ਚੰਡੀਗੜ੍ਹ – ਸੰਤ ਅਤਰ ਸਿੰਘ ਜੀ ਨਾਲ ਸਬੰਧਿਤ ਮੁੱਖ ਅਸਥਾਨ ਮਸਤੂਆਣਾ ਸਾਹਿਬ ਵਿਖੇ ਹੁੰਦੇ ਸਲਾਨਾ ਜੋੜ ਮੇਲੇ ਸਬੰਧੀ ਸੰਗਤ ਅਤੇ ਸਿੱਖ ਜਥਾ ਮਾਲਵਾ ਵਲੋਂ ਵਿਚਾਰ ਗੋਸ਼ਟੀ ਗੁਰਦੁਆਰਾ ਸਾਹਿਬ ਨਾਨਕ ਨਾਮ ਚੜਦੀਕਲਾ, ਧੂਰੀ ਨੇੜਲੇ ਪਿੰਡ ਬੇਨੜੇ ਵਿੱਚ ਕੀਤੀ ਗਈ।
ਇਸ ਵਿਚਾਰ ਗੋਸ਼ਟੀ ਵਿੱਚ ਵੱਖ-ਵੱਖ ਪਿੰਡਾਂ ਅਤੇ ਹਲਕਿਆਂ ਤੋਂ ਨੁਮਾਇੰਦਾ ਨੌਜਵਾਨਾਂ, ਵਿਦਿਆਰਥੀਆਂ, ਬਜ਼ੁਰਗਾਂ ਅਤੇ ਵਿਚਾਰਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਗੋਸ਼ਟੀ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੀ ਸਲਾਨਾ ਬਰਸੀ ਦੇ ਵੇਲੇ ਜੋੜ ਮੇਲੇ ਦੇ ਮਾਹੌਲ ਬਾਰੇ ਰੱਖੀ ਗਈ ਸੀ।
ਜਿਕਰਯੋਗ ਹੈ ਕਿ ਜੋੜ ਮੇਲੇ ਦਾ ਮਹੌਲ ਗੁਰਮਤ ਰਵਾਇਤਾਂ ਤੋਂ ਹੌਲੀ-ਹੌਲੀ ਦੂਰ ਹੁੰਦਾ ਹੋਇਆ ਦੁਨਿਆਵੀ ਮੇਲੇ ਦੀ ਤਰ੍ਹਾਂ ਹੀ ਬਣਦਾ ਜਾ ਰਿਹਾ ਹੈ। ਜੋੜ ਮੇਲੇ ਮੌਕੇ ਲੱਗਦੇ ਬਜ਼ਾਰ, ਸਪੀਕਰ, ਝੂਲੇ ਆਦਿ ਸੰਤ ਅਤਰ ਸਿੰਘ ਜੀ ਦੀ ਭਾਵਨਾ ਮੁਤਾਬਿਕ ਬਿਲਕੁਲ ਨਹੀਂ ਹਨ। ਇਸ ਔਕੜ ਦਾ ਹੱਲ ਕੱਢਣ ਲਈ ਕੀਤੇ ਜਾ ਰਹੇ ਯਤਨਾਂ, ਅਗਾਂਹ ਕਰ ਸਕਣ ਵਾਲੇ ਕਾਰਜਾਂ ਸਬੰਧੀ ਅਤੇ ਮਸਲੇ ਦੀ ਗੰਭੀਰਤਾ ਵਿਚਾਰਨ ਲਈ ਇਸ ਗੋਸ਼ਟੀ ਦਾ ਉਪਰਾਲਾ ਕੀਤਾ ਗਿਆ ਸੀ।
ਇਸ ਮੌਕੇ ਗੋਸ਼ਟੀ ਦੀ ਅਰੰਭਤਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ। ਵਿਚਾਰ ਗੋਸ਼ਟੀ ਦਾ ਵਿਸ਼ਾ ‘ਜੋੜ ਮੇਲੇ: ਵਿਗੜਦਾ ਰੂਪ ਅਤੇ ਰਵਾਇਤ ਅਨੁਸਾਰੀ ਬਹਾਲੀ ਦੇ ਰਾਹ‘ ਤੈਅ ਕੀਤਾ ਗਿਆ ਸੀ।
