May 30, 2016 | By ਸਿੱਖ ਸਿਆਸਤ ਬਿਊਰੋ
ਲੰਡਨ/ ਲੁਧਿਆਣਾ: ਯੂ.ਕੇ. ਆਧਾਰਿਤ ਸਿੱਖ ਐਜੂਕੇਸ਼ਨ ਅਤੇ ਰਿਸਰਚ ਜਥੇਬੰਦੀ ਦੀ ਸਿੱਖ ਐਜੂਕੇਸ਼ਨ ਕੌਂਸਲ ਨੇ ਨਵਾਂ ਅਕਾਦਮਿਕ ਪਰਚਾ ‘ਇੰਟਰਨੈਸ਼ਨਲ ਜਰਨਲ ਆਫ ਸਿੱਖ ਸਟੱਡੀਜ਼’ ਪ੍ਰਕਾਸ਼ਿਤ ਕੀਤਾ। ਇਹ ਕੌਮਾਂਤਰੀ ਪਰਚਾ ਸਿੱਖ ਧਰਮ ’ਤੇ ਵਿਚਾਰ ਅਤੇ ਖੋਜ ’ਤੇ ਆਧਾਤਿ ਹੋਏਗਾ। ਇਹ ਪਰਚਾ ਲੰਡਨ, ਯੂ.ਕੇ. ਤੋਂ ਸਾਲਾਨਾ ਛਪਿਆ ਕਰੇਗਾ, ਇਸਦਾ ਮਕਸਦ ਉਨ੍ਹਾਂ ਆਰਟੀਕਲਜ਼ ਨੂੰ ਪ੍ਰਕਾਸ਼ਿਤ ਕਰਨਾ ਹੋਵੇਗਾ ਜੋ ਕਿ ਅਕਾਦਮਿਕ ਤੌਰ ’ਤੇ ਮਹੱਤਵਪੂਰਨ ਹੋਣ।
ਇਹ ਪਰਚਾ ਸਾਂਝੇ ਤੌਰ ’ਤੇ ਸਿੱਖ ਆਗੂ ਭਾਈ ਦਲਜੀਤ ਸਿੰਘ, ਲੇਖਕ ਅਤੇ ਇਤਿਹਾਸਕਾਰ ਸ. ਅਜਮੇਰ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸੀਨੀਅਰ ਪੱਤਰਕਾਰ ਅਤੇ ਲੇਖਕ ਸ. ਜਸਪਾਲ ਸਿੰਘ ਸਿੱਧੂ ਵਲੋਂ ਲੁਧਿਆਣਾ ਵਿਖੇ ਹੋਏ ਇਕ ਸਮਾਗਮ ਵਿਚ 22 ਮਈ ਨੂੰ ਜਾਰੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਦੇ ਅਕਾਦਮਿਕ ਖੇਤਰ ਵਲੋਂ ਇਸ ਕੌਮਾਂਤਰੀ ਪਰਚੇ ਦਾ ਸਵਾਗਤ ਕਰਨਾ ਬਣਦਾ ਹੈ।
ਇੰਟਰਨੈਸ਼ਨਲ ਜਰਨਲ ਆਫ ਸਿੱਖ ਸਟੱਡੀਜ਼ ਦੇ ਮੁੱਖ ਸੰਪਾਦਕ ਡਾ. ਪਰਗਟ ਸਿੰਘ ਨੇ ਕਿਹਾ, “ਇਹ ਕਈ ਵਿਅਕਤੀਆਂ ਦੇ ਸਾਲਾਂ ਬੱਧੀ ਮਿਹਨਤ ਦਾ ਫਲ ਹੈ”।
ਉਨ੍ਹਾਂ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਸਾਥੀਆਂ ਨੇ ਮੈਨੂੰ ਇਸ ਪਰਚੇ ਦਾ ਮੁੱਖ ਸੰਪਾਦਕ ਚੁਣਿਆ, ਅਤੇ ਮੈਨੂੰ ਯਕੀਨ ਹੈ ਇਹ ਪਰਚਾ ਜਲਦ ਹੀ ਉੱਚ ਪੱਧਰ ਦੀਆਂ ਸਿੱਖ ਖੋਜਾਂ ਨੂੰ ਪ੍ਰਕਾਸ਼ਿਤ ਕਰਕੇ ਮਸ਼ਹੂਰ ਹੋ ਜਾਏਗਾ”।
Related Topics: Bhai Daljit Singh Bittu, International Journal of Sikh Studies, Sikh Diaspora, Sikh Education Council, Sikh Intellectuals, Sikh Scholars