January 25, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬੰਗਲਾਦੇਸ਼ ਵਿਖੇ ਸਥਿਤ ਸਿੱਖ ਇਤਿਹਾਸਕ ਗੁਰਦੁਆਰਿਆਂ ਦੀ ਮੁਰੰਮਤ ਅਤੇ ਸੁੰਦਰੀਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਬੀਤੇ ਹਫਤੇ ਸ੍ਰੀ ਪਟਨਾ ਸਾਹਿਬ ਵਿਖੇ ਹੋਈ ਇੱਕ ਮਹੱਤਵਪੂਰਨ ਮੀਟਿੰਗ ਵਿਚ ਪ੍ਰਬੰਧਕਾਂ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਬੰਗਲਾਦੇਸ਼ ਵਿਖੇ ਸਿੱਖ ਸੇਵਾਦਾਰ ਭੇਜੇ ਜਾਣਗੇ ਜੋ ਉਥੋਂ ਦੇ ਗੁਰਦੁਆਰਿਆਂ ਦੇ ਹਾਲਾਤਾਂ ਬਾਰੇ ਅਧਿਐਨ ਕਰਕੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ-ਸੰਭਾਲ ਲਈ ਸੁਚੱਜੇ ਪ੍ਰਬੰਧ ਦੀ ਯੋਜਨਾ ਬਣਾਉਣਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹੇਂਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ “ਸਾਨੂੰ ਇਹ ਪਤਾ ਲੱਗਿਆ ਹੈ ਕਿ ਬੰਗਲਾਦੇਸ਼ ਸਥਿਤ ਗੁਰਦੁਆਰਾ ਸਾਹਿਬਾਨਾਂ ਨੂੰ ਸੇਵਾ-ਸੰਭਾਲ ਦੀ ਲੋੜ ਹੈ।ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਖੇ ਖੋਜੀ ਅਤੇ ਪ੍ਰੋਫੈਸਰ ਡਾ.ਪਰਮਵੀਰ ਸਿੰਘ ਨੂੰ ਗੁਰਦੁਅਰਾ ਪ੍ਰਬੰਧਕ ਕਮੇਟੀ ਵਲੋਂ ਇਹ ਜਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਬੰਗਲਾਦੇਸ਼ ਸਥਿਤ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਹਾਲਾਤਾਂ ਦਾ ਮੁਆਇਨਾ ਕਰਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਸਨ।
ਉਹਨਾਂ ਕਿਹਾ ਕਿ ” ਡਾ ਪਰਮਵੀਰ ਸਿੰਘ ਜੀ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸੇਵਾ ਸੰਭਾਲ ਦੀ ਵਿੳਂਤ ਲਈ ਲੇਖਾ ਜਮ੍ਹਾ ਕਰਵਾਉਣਗੇ। 1960 ਤੀਕ ਬੰਗਲਾਦੇਸ਼ ਵਿਚ ਕੁਲ 18 ਗੁਰਦੁਆਰਾ ਸਾਹਿਬਾਨ ਸਨ। 1971 ਤੋਂ ਬਾਅਦ ਸਿਰਫ ਪੰਜ ਬਚੇ, ਜਿਨ੍ਹਾਂ ਵਿਚੋਂ 2 ਢਾਕਾ ਵਿਚ, ਦੋ ਚਿੱਟਾਗੋਂਗ ਵਿਚ, ਅਤੇ 1 ਮਿਮਨਸਿੰਘ ਵਿਚ ਢਾਕਾ ਤੋਂ 120 ਕਿਲੋਮੀਟਰ ਦੂਰ ਹੈ।
ਮਹੇਂਦਰਪਾਲ ਸਿੰਘ ਜੀ ਨੇ ਦੱਸਿਆ ਕਿ ” ਇਹ ਸਬੂਤ ਮੌਜੂਦ ਹਨ ਕਿ 1971 ਦੀ ਲੜਾਈ ਦੌਰਾਨ ਘੱਟੋ-ਘੱਟ ਨੌਂ ਗੁਰਦੁਆਰੇ ਨੁਕਸਾਨੇ ਗਏ ਸਨ। ਸਥਾਨਕ ਕਮੇਟੀ ਵਲੋਂ ਇਸਦੀ ਸੇਵਾ ਸੰਭਾਲ ਲਈ ਕੋਈ ਕਾਰਜ ਨਹੀਂ ਕੀਤਾ ਗਿਆ।
ਉਹਨਾਂ ਇਹ ਦਾਅਵਾ ਕੀਤਾ ਕਿ “ਢਾਕਾ ਯੁਨੀਵਰਸਿਟੀ ਗੁਰਦੁਆਰਾ ਸਾਹਿਬ ਦੀ ਜਮੀਨ ਉੱਤੇ ਉਸਾਰੀ ਗਈ ਹੈ “ਜਿਸ ਗੁਰਦੁਆਰਾ ਸਾਹਿਬ ਨੂੰ ਢਹਿਢੇਰੀ ਕੀਤਾ ਗਿਆ ਉਸ ਵਿਚ ਬਹੁਤ ਸਾਰੀ ਥਾਂ ਸੀ। ਸਾਨੂੰ ਇਸ ਸੰਬੰਧੀ ਦਸਤਾਵੇਜ਼ ਖੋਜਣ ਦੀ ਲੋੜ ਹੈ ਤਾਂ ਜੋ ਜਮੀਨ ਵਾਪਸ ਹਾਸਲ ਕੀਤੀ ਜਾ ਸਕੀ।”
“ਸਰਕਾਰ ਨੇ ਯੁਨੀਵਰਸਿਟੀ ਲਈ ਕਬਜੇ ‘ਚ ਕੀਤੀ ਗਈ ਥਾਂ ਦਾ ਕੋਈ ਵੀ ਹਰਜਾਨਾ ਨਹੀਂ ਦਿੱਤਾ ਗਿਆ ਅਸੀਂ ਇਸ ਮਸਲੇ ਤੇ ਵੀ ਕਾਰਜ ਕਰਾਂਗੇ।”
ਜਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਕਈਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਨਵੀਨੀਕਰਨ ਅਤੇ ਸੇਵਾ ਸੰਭਾਲ ਦੇ ਨਾਂ ਤੇ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਨੂੰ ਢਾਹ ਢੇਰੀ ਕੀਤਾ ਜਾ ਚੁੱਕਿਆ। ਪੰਥ ਅੰਦਰ ਇਸ ਰੁਝਾਨ ਨੂੰ ਲੈ ਕੇ ਬਹੁਤ ਰੋਸ ਵੇਖਿਆ ਜਾ ਰਿਹਾ ਹੈ, ਜਿੱਥੋਂ ਤੱਕ ਵੀ ਹੋ ਸਕੇ ਪੁਰਾਤਨ ਇਤਿਹਾਸਕ ਮਹੱਤਵ ਵਾਲੀਆਂ ਇਮਾਰਤਾਂ ਨੂੰ ਜਿੳਂ-ਤਿੳਂ ਰੱਖਿਆ ਜਾਣਾ ਚਾਹੀਦਾ ਹੈ।
Related Topics: Paramveer Singh Punjabi University, Sikh Shrines in Bangladesh, Takhat Sri Patna Sahib, Takhat Sri Patna Sahib Gurdwara commettee