November 5, 2014 | By ਸਿੱਖ ਸਿਆਸਤ ਬਿਊਰੋ
ਲੰਡਨ (4 ਨਵੰਬਰ, 2014): ਇੰਗਲੈਂਡ ਵਿੱਚ ਜਨਵਰੀ 2015 ਵਿੱਚ ਆਮ ਚੋਣਾਂ ਹੋ ਰਹੀਆਂ ਹਨ ਅਤੇ ਸਿੱਖ ਹਿੱਤਾਂ ਲਈ ਕੰਮ ਕਰ ਰਹੀ ਸਿੱਖ ਜੱਥੇਬੰਦੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਿੱਖਾਂ ਹਿੱਤਾਂ ਦੀ ਪੈਰਵੀ ਕਰਨ ਲਈ ਇਨ੍ਹਾਂ ਚੋਣਾਂ ਲਈ “ਸਿੱਖ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਅਤੇ ਸਿੱਖ ਆਉਜ਼ ਵਾਲੀਆਂ ਇਨ੍ਹਾਂ ਚੋਣਾਂ ਵਿੱਚ ਸਿਰਫ ਉਸ ਹੀ ਪਾਰਟੀ ਦੀ ਮੱਦਦ ਕਰਨਗੇ ਜੋ ਇਸ ਨੂੰ ਲਾਗੂ ਕਰਨ ਦਾ ਵਿਸ਼ਵਾਸ਼ ਦੁਆਵੇਗੀ।
ਜੱਥੇਬੰਦੀ ਵੱਲੋਂ ਮੈਨੀਫੈਸਟੋ ਨੂੰ ਲੈਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਅੱਜ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਅਗਾਮੀ ਚੋਣਾਂ ਨੂੰ ਲੈ ਕੇ ਸਿੱਖ ਮੁਸ਼ਕਿਲਾਂ ਅਤੇ ਸਿੱਖ ਮੰਗਾਂ ਦੇ ਆਧਾਰ ‘ਤੇ ਤਿਆਰ ਕੀਤੇ ਜਾ ਰਹੇ ਚੋਣ ਮੈਨੀਫੈਸਟੋ ਸਬੰਧੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਭਾਈਚਾਰਿਆਂ ਸਬੰਧੀ ਮੰਤਰੀ ਲਾਰਡ ਤਾਰਿਕ ਅਹਿਮਦ ਨਾਲ ਕੱਲ੍ਹ ਲੰਡਨ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਇਸ ਮੌਕੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਜਨਰਲ ਸਕੱਤਰ ਨਰਿੰਦਰਜੀਤ ਸਿੰਘ ਥਾਂਦੀ, ਸਲਾਹਕਾਰ ਭਾਈ ਦਬਿੰਦਰਜੀਤ ਸਿੰਘ ਸਿੱਧੂ ਅਤੇ ਸੁਖਵਿੰਦਰ ਸਿੰਘ ਹਾਜ਼ਰ ਹੋਏ। ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਪ੍ਰੈਸ ਦੇ ਨਾਂਅ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਜਨਵਰੀ 2015 ਵਿਚ ਰਿਲੀਜ਼ ਕੀਤੇ ਜਾਣ ਵਾਲੇ ਸਿੱਖ ਮੈਨੀਫੈਸਟੋ ਸਬੰਧੀ ਲਾਰਡ ਅਹਿਮਦ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹਰ ਪੱਖੋਂ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਲਾਰਡ ਅਹਿਮਦ ਖੁਦ ਪਾਕਿਸਤਾਨੀ ਮੂਲ ਦੇ ਪੰਜਾਬੀ ਹਨ ਅਤੇ ਉਹ ਸਿੱਖ ਧਰਮ ਅਤੇ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
Related Topics: Sikh Federation UK, Sikh Manifesto, Sikhs In UK