January 25, 2015 | By ਸਿੱਖ ਸਿਆਸਤ ਬਿਊਰੋ
ਬਠਿੰਡਾ (24 ਜਨਵਰੀ, 2015): ਜਦੋਂ ਤੋਂ ਕੇਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਭਾਰਤ ਵਿੱਚ ਰਹਿੰਦੀਆਂ ਘੱਟ ਗਿਣਤੀਆਂ ਦਾ ਜਿਉਣਾ ਦੁੱਬਰ ਹੋਇਆ ਪਿਆ ਹੈ।ਘੱਟ ਗਿਣਤੀ ਨਾਲ ਸਬੰਧਿਤ ਚਾਹੇ ਮੁਸਲਮਾਨ ਹੋਣ, ਚਾਹੇ ਇਸਾਈ ਜਾਂ ਫਿਰ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ, ਇਨ੍ਹਾਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਇਹ ਲੋਕ ਮੌਤ ਅਤੇ ਭੈਅ ਦੇ ਸਾਏ ਹੇਠ ਜੀਅ ਰਹੇ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ, ਦੇ ਜ਼ਿਲ੍ਹਾ ਭੁੱਜ ਦੇ ਪਿੰਡ ਲੋਰੀਆ ਵਿੱਚ ਹਾਕਮ ਧਿਰ ਨਾਲ ਸਬੰਧਤ ਲੋਕਾਂ ਨੇ ਪੰਜਾਬ ਦੇ ਕਿਸਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਵਿੱਚ ਕਿਸਾਨ ਜਗਜੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਦਰਜਨ ਦੇ ਕਰੀਬ ਕਿਸਾਨਾਂ ਨੇ ਮੁਸ਼ਕਿਲ ਨਾਲ ਜਾਨ ਬਚਾਈ। ਹਮਲਾਵਰਾਂ ਨੇ ਕਿਸਾਨਾਂ ਦੀਆਂ ਦੋ ਗੱਡੀਆਂ ਭੰਨ ਦਿੱਤੀਆਂ।
ਬਠਿੰਡਾ ਦੇ ਪਿੰਡ ਪਿਥੋ ਦੇ ਕਿਸਾਨ ਭਰਾ ਜਸਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਹੋਰ ਕਿਸਾਨਾਂ ਨਾਲ ਅੱਜ ਗੁਜਰਾਤ ਦੇ ਲੋਰੀਆ ‘ਚ ਜ਼ਮੀਨ ਦੀ ਪੈਮਾਇਸ਼ ਕਰਾ ਰਹੇ ਸਨ। ਕਿਸਾਨ ਭਰਾਵਾਂ ਨੇ ਦੱਸਿਆ ਕਿ ਗੁਜਰਾਤ ਸਰਕਾਰ ਵੱਲੋਂ ਕੱਛ ਖੇਤਰ ਵਿੱਚ ਜ਼ਮੀਨ ਦੀ ਪੈਮਾਇਸ਼ ਕੀਤੀ ਜਾ ਰਹੀ ਹੈ ਤਾਂ ਜੋ ਜ਼ਮੀਨੀ ਨਕਸ਼ੇ ਕੰਪਿਊਟਰ ‘ਤੇ ਪਾਏ ਜਾ ਸਕਣ। ਇਸੇ ਤਹਿਤ ਉਹ ਉਥੇ ਗਏ।
ਉਨ੍ਹਾਂ ਨੇ 60 ਏਕੜ ਜ਼ਮੀਨ ਦੀ ਪੈਮਾਇਸ਼ ਕਰਾਈ ਤੇ ਜਦੋਂ ਖੇਤਾਂ ‘ਚੋਂ ਵਾਪਸ ਜਾਣ ਲੱਗੇ ਤਾਂ ਭਾਜਪਾ ਆਗੂ ਤੇ ਸਾਬਕਾ ਸਰਪੰਚ ਦੀ ਅਗਵਾਈ ਵਿੱਚ ਦਰਜਨਾਂ ਜਣਿਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।
ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਸ ਦੀ ਗੱਡੀ ਦੇ ਪਿਛਲੇ ਸ਼ੀਸ਼ੇ ਚਕਨਾਚੂਰ ਹੋ ਗਏ, ਜਦੋਂਕਿ ਇੱਕ ਮਾਰੂਤੀ ਕਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਗਏ। ਕੋਟਕਪੂਰਾ ਦੇ ਵਸਨੀਕ ਅਮਨਦੀਪ ਸਿੰਘ ਨੇ ਦੱਸਿਆ ਕਿ ਭੁੱਜ ਪੁਲੀਸ ਨੂੰ ਲਿਖਤੀ ਦਰਖ਼ਾਸਤ ਦੇਣ ਦੇ ਬਾਵਜੂਦ ਸੁਰੱਖਿਆ ਨਹੀਂ ਦਿੱਤੀ ਗਈ। ਪਿੰਡ ਕਾਉਣੀ ਦੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਗੁਜਰਾਤ ਸਰਕਾਰ ਵੱਲੋਂ ਜ਼ਮੀਨਾਂ ਦੇ ਕੰਪਿਊਟੀਕਰਨ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ ਕੰਮ ਦਿੱਤਾ ਹੋਇਆ ਹੈ। ਅੱਜ ਇਸ ਪ੍ਰਾਈਵੇਟ ਕੰਪਨੀ ਦੇ ਦੋ ਮੁਲਾਜ਼ਮ ਆਨੰਦ ਅਤੇ ਜੀਤਾ ਰਾਮ ਪੰਜਾਬੀ ਕਿਸਾਨਾਂ ਦੀ ਜ਼ਮੀਨ ਦੀ ਪੈਮਾਇਸ਼ ਕਰ ਰਹੇ ਸਨ। ਉਹ ਵੀ ਹਮਲਾਵਰਾਂ ਤੋਂ ਮੁਸ਼ਕਿਲ ਨਾਲ ਬਚੇ।
Related Topics: BJP, Minorities in India, Sikh in Gujrat