August 23, 2016 | By ਸਿੱਖ ਸਿਆਸਤ ਬਿਊਰੋ
ਨਿਊਜ਼ੀਲੈਂਡ: ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਦੇ ਪ੍ਰਚਾਰ ਹੋਰਡਿੰਗ ‘ਤੇ ਕਿਸੇ ਨੇ ਕਾਲੇ ਰੰਗ ਨਾਲ ‘ਆਈ.ਐਸ.ਆਈ. ਐਸ.’ ਦਾ ਨਾਂਅ ਲਿਖ ਦਿੱਤਾ। ਯੋਗਰਾਜ ਸਿੰਘ ਮਾਹਿਲ ਪਹਿਲੇ ਸਿੱਖ ਹਨ ਜੋ ਹੈਮਿਲਟਨ ਕੌਂਸਲ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਇਕ ਹੋਰ ਉਮੀਦਵਾਰ ਅੱਨਾ ਕਸੇਈ-ਕੌਕਸ ਨਾਲ ਬਿਲਬੋਰਡ ‘ਤੇ ਤਸਵੀਰ ਲੱਗੀ ਹੋਈ ਸੀ। ਇਹ ਦੋਵੇਂ ਸ਼ਹਿਰ ਦੇ ਪੂਰਬੀ ਵਾਰਡ ਤੋਂ ਪਹਿਲੀ ਵਾਰ ਉਮੀਦਵਾਰ ਬਣੇ ਹਨ। ਮਾਹਿਲ ਨੇ ਦੱਸਿਆ ਚੋਣ ਮੁਹਿੰਮ ਵਧੀਆ ਚੱਲ ਰਹੀ ਸੀ ਤੇ ਇਸ ਦੌਰਾਨ ਹਿਲਕ੍ਰੇਸਟ ‘ਚ ਉਸ ਦੇ ਬੋਰਡ ‘ਤੇ ਕਿਸੇ ਨੇ ਆਈ.ਐਸ.ਆਈ.ਐਸ. ਸ਼ਬਦ ਲਿਖ ਦਿੱਤੇ।
ਉਨ੍ਹਾਂ ਨਫ਼ਰਤ ਫੈਲਾਉਣ ਵਾਲੇ ਤੇ ਵੱਖਰੇਂਵਾ ਪੈਦਾ ਕਰਨ ਵਾਲੇ ਲੋਕਾਂ ਬਾਰੇ ਕਿਹਾ ਕਿ ਇਹ ਹੱਤਕ ਨਾਲੋਂ ਕਿਤੇ ਵੱਧ ਦੁਖਦਾਈ ਹੈ ਕਿਉਂਕਿ ਲੋਕਾਂ ਦੀ ਕਿਸੇ ਵਿਅਕਤੀ ਬਾਰੇ ਰਾਏ ਬਦਲ ਜਾਂਦੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਪਗੜੀਧਾਰੀ ਹੋਣ ਕਰਕੇ ਇਹ ਸ਼ੰਕਾ ਪੈਦਾ ਹੋਈ ਹੋ ਸਕਦੀ ਹੈ ਕਿਉਂਕਿ ਇਥੋਂ ਦੇ ਲੋਕ ਸਮਝਦੇ ਹਨ ਕਿ ਕੇਵਲ ਮੁਸਲਮਾਨ ਹੀ ਪੱਗ ਬੰਨ੍ਹਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਇਸ ਨੂੰ ਬੱਚਿਆਂ ਵੱਲੋਂ ਕੀਤੇ ਜਾਣ ਦੀ ਸ਼ੱਕ ਜ਼ਾਹਰ ਕੀਤੀ ਹੈ। ਮਿਸ ਕੌਕਸ ਨੇ ਇਸ ਨੂੰ ਮੰਦਭਾਗੀ ਤੇ ਬਿਮਾਰ ਮਾਨਸਿਕਤਾ ਦੀ ਕਾਰਵਾਈ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਬੋਰਡ ਨੂੰ ਉਤਾਰਕੇ ਇਤਰਾਜ਼ਯੋਗ ਸ਼ਬਦ ਸਾਫ ਕਰਵਾ ਦਿੱਤੇ ਹਨ।
Related Topics: Sikh News New Zealand, Sikhs in New zealand, Yugraj Singh Mahil