June 10, 2023 | By ਸਿੱਖ ਸਿਆਸਤ ਬਿਊਰੋ
ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ-ਸੰਭਾਲ ਵਿਚ ਗੁਰਮਤੇ ਅਤੇ ਪੰਚ ਪ੍ਰਧਾਨੀ ਦੀ ਬਹਾਲੀ ਜਰੂਰੀ: ਭਾਈ ਦਲਜੀਤ ਸਿੰਘ
ਬਠਿੰਡਾ ( ): ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕੀਤੇ ਜਾ ਰਹੇ ਤਾਲਮੇਲ ਤਹਿਤ ਬੀਤੇ ਦਿਨੀਂ (8 ਜੂਨ ਨੂੰ) ਪਿੰਡ ਢਪਾਲੀ (ਜਿਲ੍ਹਾ ਬਠਿੰਡਾ) ਵਿਖੇ ਸਥਾਨਕ ਜਥਿਆਂ ਤੇ ਸਰਗਰਮ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਤਾਲਮੇਲ ਦਾ ਇਹ ਸਿਲਸਿਲਾ ਬੀਤੇ ਵਰ੍ਹੇ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਸਿੱਖ ਸਫਾ ਵਿਚ ਅੰਦਰੂਨੀ ਸੰਵਾਦ ਦੇ ਸ਼ੁਰੂ ਕੀਤੇ ਸਿਲਸਿਲੇ ਤਹਿਤ ਕੀਤਾ ਜਾ ਰਿਹਾ ਹੈ।
ਇਸ ਇਕੱਤਰਤਾ ਵਿਚ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦਾ ਸਮਾਂ ਬਹੁਤ ਅਹਿਮ ਹੈ। ਇਸ ਸਮੇਂ ਪਹਿਲਾਂ ਤੋਂ ਚੱਲੇ ਆ ਰਹੇ ਢਾਂਚੇ ਢਹਿ ਰਹੇ ਹਨ ਤੇ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਅਜਿਹੇ ਸਮੇਂ ਸਿੱਖਾਂ ਲਈ ਚੁਣੌਤੀਆਂ ਅਤੇ ਸੰਭਾਵਨਾਵਾਂ ਦੋਵੇਂ ਹੀ ਮੌਜੂਦ ਹਨ।
ਉਹਨਾ ਕਿਹਾ ਦਿੱਲੀ ਦਰਬਾਰ ਸਿੱਖਾਂ ਨੂੰ ਸਟੇਟ ਦੇ ਢਾਂਚਿਆਂ ਤੇ ਸੰਸਥਾਵਾਂ ਵਿਚ ਹੀ ਉਲਝਾਈ ਰੱਖਣਾ ਚਾਹੁੰਦਾ ਹੈ ਜਦਕਿ ਅੱਜ ਦੇ ਸਮੇਂ ਸਿੱਖਾਂ ਨੂੰ ਆਪਣੀਆਂ ਖਾਲਸਾਈ ਸੰਸਥਾਵਾਂ ਸੁਰਜੀਤ ਅਤੇ ਮਜਬੂਤ ਕਰਨ ਦੀ ਲੋੜ ਹੈ। ਸਿੱਖਾਂ ਸਾਹਮਣੇ ਇਸ ਵੱਲੇ ਵੱਡੀ ਚੁਣੌਤੀ ਅੰਦਰੂਨੀ ਖਿੰਡਾਓ ਦੀ ਹੈ। ਇਸ ਖਿੰਡਾਓ ਨੂੰ ਦੂਰ ਕਰਨ ਵਾਸਤੇ ਆਪਸ ਵਿਚ ਤਾਲਮੇਲ ਤੇ ਸੰਵਾਦ ਰਚਾਉਣ ਦੀ ਸਖਤ ਲੋੜ ਹੈ ਤਾਂ ਕਿ ਵੱਖ-ਵੱਖ ਹਿੱਸੇ ਆਪਸ ਵਿਚ ਭਰੋਸੇਯੋਗਤਾ ਪੈਦਾ ਕਰ ਸਕਣ ਤੇ ਆਪਣੇ-ਆਪਣੇ ਕਾਰਜ ਪਛਾਣ ਸਕਣ।
ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਿ ਆਸ਼ੇ ਅਤੇ ਪੰਥਕ ਪਰੰਪਰਾ ਅਨੁਸਾਰ ਕਰਨ ਦੀ ਸਖਤ ਜਰੂਰਤ ਹੈ। ਇਸ ਵਾਸਤੇ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਸ੍ਰੀ ਅਕਾਤ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਗੁਰਮਤੇ ਅਤੇ ਪੰਚ ਪ੍ਰਧਾਨੀ ਅਗਵਾਈ ਦੀ ਮੁੜ-ਬਹਾਲੀ ਬਾਰੇ ਸਾਂਝਾ ਫੈਸਲਾ ਲੈਣ ਦਾ ਯਤਨ ਕੀਤਾ ਜਾਵੇਗਾ।
ਇਸ ਇਕੱਤਰਤਾ ਵਿਚ ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਰਾਮ ਸਿੰਘ ਢਪਾਲੀ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਭਾਈ ਹਰਦੀਪ ਸਿੰਘ ਮਹਿਰਾਜ ਨੇ ਸਥਾਨਕ ਜਥਿਆਂ ਤੇ ਸਖਸ਼ੀਅਤਾਂ ਨੂੰ 28 ਜੂਨ ਨੂੰ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।
Related Topics: Miri Piri Divas, Panth Sewak