February 21, 2018 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸੀਬੀਆਈ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਦੱਸਿਆ ਕਿ ਦਿੱਲੀ ਪੁਲੀਸ ਨੇ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਬਾਰੇ ਗਵਾਹ ਦੇ ਬਿਆਨ ਸਹੀ ਢੰਗ ਦੇ ਨਾਲ ਦਰਜ ਨਹੀ ਕੀਤੇ।
ਸੀਬੀਆਈ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁੱਖ ਗਵਾਹ ਸ਼ੀਲਾ ਕੌਰ ਦਾ ਪੁਲੀਸ ਅਧਿਕਾਰੀਆਂ ਵੱਲੋਂ 1985 ਵਿੱਚ ਦਰਜ ਕੀਤਾ ਗਿਆ ਬਿਆਨ ਜਾਅਲੀ ਸੀ ਤੇ ਪੁਲੀਸ ਨੇ ਖ਼ੁਦ ਹੀ ਤਿਆਰ ਕੀਤਾ ਸੀ।
ਸੀਬੀਆਈ ਨੇ ਇਹ ਪ੍ਰਗਟਾਵਾ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਹੋਏ ਸਿੱਖ ਕਤਲੇਆਮ ਦੇ ਸਬੰਧ ਵਿੱਚ ਕੀਤਾ ਹੈ, ਜਿੱਥੇ ਸੱਜਣ ਕੁਮਾਰ ਦੋ ਹੋਰ ਵਿਅਕਤੀਆ ਦੇ ਨਾਲ ਮੁਲਜ਼ਿਮ ਹੈ। ਇਸ ਕੇਸ ਦੀ ਸੁਣਵਾਈ ਦੀ ਵੀਡੀਓ ਰਿਕਾਡਿੰਗ ਕੀਤੀ ਜਾ ਰਹੀ ਹੈ ਤੇ ਕੇਸ ਦੀ ਸੁਣਵਾਈ ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਦੀ ਅਦਾਲਤ ਵਿੱਚ ਚੱਲ ਰਹੀ ਹੈ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 6 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ।
ਇਸ ਕੇਸ ਵਿੱਚ ਵਿਰੋਧੀ ਧਿਰ ਦੀ ਤਰਫੋਂ ਪੇਸ਼ ਹੋਏ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਕਿਹਾ ਕਿ ਸੀਬੀਆਈ ਦਾ ਬਿਆਨ ਉਦੋਂ ਆਇਆ ਹੈ ਜਦੋਂ ਸੱਜਣ ਕੁਮਾਰ ਦਾ ਵਕੀਲ, ਗਵਾਹ ਸ਼ੀਲਾ ਕੌਰ ਦੇ ਨਾਲ ਜ਼ਿਰਹਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੀਬੀਆਈ ਵਿਵਾਦ ਪੈਦਾ ਕਰਨਾ ਚਾਹੁੰਦੀ ਹੈ ਜਦੋਂ ਕਿ ਇਹ ਬਿਆਨ ਸੀਆਰਪੀਸੀ ਦੀ ਧਾਰਾ 161 ਦੇ ਤਹਿਤ ਦਰਜ ਕੀਤੇ ਗਏ ਹਨ। ਅਦਾਲਤੀ ਕਾਰਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਕਿ ਸ਼ੀਲਾ ਕੌਰ ਨੇ ਸੱਜਣ ਕੁਮਾਰ ਦਾ ਨਾਂ ਨਹੀ ਲਿਆ। ਦੂਜੇ ਪਾਸੇ ਸ੍ਰੀ ਫੂਲਕਾ ਦਾ ਕਹਿਣਾ ਹੈ ਸ਼ੀਲਾ ਕੌਰ ਨੇ ਹਮੇਸ਼ਾਂ ਸੱਜਣ ਕੁਮਾਰ ਦਾ ਨਾਂ ਲਿਆ ਹੈ।
Related Topics: CBI, CBI Court, Delhi, Sajjan Kumar, sheela Kaur, ਸਿੱਖ ਨਸਲਕੁਸ਼ੀ 1984 (Sikh Genocide 1984)