇ ਗੰਢ ਦੇ ਸ਼ਹੀਦਾਂ ਦੀ ਯਾਦ ’ਚ ਪਿੰਡ ਕੋਟਭਾਰਾ ’ਚ 25 ਮਈ ਦੇ ਗੁਰਮਤਿ ਸਮਾਗਮ ਸਬੰਧੀ ਪੰਥ ਸੇਵਕ ਜਥਾ ਵਲੋਂ ਭਾਈ ਹਰਦੀਪ ਸਿੰਘ ਮਹਿਰਾਜ ਤੇ ਹੋਰ ਸੇਵਾਦਾਰ ਵਿਚਾਰ ਵਟਾਦਰੇ ਦੌਰਾਨ।

ਸਮਾਗਮ ਸਬੰਧੀ ਬੈਠਕ ਦੌਰਾਨ ਉਹਨਾਂ ਦੱਸਿਆ ਕਿ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵਲੋਂ ਲਿਖੀ ਭਾਈ ਕਰਮਜੀਤ ਸਿੰਘ ਸੁਨਾਮ ਦੀ ਦਾਸਤਾਨ ਕਿਤਾਬ ‘‘ਰਾਜਘਾਟ ’ਤੇ ਹਮਲਾ’’ ਪਿੰਡ ਦੀ ਸੰਗਤ ਤੇ ਪੰਥਕ ਆਗੂਆਂ ਵਲੋਂ ਜਾਰੀ ਕੀਤੀ ਜਾਵੇਗੀ, ਇਸ ਦੌਰਾਨ ਇਲਾਕੇ ਦੀਆਂ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਜੀਵਨ ਦੀ ਕਥਾ ‘‘ਕੌਰਨਾਮਾ :- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਭੇਟ ਕੀਤੀ ਜਾਵੇਗੀ। ਜੂਨ ਚੁਰਾਸੀਂ ਦੌਰਾਨ ਕੁਲ 65 ਗੁਰਦੁਆਰਿਆਂ ’ਤੇ ਹਿੰਦ ਹਕੂਮਤ ਦੇ ਹੋਏ ਫੌਜੀ ਹਮਲਿਆਂ ਦਾ ਵਿਖਿਆਨ ਇਸ ਬਾਰੇ ਇਕ ਦਸਤਾਵੇਜ ਰੂਪੀ ਕਿਤਾਬ ਕੌਮ ਦੀ ਝੋਲੀ ਵਿਚ ਪਾ ਚੁੱਕੇ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਵਲੋਂ ਹੋਵੇਗਾ। ਇਸ ਬੈਠਕ ਵਿਚ ਬਲਜਿੰਦਰ ਕੋਟਭਾਰਾ, ਗਰੰਥੀ ਭਾਈ ਨਿਰਮਲ ਸਿੰਘ, ਸੇਵਾਦਾਰ ਬੂਟਾ ਸਿੰਘ, ਜਗਸੀਰ ਸਿੰਘ ਔਲਖ ਸਮੇਤ ਸੰਗਤ ਮੌਜੂਦ ਸੀ।

 


 

ਇਹ ਵੀ ਪੜ੍ਹੋ –

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version