ਇਸ ਦੌਰਾਨ ਗੋਸ਼ਟ ਦੀ ਭੂਮਿਕਾ ਬੰਨਦੇ ਹੋਏ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਬੈਠ ਕੇ ਵਿਚਾਰਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਸੰਤ ਅਤਰ ਸਿੰਘ ਜੀ ਵੀ ਬਿਨਾਂ ਮਾਈਕ ਤੋਂ ਹੀ ਸੰਗਤ ਨਾਲ਼ ਵਿਚਾਰਾਂ ਕਰਦੇ ਰਹੇ ਸਨ। ਉਹਨਾਂ ਨੇ ਸੱਦਾ ਦਿੱਤਾ ਕਿ ਇਸ ਗੋਸਟਿ ਵਿੱਚ ਵੀ ਪੁਰਾਤਨ ਸਿੰਘਾਂ ਦੀ ਤਰ੍ਹਾਂ ਨਿਜੀ ਵੈਰ ਵਿਰੋਧ ਨੂੰ ਤਿਆਗ ਕੇ ਸੰਤ ਅਤਰ ਸਿੰਘ ਜੀ ਦੀ ਬਰਸੀ ਸਬੰਧੀ ਆਪਣੇ ਕੀਮਤੀ ਵਿਚਾਰ ਪੇਸ਼ ਕਰੀਏ।
ਭਾਈ ਇੰਦਰਪ੍ਰੀਤ ਸਿੰਘ ਜੀ ਨੇ ਬੋਲਦਿਆਂ ਆਖਿਆ ਕਿ ਸੰਤ ਅਤਰ ਸਿੰਘ ਜੀ ਇਕਾਂਤ ਵਿੱਚ ਬੰਦਗੀ ਕਰਿਆ ਕਰਦੇ ਸਨ, ਉਹ ਸ਼ਾਂਤ ਮਹੌਲ ਪਸੰਦ ਕਰਦੇ ਸਨ। ਉਹਨਾਂ ਦੇ ਅਸਥਾਨ ਮਸਤੂਆਣਾ ਸਾਹਿਬ ਦਾ ਮਹੌਲ ਵੀ ਸਾਨੂੰ ਸਭ ਤਰ੍ਹਾਂ ਦੇ ਰੌਲੇ ਰੱਪੇ ਤੋਂ ਰਹਿਤ ਕਰਨਾ ਚਾਹੀਦਾ ਹੈ।
ਮਸਤੂਆਣਾ ਸਾਹਿਬ ਤੋਂ ਵਿਦਿਆਰਥੀ ਭਾਈ ਲਵਪ੍ਰੀਤ ਸਿੰਘ ਨੇ ਸੰਗਤ ਅਤੇ ਪੰਗਤ ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੰਗਰ ਸਿਰਫ ਤਨ ਦੀ ਭੁੱਖ ਹੀ ਦੂਰ ਨਹੀਂ ਕਰਦਾ, ਬਲਕਿ ਹਉਮੈ ਨੂੰ ਵੀ ਮਾਰਦਾ ਹੈ। ਸੰਗਰੂਰ ਤੋਂ ਭਾਈ ਜਸਵਿੰਦਰ ਸਿੰਘ ਨੇ ਜੋੜ ਮੇਲਿਆਂ ਅਤੇ ਮੇਲੇ ਦਾ ਅੰਤਰ ਸਪਸ਼ਟ ਕਰਨ ਲਈ ਕਿਹਾ ਕਿ ਦੁਨਿਆਵੀ ਅਤੇ ਗੁਰੂ ਦੀ ਮਰਿਆਦਾ ਦਾ ਕਾਫੀ ਫਰਕ ਹੈ।
ਸੰਤ ਅਤਰ ਸਿੰਘ ਜੀ ਬਾਰੇ ਕਿਤਾਬ ‘ਰਾਜ ਜੋਗੀ’ ਦੇ ਲੇਖਕ ਭਾਈ ਹਰਪ੍ਰੀਤ ਸਿੰਘ ਲੌਂਗੋਵਾਲ ਨੇ ਜੋੜ ਮੇਲਿਆਂ ਦੇ ਸ਼ੁਰੂ ਹੋਣ ਦੀ ਭਾਵਨਾ ਬਾਰੇ ਦੱਸਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ ਤੋਂ ਭਾਈ ਕਰਮਜੀਤ ਸਿੰਘ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਵਿਖੇ ਝੂਲਿਆਂ ਵਿੱਚ ਰੌਲਾ ਪੈਂਦਾ ਅਤੇ ਬਜ਼ਾਰਾਂ ਵਿੱਚ ਗੁਰਮਤ ਤੋਂ ਉਲਟ ਵਸਤਾਂ ਦੀ ਨੁਮਾਇਸ਼ ਲੱਗਦੀ ਹੈ, ਜੋ ਕਿ ਸਹੀ ਨਹੀ। ਓਹਨਾਂ ਅੱਗੇ ਕਿਹਾ ਕਿ ਇੱਕ ਦਫਾ 1996-97 ਦੇ ਕਰੀਬ ਇਹ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਯਤਨ ਹੋਏ ਸਨ ਜੋ ਕਿ ਸੰਗਤ ਦੀ ਪਹਿਰੇਦਾਰੀ ਨਾ ਹੋਣ ਕਰਕੇ ਇੱਕ ਦੋ ਸਾਲ ਬਾਅਦ ਫਿਰ ਉਵੇਂ ਹੀ ਹੋ ਗਿਆ।
ਭਾਈ ਗੁਰਮੀਤ ਸਿੰਘ (ਗੁਰਦੁਆਰਾ ਸਾਹਿਬ ਸੰਤਪੁਰਾ ਸੰਗਰੂਰ) ਨੇ ਬਜ਼ਾਰ ਨੂੰ ਮਸਤੂਆਣਾ ਸਾਹਿਬ ਤੋਂ ਦੂਰ ਖੇਤਾਂ ਵਿੱਚ ਅਤੇ ਬਿਨਾਂ ਕਿਸੇ ਖਰਚੇ ਤੋਂ ਗਰੀਬ ਦੁਕਾਨਦਾਰਾਂ ਨੂੰ ਦੇਣ ਦੀ ਗੱਲ ਆਖੀ।
ਸਿੱਖ ਪ੍ਰਚਾਰਕ ਭਾਈ ਸਤਪਾਲ ਸਿੰਘ ਜੀ ਭੂਰੇ ਵਾਲਿਆਂ ਨੇ ਕਿਹਾ ਕਿ ਸੰਗਤ ਦਾ ਪਹਿਰਾ ਰਹਿੰਦਿਆਂ ਹੀ ਗੱਲ ਠੀਕ ਰਹਿਣੀ ਹੈ। ਜੇਕਰ ਪਹਿਰਾ ਨਾ ਰਿਹਾ ਤਾਂ ਜੋੜ ਮੇਲਿਆਂ ਉਪਰ ਅਖਾੜੇ ਲੱਗਣੇ ਸ਼ੁਰੂ ਹੋ ਜਾਣੇ ਹਨ। ਪ੍ਰਬੰਧਕਾਂ ਦੀ ਕੋਸ਼ਿਸ ਸੰਗਤ ਨੂੰ ਜੋੜਨ ਦੀ ਹੋਣੀ ਚਾਹੀਦੀ ਹੈ। ਜੇਕਰ ਮਹੌਲ ਸਹੀ ਨਹੀਂ ਤਾਂ ਸੰਗਤ ਟੁੱਟਣ ਲੱਗਦੀ ਹੈ। ਅਖੀਰ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੋਣ ‘ਤੇ ਇਸ ਗੋਸ਼ਟੀ ਦੀ ਸਮਾਪਤੀ ਹੋਈ।
ਸਿੱਖ ਜਥਾ ਮਾਲਵਾ ਵਲੋਂ ਪਰਚਾ ‘ਖਾਲਸੇ ਦੇ ਜੋੜ ਮੇਲੇ’ ਵੀ ਜਾਰੀ ਕੀਤਾ ਗਿਆ ਅਤੇ ਸੰਗਤ ਵਿੱਚ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਨਪਰੀਤ ਸਿੰਘ, ਭਾਈ ਬਲਕਾਰ ਸਿੰਘ, ਸ: ਹਰਮਨਦੀਪ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਸਤਪਾਲ ਸਿੰਘ, ਮਾਸਟਰ ਅਮਰਜੀਤ ਸਿੰਘ, ਸ: ਨਪਿੰਦਰ ਸਿੰਘ, ਸ: ਸਿੰਘ, ਭਾਈ ਰਣਜੀਤ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਗੁਰਸਿਮਰਨ ਸਿੰਘ ਹਾਜ਼ਰ ਸਨ।