December 20, 2023 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ‘ਹਿਊਮਨ ਰਾਈਟਸ ਵਾਚ ’ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਇਨ੍ਹਾਂ ਦੋਸ਼ਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਕਿ ਭਾਰਤ ਸਰਕਾਰ ਦੇ ਏਜੰਟ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਵਿਰੁੱਧ ਹੱਤਿਆ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਲ ਸਨ।
ਭਾਰਤ ਸਰਕਾਰ ਪਹਿਲਾਂ ਹੀ ਵਿਦੇਸ਼ਾਂ ਵਿੱਚ ਰਹਿ ਰਹੇ ਅਕਾਦਮੀਨਾਂ ਅਤੇ ਕਾਰਕੁੰਨਾਂ ਦੇ ਖਿਲਾਫ ਆਨਲਾਈਨ ਗਲਤ ਸੂਚਨਾ ਮੁਹਿੰਮਾਂ ਚਲਾ ਰਹੀ ਹੈ।
ਹਿਊਮਨ ਰਾਈਟਸ ਵਾਚ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਗੈਰ-ਨਿਆਇਕ ਕਤਲਾਂ ਅਤੇ ਹੋਰ ਗੰਭੀਰ ਉਲੰਘਣਾਵਾਂ ਲਈ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਖਿਲਾਫ ਮੁਕੱਦਮਾ ਚਲਾਉਣ ਵਿੱਚ ਭਾਰਤ ਸਰਕਾਰ ਦੀ ਸੰਸਥਾਗਤ ਨਾਕਾਮੀ ਅਤੇ ਦੇਸ਼ ਤੋਂ ਬਾਹਰ ਦੇ ਨਾਗਰਿਕਾਂ ਵਿਰੁੱਧ ਕੀਤੀਆਂ ਗਈਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਭਾਰਤ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਦਮਨਚੱਕਰ ਵੱਲ ਇਸ਼ਾਰਾ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਹਿਊਮਨ ਰਾਈਟਸ ਵਾਚ ਦੇ ਏਸ਼ੀਆ ਨਿਰਦੇਸ਼ਕ ਇਲੇਨ ਪੀਅਰਸਨ ਨੇ ਕਿਹਾ, “ਅਮਰੀਕਾ ਅਤੇ ਕੈਨੇਡਾ ਵਿੱਚ ਕਤਲ ਦੀਆਂ ਸਾਜ਼ਿਸ਼ਾਂ ਵਿੱਚ ਭਾਰਤ ਦੀ ਕਥਿਤ ਸ਼ਮੂਲੀਅਤ ਗੈਰ-ਨਿਆਇਕ ਹੱਤਿਆਵਾਂ ਵਿੱਚ ਇੱਕ ਨਵੇਂ ਅਤੇ ਖਤਰਨਾਕ ਵਰਤਾਰੇ ਦੀ ਦੱਸ ਪਾਉਂਦੀ ਹੈ।”
“ਗੈਰ-ਕਾਨੂੰਨੀ ਕਤਲਾਂ ਲਈ ਪੁਲਿਸ ਅਤੇ ਫੌਜੀ ਕਰਮਚਾਰੀਆਂ ਨੂੰ ਜਵਾਬਦੇਹ ਬਣਾਉਣ ਵਿੱਚ ਭਾਰਤੀ ਅਧਿਕਾਰੀਆਂ ਦੀ ਵਾਰ-ਵਾਰ ਅਸਫਲਤਾ ਵਧੇਰੇ ਭਰੋਸੇਯੋਗ ਜਾਂਚ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ”, ਇਲੇਨ ਪੀਅਰਸਨ ਨੇ ਕਿਹਾ।
ਸਤੰਬਰ 2023 ਵਿੱਚ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਇੱਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਅਜ਼ਾਦੀ ਲਹਿਰ ਨਾਲ ਜੁੜੀ ਹਸਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਖਾਰਜ ਕਰ ਦਿੱਤਾ।
29 ਨਵੰਬਰ ਨੂੰ, ਅਮਰੀਕੀ ਅਧਿਕਾਰੀਆਂ ਨੇ ਇੱਕ ਭਾਰਤੀ ਨਾਗਰਿਕ, ਨਿਖਿਲ ਗੁਪਤਾ ਵਿਰੁੱਧ ਦੋਸ਼ਾਂ ਜਨਤਕ ਕੀਤੇ, ਕਿ ਉਸਨੇ ਇਕ ਭਾਰਤ ਸਰਕਾਰ ਦੇ ਅਧਿਕਾਰੀ ਦੇ ਕਹਿਣ ਉੱਤੇ ਅਮਰੀਕਾ ਵਿੱਚ ਸਿੱਖ ਅਜ਼ਾਦੀ ਲਹਿਰ ਨਾਲ ਜੁੜੇ ਇਕ ਆਗੂ ਨੂੰ ਕਤਲ ਲਈ ਭਾੜੇ ਦੇ ਕਾਤਲਾਂ ਦਾ ਪ੍ਰਬੰਧ ਕੀਤਾ ਸੀ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ‘ਸਰਕਾਰੀ ਨੀਤੀ ਦੇ ਉਲਟ’ ਹਨ ਅਤੇ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਐਲਾਨ ਕੀਤਾ ਹੈ।
ਹਾਲਾਂਕਿ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਉਸ ਆਗੂ ਦਾ ਨਾਮ ਨਹੀਂ ਦੱਸਿਆ ਗਿਆ ਜਿਸ ਨੂੰ ਕਤਲ ਕੀਤਾ ਜਾਣਾ ਸੀ, ਪਰ ਇਹ ਤਕਰੀਬਨ ਸਪਸ਼ਟ ਹੈ ਕਿ ਕਲਤ ਦੀ ਇਸ ਸਾਜਿਸ਼ ਦਾ ਨਿਸ਼ਾਨਾ ਸਿੱਖਸ ਫਾਰ ਜਸਟਿਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਸੀ। ਸਿੱਖਸ ਫਾਰ ਜਸਟਿਸ ਇੰਡੀਆ ਵਿਚ ਘੱਟਗਿਣਤੀ ਸਿੱਖ ਕੌਮ ਲਈ ਵੱਖਰੇ ਮੁਲਤ ਖਾਲਿਸਤਾਨ ਦੀ ਅਜ਼ਾਦੀ ਦੀ ਵਕਾਲਤ ਕਰਦਾ ਹੈ। ਨਿਊ ਯਾਰਕ ਦੀ ਅਦਾਲਤ ਵਿਣ ਦਾਖਲ ਇਸਤਗਾਸੇ ਅਨੁਸਾਰ, ਅਮਰੀਕੀ ਅਧਿਕਾਰੀਆਂ ਦੁਆਰਾ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ।
ਅਮਰੀਕੀ ਅਦਾਲਤ ਵਿਚ ਦਾਖਲ ਦੋਸ਼ਾਂ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਨੂੰ “CC-1,” ਜੋ ਕਿ ਇੱਕ “ਸੀਨੀਅਰ ਫੀਲਡ ਅਫਸਰ” ਹੈ ਨੂੰ ਸਾਜਿਸ਼ਕਰਤਾ ਦੱਸਿਆ ਗਿਆ ਹੈ।
Related Topics: Amit Shah, Human Rights Watch, Indian Government, Justin Trudeau, Narendra Modi